ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਅਲੂਮਨੀ (ਸੀ.ਕੇ.ਡੀ ਸਕੂਲਾਂ ਦੇ ਪੁਰਾਣੇ ਵਿਦਿਆਰਥੀ) ਸੁਸਾਇਟੀ ਵੱਲੋਂ ਵਿਸਾਖੀ ਨੂੰ ਸਮਰਪਿਤ ਸ੍ਰੀ ਕਲਗੀਧਰ ਆਡੀਟੋਰੀਅਮ ਵਿਖੇ ਇਕ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਅੰਤਰ ਸੀ.ਕੇ.ਡੀ ਸਕੂਲਾਂ ਦੇ ਪੰਜਾਬੀ ਲੋਕ ਗਾਇਕੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਬੱਚਿਆਂ ਨੇ ਲੋਕ ਗਾਇਕੀ ਦੇ ਵੱਖ—ਵੱਖ ਰੂਪਾਂ ਜਿਵੇਂ ਜੁਗਨੀ, ਛੱਲਾ, ਮਿਰਜਾ, ਮਿੱਟੀ ਦਾ ਬਾਵਾ, ਹੀਰ ਦੀ ਕਲ੍ਹੀ ਆਦਿ ਦੀ ਬਹੁਤ ਹੀ ਦਿਲਖਿੱਚਵੀਂ ਅਤੇ ਸੁਰੀਲੀ ਪੇਸ਼ਕਾਰੀ ਕਰਦਿਆਂ ਆਪਣੀ ਕਲਾ ਦੇ ਜ਼ੋਹਰ ਦਿਖਾਏ, ਜਿਸ ਨੇ ਦਰਸ਼ਕਾਂ ਦੇ ਮਨ ਮੋਹ ਲਏ।
ਸਮਾਗਮ ਦੀ ਸ਼ੁਰੂਆਤ ਗੁਰੂ ਸਾਹਿਬ ਦਾ ਓਟ ਆਸਰਾ ਲੈਦਿਆਂ ਪੰਜਾਬੀ ਗਾਇਕ ਸ੍ਰ.ਗੁਰਬਾਜ ਸਿੰਘ ਵੱਲੋਂ ਗਾਏ ਇਕ ਧਾਰਮਿਕ ਗੀਤ ‘‘ਸ਼ੁਕਰ ਦਾਤਿਆਂ ਤੇਰਾ** ਨਾਲ ਕੀਤੀ ਗਈ। ਜਿਸ ਰਾਹੀਂ ਅਲੂਮਨੀ ਸੁਸਾਇਟੀ ਵੱਲੋਂ ਆਪਣੇ ਪਹਿਲੇ ਨਵੇਂ ਸਮਾਗਮ ਦੇ ਆਯੋਜਨ ਲਈ ਪਰਮਾਤਮਾ ਦਾ ਸ਼ੁਕਰ ਕੀਤਾ ਗਿਆ। ਉਪਰੰਤ ਸੁਸਾਇਟੀ ਦੇ ਪ੍ਰਧਾਨ ਸ੍ਰ.ਪ੍ਰਭਜੀਤ ਸਿੰਘ ਨੇ ਸੁਆਗਤੀ ਸੰਬੋਧਨ ਵਿਚ ਆਏ ਸਾਰੇ ਮਹਿਮਾਨਾਂ, ਪ੍ਰਿੰਸੀਪਲਾਂ ਅਤੇ ਅਲੂਮਨੀ ਮੈਂਬਰਾਂ ਦਾ ਤਹਿ ਦਿਲੋ ਸੁਆਗਤ ਕਰਦਿਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਅਲੂਮਨੀ ਸੁਸਾਇਟੀ ਦਾ ਟੀਚਾ ਇਕ ਅਜਿਹਾ ਵਿਸ਼ਵ ਪੱਧਰੀ ਸੀ.ਕੇ.ਡੀ ਪਰਿਵਾਰ ਬਣਾਉਣਾ ਹੈ ਜਿਥੇ ਪੁਰਾਣੇ ਤੇ ਮੌਜੂਦਾ ਸੀ.ਕੇ.ਡੀ ਵਿਦਿਆਰਥੀ ਇਕੱਠੇ ਹੋ ਕੇ ਆਪਣੇ ਅਨੁਭਵ ਅਤੇ ਗਿਆਨ ਨੂੰ ਸਾਂਝਾ ਕਰ ਸਕਣ ਅਤੇ ਲੋੜ੍ਹਵੰਦ ਯੋਗ ਸੀ.ਕੇ.ਡੀ ਵਿਦਿਆਰਥੀਆਂ ਨੂੰ ਆਰਥਿਕ ਤੌਰ ਤੇ, ਮੈਨਟਰਸਿ਼ਪ, ਇੰਟਰਨਸਿ਼ਪ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਤਾਂ ਜੋ ਅਲੂਮਨੀ ਵਿਦਿਆਰਥੀ ਲੋਕ—ਭਲਾਈ ਤਹਿਤ ਆਪਣੀ ਸੰਸਥਾ ਅਤੇ ਸਮਾਜ ਨੂੰ ਕੁਝ ਵਾਪਿਸ ਦੇਣ ਦੀ ਭਾਵਨਾ ਨਾਲ ਜੁੜੇ ਰਹਿਣ।
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ ਅਤੇ ਐਡੀ.ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਸ੍ਰ.ਹਰਵਿੰਦਰ ਪਾਲ ਸਿੰਘ ਚੁੱਘ ਨੇ ਸਾਂਝੇ ਤੌਰ ਤੇ ਅਲੂਮਨੀ ਸੁਸਾਇਟੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੁਸਾਇਟੀ ਸੰਸਥਾ ਤੇ ਪੁਰਾਤਨ ਵਿਦਿਆਰਥੀਆਂ ਵਿਚਕਾਰ ਇਕ ਮਜ਼ਬੂਤ ਪੁੱਲ ਵੱਜੋਂ ਕੰਮ ਕਰ ਰਹੀ ਹੈ, ਜੋ ਕਿ ਸੰਸਥਾਵਾਂ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਹੈ। ਇਸ ਮੌਕੇ ਅਲੂਮਨੀ ਸੁਸਾਇਟੀ ਵੱਲੋਂ ਸੁਸਾਇਟੀ ਦੀਆਂ ਗਤੀਵਿਧੀਆਂ ਨੂੰ ਵਿਸ਼ਵ ਪੱਧਰ ਤੇ ਪਹੁੰਚਾਉਣ ਅਤੇ ਹੋਰ ਮਜ਼ਬੂਤੀ ਦੇਣ ਹਿੱਤ ਅਲੂਮਨੀ ਸੁਸਾਇਟੀ ਦੀ ਵਿੱਤੀ ਸਕੱਤਰ ਡਾ.ਪ੍ਰਭਜੋਤ ਕੌਰ ਵੱਲੋਂ ਸੰਪਾਦਿਤ ਚੀਫ਼ ਖ਼ਾਲਸਾ ਦੀਵਾਨ ਅਲੂਮਨੀ ਮੈਗਜੀਨ ਅਤੇ ਵੈਬ—ਸਾਈਟ ਦਾ ਉਦਘਾਟਨ ਵੀ ਕੀਤਾ ਗਿਆ। ਉਪਰੰਤ ਸਮਾਜ ਵਿਚ ਉੱਚੀਆਂ ਉਪਲੱਬਧੀਆਂ ਹਾਸਲ ਕਰਨ ਵਾਲੀਆ ਮਹਿਲਾ ਅਲੂਮਨੀ ਐਚੀਵਰਜ਼ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿੰਨਾਂ ਵਿਚ ਅਸਿਸਟੇਟ ਕਮਿਸ਼ਨਰ ਸਟੇਟ ਟੈਕਸਿਸ ਮਿਸਿਜ਼ ਰਾਜਮਨਦੀਪ ਕੌਰ, ਜਿਲ੍ਹਾ ਡਿਪਟੀ ਅਟਾਰਨੀ ਵਿਜੀਲੈਂਸ, ਮਿਸਿਜ਼ ਰਮਨੀਤ ਕੌਰ, ਸਕਿਨ ਸਪੈਸਲਿਸਟ ਡਾ.ਜਯੋਤਿਕਾ ਕਾਲੜਾ, ਇਨਕਮ ਟੈਕਸ ਆਡਿਟਰ ਕੈਨੇਡਾ ਸਰਕਾਰ ਮਿਸਿਜ਼ ਜਸਜੀਤ ਕੌਰ, ਐਕਟਰ ਡਾਇਰੈਕਟਰ ਅਤੇ ਉਦਯੋਗਪਤੀ ਮਿਸਿਜ਼ ਮਨਦੀਪ ਕੌਰ ਘਈ ਸ਼ਾਮਲ ਸਨ।
ਪੰਜਾਬੀ ਲੋਕ ਗਾਇਕ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਉਘੇ ਪੰਜਾਬੀ ਗਾਇਕ ਮਿਸਿਜ਼ ਗਲੋਰੀ ਕੌਰ ਬਾਵਾ ਅਤੇ ਮਿਸਟਰ ਅਜੀਤ ਵੱਲੋਂ ਨਿਭਾਈ ਗਈ। ਜਿੰਨਾਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਤੋਂ ਸ਼ਬਦ ਅਰੌੜਾ ਨੂੰ ਪਹਿਲੇ ਸਥਾਨ ਤੇ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਤੋਂ ਹਰਦਰਸ਼ ਕੌਰ ਨੂੰ ਦੂਸਰੇ ਸਥਾਨ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ੁਭਮ ਇਨਕਲੈਵ ਤੋਂ ਗੁਰਨੂਰ ਸਿੰਘ ਨੂੰ ਤੀਸਰੇ ਸਥਾਨ ਤੇ ਜੇਤੂ ਕਰਾਰ ਦਿੱਤਾ ਗਿਆ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਦੇ ਵਿਦਿਆਰਥੀ ਹਰਿਅਕਸ਼ ਸ਼ਰਮਾ ਨੂੰ ਸਪੈਸ਼ਲ ਇਨਾਮ ਨਾਲ ਨਿਵਾਜਿਆ ਗਿਆ। ਇਸ ਮੌਕੇ ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕਰਨ ਦੇ ਨਾਲ—ਨਾਲ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਹੋਂਸਲਾ ਅਫਜ਼ਾਈ ਇਨਾਮ ਦਿੱਤੇ ਗਏ। ਮੰਚ ਦਾ ਸੰਚਾਲਨ ਅਲੂਮਨੀ ਮੈਂਬਰਜ਼ ਮਿਸ ਵਿਪਨਪ੍ਰੀਤ ਕੌਰ ਅਤੇ ਸੈਂਡੀ ਚੱਠਾ ਵੱਲੋਂ ਬਹੁਤ ਖੂਬਸੁਰਤੀ ਨਾਲ ਕੀਤਾ ਗਿਆ।
ਸੁਸਾਇਟੀ ਦੇ ਆਨਰੇਰੀ ਸਕੱਤਰ ਸ੍ਰ.ਸਾਗਰਜੀਤ ਸਿੰਘ ਕਟਾਰੀਆਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਪ੍ਰੋਗਰਾਮ ਦੀ ਸਫਲ ਸੰਪੂਰਨਤਾ ਲਈ ਸਕੂਲ ਮੈਨੇਜਮੈਂਟ, ਸਟਾਫ ਅਤੇ ਅਲੂਮਨੀ ਮੈਂਬਰਜ਼ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਵੱਲੋਂ ਭੰਗੜੇ ਦੀ ਉਤਸ਼ਾਹਪੂਰਵਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ, ਐਡੀ.ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਸ੍ਰ.ਹਰਵਿੰਦਰ ਪਾਲ ਸਿੰਘ ਚੁੱਘ, ਅਲੂਮਨੀ ਸੁਸਾਇਟੀ ਵੱਲੋਂ ਪ੍ਰਧਾਨ ਸ੍ਰ.ਪ੍ਰਭਜੀਤ ਸਿੰਘ, ਮੀਤ ਪ੍ਰਧਾਨ ਸ੍ਰ.ਪ੍ਰਭਜੋਤ ਸਿੰਘ ਸੇਠੀ, ਜਨਰਲ ਸਕੱਤਰ ਸ੍ਰ.ਸਾਗਰਜੀਤ ਸਿੰਘ ਕਟਾਰੀਆਂ, ਜੁਆਇੰਟ ਸਕੱਤਰ ਸ੍ਰ.ਤਰਿੰਦਰ ਸਿੰਘ ਬਾਵਾ, ਜੁਆਇੰਟ ਸਕੱਤਰ ਸ੍ਰੀਮਤੀ ਰੁਬੀਨਾ ਸਿੰਘ, ਵਿੱਤੀ ਸਕੱਤਰ ਡਾ.ਪ੍ਰਭਜੋਤ ਕੌਰ, ਚੀਫ਼ ਖ਼ਾਲਸਾ ਦੀਵਾਨ ਮੈਂਬਰਜ਼ ਡਾ.ਆਤਮਜੀਤ ਸਿੰਘ ਬਸਰਾ, ਸ੍ਰ.ਸਰਜੋਤ ਸਿੰਘ ਸਾਹਨੀ, ਸ੍ਰ.ਬਲਵਿੰਦਰ ਸਿੰਘ ਬਵੇਜਾ, ਸ੍ਰ.ਰਜਿੰਦਰ ਸਿੰਘ ਮਰਵਾਹਾ, ਸ੍ਰ.ਕਮਲਜੀਤ ਸਿੰਘ ਕੋਹਲੀ, ਸ੍ਰ.ਅਮਰਦੀਪ ਸਿੰਘ ਰਾਜੇਵਾਲ ਸਮੇਤ ਵੱਡੀ ਗਿਣਤੀ ਵਿਚ ਅਲੂਮਨੀ ਸੁਸਾਇਟੀ ਮੈਂਬਰਜ਼ ਅਤੇ ਮਹਿਮਾਨ ਮੌਜੂਦ ਸਨ।