ਸੁਨਾਮ, 13 ਅਪ੍ਰੈਲ (ਪੰਜਾਬੀ ਸਹਿਜ ਟਾਈਮਜ਼) : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਵ ਦਸਤਾਰ ਦਿਵਸ ਮੌਕੇ 'ਸਾਡਾ ਖੁਆਬ ਪੱਗਾਂ ਵਾਲਾ ਪੰਜਾਬ' ਸਲੋਗਨ ਤਹਿਤ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਤੋਂ ਇੱਕ ਵਿਸ਼ਾਲ ਦਸਤਾਰ ਚੇਤਨਾ ਮਾਰਚ ਅਕਾਲ ਕੌਂਸਲ ਗੁਰੂਸਾਗਰ ਮਸਤੂਆਣਾ ਸਾਹਿਬ ਅਤੇ ਸਰਦਾਰੀਆਂ ਟਰੱਸਟ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਚੇਤਨਾ ਮਾਰਚ ਵਿੱਚ ਇਲਾਕੇ ਦੇ ਸਕੂਲਾਂ , ਕਾਲਜਾਂ ਅਤੇ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਸੁੰਦਰ ਦਸਤਾਰਾਂ ਸਜਾਕੇ ਅਤੇ ਹੱਥਾਂ ਚ ਦਸਤਾਰ ਸਲੋਗਨ ਫੜਕੇ ਖਾਲਸਾਈ ਜਾਹੋਜਲਾਲ ਨਾਲ ਸ਼ਿਰਕਤ ਕੀਤੀ। ਦਸਤਾਰ ਚੇਤਨਾ ਮਾਰਚ ਦੀ ਆਰੰਭਤਾ ਸੇਵਾ ਮੁਕਤ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਂਸਲ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਨੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਗਵਰਨਰ ਰਹੇ ਘਣਸ਼ਿਆਮ ਕਾਂਸਲ, ਡੀਐਸਪੀ ਹਰਵਿੰਦਰ ਸਿੰਘ ਖਹਿਰਾ, ਜਗਰਾਜ ਸਿੰਘ ਢੱਡਰੀਆਂ, ਅਨਿਲ ਜੁਨੇਜਾ, ਦੇਵਿੰਦਰਪਾਲ ਸਿੰਘ ਰਿੰਪੀ ਅਤੇ ਸਤਨਾਮ ਸਿੰਘ ਦਮਦਮੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸੇਵਾ ਮੁਕਤ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਆਖਿਆ ਕਿ ਪੁਰਾਣੇ ਸਮਿਆਂ ਵਿੱਚ ਪੱਗਾਂ ਸਿਰਫ਼ ਰਾਜੇ ਮਹਾਰਾਜੇ ਬੰਨਦੇ ਸਨ ਲੇਕਿਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕਰਕੇ ਆਮ ਵਿਅਕਤੀ ਨੂੰ ਦਸਤਾਰ ਸਜਾਉਣ ਦਾ ਸੰਦੇਸ਼ ਦੇਕੇ ਸਰਦਾਰੀਆਂ ਬਖਸ਼ੀਆਂ। ਉਨ੍ਹਾਂ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਅੰਦਰ ਦਸਤਾਰ ਸਜਾਉਣ ਦੀ ਚੇਤਨਾ ਪੈਦਾ ਹੋਵੇਗੀ।
ਫਾਈਲ 13-* ਮਾਰਚ ਸੁਨਾਮ