ਲੁਧਿਆਣਾ : ਵਰਿੰਦਾਵਨ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੁੱਖਦਾਈ ਘਟਨਾ ਵਿੱਚ ਜਗਰਾਓਂ ਦੇ ਕਈ ਸ਼ਰਧਾਲੂਆਂ ਦੇ ਸਦੀਵੀ ਵਿਛੋੜੇ ਨਾਲ ਪੂਰਾ ਪੰਜਾਬ ਗਹਿਰੇ ਸੋਗ ਵਿੱਚ ਡੁੱਬ ਗਿਆ ਹੈ। ਕੁਝ ਸਮਾਂ ਪਹਿਲਾਂ ਹੱਸਦੇ-ਖੇਡਦੇ ਸੰਗਤ ਦੇ ਰੂਪ ਵਿੱਚ ਯਾਤਰਾ ਕਰ ਰਹੇ ਲੋਕ ਇਕ ਪਲ ਵਿੱਚ ਹੀ ਮੌਤ ਦਾ ਸ਼ਿਕਾਰ ਹੋ ਗਏ, ਜਿਸ ਨਾਲ ਹਰ ਦਿਲ ਦੁੱਖੀ ਹੈ। ਇਸ ਮੌਕੇ ਆਪ ਆਗੂ ਰਜੀਵ ਗੁਪਤਾ ਅਤੇ ਕਾਲੀ ਜਮਾਲਪੁਰ ਵੱਲੋਂ ਗਹਿਰਾ ਦੁੱਖ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਅਣਮੁੱਲਾ ਨੁਕਸਾਨ ਕਦੇ ਵੀ ਪੂਰਾ ਨਹੀਂ ਹੋ ਸਕਦਾ, ਪਰ ਇਸ ਅੱਖੇ ਸਮੇਂ 'ਚ ਸਾਰੇ ਲੋਕ ਇਕੱਠੇ ਹੋ ਕੇ ਪੀੜਤ ਪਰਿਵਾਰਾਂ ਨੂੰ ਹੌਸਲਾ ਦੇ ਸਕਦੇ ਹਨ। ਸੁਰਿੰਦਰ ਸਿੰਘ ਜੌੜਾ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਮਨੁੱਖਤਾ ਦੇ ਨਾਤੇ ਸਾਨੂੰ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਏਕਤਾ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।
ਉਨ੍ਹਾਂ ਯੂ ਪੀ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਣ ਲਈ ਪੂਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਕਈ ਵਾਰ ਕਿਸ਼ਤੀ ਚਾਲਕ ਲਾਲਚ ਵੱਸ ਸਮਰਥਾ ਤੋਂ ਵੱਧ ਯਾਤਰੀਆਂ ਨੂੰ ਕਿਸ਼ਤੀਆਂ ਵਿੱਚ ਬਿਠਾ ਲੈਂਦੇ ਹਨ ਅਤੇ ਸੁਰੱਖਿਆ ਦੇ ਲਾਜ਼ਮੀ ਪ੍ਰਬੰਧ, ਜਿਵੇਂ ਕਿ ਲਾਈਫ ਜੈਕਟਾਂ, ਉਪਲਬਧ ਨਹੀਂ ਹੁੰਦੀਆਂ। ਜੇ ਲਾਈਫ ਜੈਕਟਾਂ ਹੁੰਦੀਆਂ ਤਾਂ ਸ਼ਾਇਦ ਕਈ ਕੀਮਤੀ ਜਾਨਾਂ ਬਚ ਸਕਦੀਆਂ ਸਨ। ਇਸ ਲਈ ਜ਼ਿੰਮੇਵਾਰ ਕਿਸ਼ਤੀ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅਖੀਰ 'ਚ ਉਹਨਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪੀੜਤ ਪਰਿਵਾਰਾਂ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰਨ । ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸ਼ਤੀਆਂ ਵਿੱਚ ਯਾਤਰਾ ਸਮਰਥਾ ਦੇ ਮੁਤਾਬਕ ਹੀ ਸ਼ਰਧਾਲੂਆਂ ਨੂੰ ਬੈਠਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।