ਮੋਗਾ : ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਫੇਜ਼ ਵਨ ਦੀ ਸਫਲਤਾ ਤੋਂ ਬਾਅਦ ਫੇਸ ਦੋ ਦੇ ਤਹਿਤ ਵੀ ਨਸ਼ਿਆਂ ਨੂੰ ਠੱਲ ਪਾਉਣ ਲਈ ਕਾਰਵਾਈਆਂ ਜਾਰੀ ਹਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੰਬੇਡਕਰ ਜਯੰਤੀ ਨੂੰ ਸਮਰਪਿਤ ਜ਼ਿਲ੍ਹਾ ਮੋਗਾ ਵਿਖੇ "ਯੁੱਧ ਨਸ਼ਿਆਂ ਵਿਰੁੱਧ" ਫੇਜ਼ 2 ਦੇ ਅਧੀਨ 14 ਅਪ੍ਰੈਲ ਨੂੰ ਸਵੇਰੇ 6 ਵਜੇ "ਕਮਿਊਨਿਟੀ ਵਾਕਥੋਨ" ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਹ "ਕਮਿਊਨਿਟੀ ਵਾਕਥੋਨ" ਸਰਕਾਰੀ ਆਈ.ਟੀ.ਆਈ. ਗਰਾਊਂਡ ਮੋਗਾ ਤੋਂ ਸ਼ੁਰੂ ਹੋ ਕੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੱਕ ਜਾਏਗੀ। ਇਸ ਵਿੱਚ ਹਰੇਕ ਉਮਰ ਵਰਗ ਦੇ ਵਿਦਿਆਰਥੀ, ਨਾਗਰਿਕ ਅਤੇ ਖਿਡਾਰੀ ਹਿੱਸਾ ਲੈਣਗੇ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਖਿਡਾਰੀਆਂ ਲਈ ਪੀਣ ਵਾਲੇ ਪਾਣੀ, ਟੀ ਸ਼ਰਟ ਸਰਟੀਫਿਕੇਟ ਆਦਿ ਪ੍ਰਬੰਧ ਕੀਤੇ ਗਏ ਹਨ। ਇਹ ਕਮਿਊਨਿਟੀ ਵਾਕਥੋਨ ਸਿਰਫ ਇਕੱਠ ਨਹੀਂ ਹੈ ਸਗੋਂ ਨਸ਼ਾ ਮੁਕਤ ਸਮਾਜ ਸਿਰਜਣ ਲਈ ਇੱਕ ਸੰਕਲਪ ਹੈ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਮੋਗਾ ਵਾਸੀਆਂ ਨੂੰ ਇਸ ਵਾਕਥੋਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਨਸ਼ਿਆਂ ਵਿਰੁੱਧ ਡਟ ਕੇ ਲੜਨ ਦਾ ਅਹਿਦ ਲੈਣ ਦੀ ਅਪੀਲ ਕੀਤੀ। ਸ੍ਰੀ ਸੇਤੀਆ ਨੇ ਇਹ ਵੀ ਕਿਹਾ ਕਿ ਵਾਕਾਥੌਨ ਦਰਮਿਆਨ ਰੂਟ ਉੇਪਰ ਸੁਰੱਖਿਆ , ਸੁਚਾਰੂ ਆਵਾਜਾਈ , ਭਾਗੀਦਾਰਾਂ ਲਈ ਪੀਣ ਵਾਲੇ ਪਾਣੀ ਤੇ ਰਿਫਰੈਸ਼ਮੈਂਟ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ।