ਸੁਨਾਮ : ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਪਿੰਡ ਮਹਿਲਾਂ ਦੇ ਜਗਵੀਰ ਸਿੰਘ ਦੀ ਮੌਤ ਹੋ ਗਈ ਹੈ। ਗੰਭੀਰ ਜਖਮੀ ਹੋਣ ਕਾਰਨ ਉਸ ਨੂੰ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ।ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਹੌਲਦਾਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਗਵੀਰ ਸਿੰਘ ਕ਼ਰੀਬ ਇੱਕ ਮਹੀਨਾ ਪਹਿਲਾਂ ਸੜਕ ਪਾਰ ਕਰਕੇ ਆਪਣੇ ਘਰ ਜਾ ਰਿਹਾ ਸੀ।ਇਸ ਦੌਰਾਨ ਮਹਿਲਾਂ ਚੌਂਕ ਤੋਂ ਸੂਲਰ ਘਰਾਟ ਵੱਲ ਜਾ ਰਹੀ ਇਕ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਹ ਬੇਹੋਸ਼ ਹੋਕੇ ਸੜਕ 'ਤੇ ਡਿੱਗ ਪਿਆ। ਪਤਾ ਲੱਗਣ ਤੇ ਪਰਿਵਾਰ ਵਲੋਂ ਇਲਾਜ ਲਈ ਜਗਵੀਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ।ਕਈ ਦਿਨ ਰਜਿੰਦਰਾ ਹਸਪਤਾਲ ਵਿੱਚ ਦਾਖਲ ਰਹਿਣ ਦੇ ਬਾਵਜੂਦ ਵੀ ਜਦੋਂ ਜਗਵੀਰ ਸਿੰਘ ਬੇਹੋਸ਼ੀ ਦੀ ਹਾਲਤ 'ਚੋਂ ਬਾਹਰ ਨਾ ਆਇਆ ਤਾਂ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ 21 ਮਾਰਚ ਨੂੰ ਪੀ ਜੀ ਆਈ ਦੇ ਡਾਕਟਰਾਂ ਵਲੋਂ ਜਗਵੀਰ ਸਿੰਘ ਦੀ ਇਹ ਕਹਿਕੇ ਛੁੱਟੀ ਕਰ ਦਿੱਤੀ ਗਈ ਕਿ ਹੁਣ ਇਸ ਦੀ ਘਰ ਹੀ ਸੇਵਾ ਸੰਭਾਲ ਕਰ ਲਓ।ਹੌਲਦਾਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਆਖਰ ਜਗਵੀਰ ਸਿੰਘ (45) ਪੁੱਤਰ ਮੱਘਰ ਸਿੰਘ ਵਾਸੀ ਪਿੰਡ ਮਹਿਲਾਂ ਜਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਦਮ ਤੋੜ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪੁੱਤਰ ਦਿਲਪ੍ਰੀਤ ਸਿੰਘ ਦੇ ਬਿਆਨਾਂ 'ਤੇ ਸੁਖਵਿੰਦਰ ਸਿੰਘ ਉਰਫ ਸੰਨੀ ਵਾਸੀ ਸੁਨਾਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।