ਸਮਰਾਲਾ : ਲੇਖਕ ਮੰਚ ਸਮਰਾਲਾ ਨੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੁਆਰਾ ਸਪੌਂਸਰ ਕੇਂਦਰੀ ਲੇਖਕ ਸਭਾ ਪੰਜਾਬ ਦੇ ਸਹਿਯੋਗ ਦੇ ਨਾਲ ਅੱਜ ਕਹਾਣੀਕਾਰ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੇ ਕਹਾਣੀ ਸੰਗ੍ਰਹਿ 'ਝਰੀਟਾਂ' ਤੇ ਵਿਚਾਰ ਗੋਸ਼ਟੀ ਆਯੋਜਿਤ ਕੀਤੀ। ਜਿਸ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ ਲੇਖਕ ਸ਼ਾਮਲ ਹੋਏ। ਗੋਸ਼ਟੀ ਦੇ ਮੁੱਖ ਵਕਤਾ ਕਹਾਣੀਕਾਰ ਅਜਮੇਰ ਸਿੱਧੂ ਨੇ ਦਲਜੀਤ ਸ਼ਾਹੀ ਦੀ ਰਚਨਾ ਪ੍ਰਕਿਰਿਆ ਅਤੇ ਕਥਾ ਸ਼ਿਲਪ ਬਾਰੇ ਵਿਸਥਾਰ ਨਾਲ ਹਾਜ਼ਰ ਲੇਖਕਾਂ ਸੰਗ ਸੰਵਾਦ ਰਚਾਇਆ। ਉਹਨਾਂ ਦਲਜੀਤ ਸ਼ਾਹੀ ਦੇ ਕਥਾ ਸ਼ਿਲਪ ਬਾਰੇ ਗੱਲ ਕਰਦੀਆਂ ਕਿਹਾ ਕਿ ਸ਼ਾਹੀ ਦੀਆਂ ਕਹਾਣੀਆਂ ਵਿਚ ਵਾਤਾਵਰਨ, ਪਾਤਰ ਚਿੱਤਰਣ, ਭਾਸ਼ਾ ਸ਼ੈਲੀ, ਕਥਾ ਪਲਾਟ ਅਤੇ ਵਿਸ਼ਾ ਵਸਤੂ ਆਪਣੇ ਆਪ ਵਿੱਚ ਵਿਲੱਖਣ ਹੈ। ਸੁਸ਼ੀਲ ਦੁਸਾਂਝ ਨੇ ਕਿਹਾ ਕਿ ਦਲਜੀਤ ਸ਼ਾਹੀ ਰਵਾਇਤੀ ਅਤੇ ਹੁਨਰੀ ਪੰਜਾਬੀ ਕਹਾਣੀ ਨੂੰ ਅੱਗੇ ਲੈਕੇ ਤੁਰਦਾ ਹੈ। ਇਸੇ ਤਰਾਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਦਲਜੀਤ ਸ਼ਾਹੀ ਦੀ ਕਹਾਣੀ ਸ਼ਿਲਪ ਨੂੰ ਅੱਗੇ ਤੋਰਦਿਆਂ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਅਤੇ ਪੰਜਾਬੀ ਫੋਕ ਲਈ ਵਿਆਪਕ ਕੈਨਵਸ ਤਿਆਰ ਕਰਨ ਬਾਰੇ ਕਲਾ ਪ੍ਰੀਸ਼ਦ ਦੀਆਂ ਯੋਜਨਾਵਾਂ ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਤੇਲੂ ਰਾਮ ਕੁਹਾੜਾ, ਗੁਰਸੇਵਕ ਸਿੰਘ ਢਿੱਲੋਂ, ਮੁਖਤਿਆਰ ਸਿੰਘ, ਦੀਪ ਦਿਲਬਰ, ਦਲਜੀਤ ਸ਼ਾਹੀ, ਦਰਸ਼ਨ ਬੁੱਟਰ ਅਤੇ ਬਲਵੰਤ ਮਾਂਗਟ ਨੇ ਵੀ ਦਲਜੀਤ ਸ਼ਾਹੀ ਦੇ ਕਥਾ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਨਾਟਕਕਾਰ ਅਤੇ ਲੇਖਕ ਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਬੇਹਤਰੀਨ ਮੰਚ ਸੰਚਾਲਨ ਕੀਤਾ। ਅੰਤ ਵਿੱਚ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਮੁੱਖ ਤੌਰ ਤੇ ਡਾ ਸ਼ਿੰਦਰਪਾਲ ਸਿੰਘ, ਸੁਰਿੰਦਰਜੀਤ ਚਾਹਲ, ਬਲਵਿੰਦਰ ਸੰਧੂ, ਯਤਿੰਦਰ ਮਾਹਲ, ਦੀਪਕ ਚਨਾਰਥਲ, ਬੁੱਧ ਸਿੰਘ ਨੀਲੋਂ, ਕਮਲਜੀਤ ਨੀਲੋਂ, ਡਾ ਸ਼ਿੰਦਰਪਾਲ, ਹਰਜਿੰਦਰਪਾਲ ਸਿੰਘ, ਕਰਮਜੀਤ ਬਿੱਟੂ, ਕਰਮਜੀਤ ਅਜਾਦ, ਨੇਤਰ ਮੁੱਤੋਂ, ਅਵਤਾਰ ਓਟਾਲਾਂ, ਅਮਰਿੰਦਰ ਸੋਹਲ ਅਤੇ ਅਦਾਕਾਰਾ ਕਮਲਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
ਫੋਟੋ :- ਕਹਾਣੀ ਸੰਗ੍ਰਹਿ ਦੋਰਾਨ ਵਿਚਾਰ ਪੇਸ਼ ਕਰਦੇ ਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੇ ਦਰਸ਼ਕ