ਅੰਮ੍ਰਿਤਸਰ : ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ, ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਵੱਲੋਂ ਪੰਥ ਪ੍ਰਸਿੱਧ ਸ਼ਖਸੀਅਤ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਧਾਰਮਿਕ ਸਮਾਗਮ ਉਲੀਕੇ ਗਏ। ਇਸ ਮੌਕੇ ਜਿੱਥੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ 'ਦਸਤਾਰਾਂ ਦਾ ਲੰਗਰ' ਲਗਾਇਆ ਗਿਆ, ਉੱਥੇ ਹੀ ਭਲਾਈ ਕੇਂਦਰ ਵਿਖੇ ਅੰਮ੍ਰਿਤ ਸੰਚਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਖਾਸ ਕਰਕੇ ਨੌਜਵਾਨਾਂ ਨੇ ਪੰਜ ਕਕਾਰ ਧਾਰਨ ਕਰਕੇ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਵਾਲੇ ਬਣੇ। ਇਸ ਸੇਵਾ ਦੌਰਾਨ ਨੌਜਵਾਨ ਪੀੜ੍ਹੀ ਨੂੰ ਦਸਤਾਰ ਦੀ ਇਤਿਹਾਸਕ ਮਹੱਤਤਾ ਅਤੇ ਸਿੱਖੀ ਸਰੂਪ ਦੇ ਗੌਰਵ ਬਾਰੇ ਵਿਸਤਾਰ ਵਿੱਚ ਜਾਣੂ ਕਰਵਾਇਆ ਗਿਆ। ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਸੇਵਾਦਾਰ ਰਣਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਅਜਿਹੇ ਸਮਾਗਮਾਂ ਦਾ ਮੁੱਖ ਮਕਸਦ ਸਿੱਖ ਸੰਗਤ ਨੂੰ ਆਪਣੇ ਅਮੀਰ ਵਿਰਸੇ ਅਤੇ ਰਵਾਇਤਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖੀ ਦੀ ਸ਼ਾਨ ਅਤੇ ਪਛਾਣ ਹੈ, ਜਿਸ ਨੂੰ ਹਰ ਸਿੱਖ ਨੂੰ ਪੂਰੇ ਸਤਿਕਾਰ ਨਾਲ ਅਪਣਾਉਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ ਇਸ ਸ਼ੁਭ ਅਵਸਰ 'ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਖਾਲਸਾ ਸਿਰਜਣਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸੰਗਤ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ 'ਤੇ ਚੱਲਣ, ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਅਤੇ ਨਿਸ਼ਕਾਮ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸੰਗਤ ਲਈ ਗੁਰੂ ਕੇ ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲਿਆਂ ਵਿੱਚ ਭਾਈ ਰਣਜੀਤ ਸਿੰਘ ਗੋਲਡੀ, ਜਤਿੰਦਰ ਸਿੰਘ ਬਿੱਟੂ, ਭਾਈ ਮਨਦੀਪ ਸਿੰਘ ਭੋਲੂ, ਗੁਰਪ੍ਰੀਤ ਸਿੰਘ ਢਲ, ਭਾਈ ਜੋਗਿੰਦਰ ਸਿੰਘ ਲਾਂਗਰੀ, ਮੋਂਟੂ ਵੀਰ ਜੀ, ਬਿੱਟੂ ਵੀਰ ਜੀ, ਭਾਈ ਰਵਿੰਦਰ ਸਿੰਘ ਬੰਟੀ ਅਤੇ ਕੁਰਾਲੀ ਦੀ ਸੰਗਤ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ। ਸਮੁੱਚੇ ਸਮਾਗਮ ਦੌਰਾਨ ਸੰਗਤ ਵਿੱਚ ਭਾਰੀ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।