ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਲੜੀਵਾਰ ਸਮਾਗਮਾਂ ਨੂੰ ਅੰਤਿਮ ਰੂਪ ਦਿੱਤਾ। ਇਹ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਵਨ ਵਿਖੇ ਸੰਤ ਸਮਾਜ ਨਾਲ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਪੱਧਰੀ ਸਮਾਗਮਾਂ ਅਤੇ ਪਹਿਲਕਦਮੀਆਂ ਦੀ ਲੜੀ ਦੀ ਰੂਪਰੇਖਾ ਤਿਆਰ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਸੈਮੀਨਾਰ, ਕੀਰਤਨ ਸਮਾਗਮ, ਯਾਤਰਾਵਾਂ, ਪੌਦੇ ਲਗਾਉਣ ਦੀਆਂ ਮੁਹਿੰਮਾਂ ਅਤੇ 650 ਏਕੜ ਵਿੱਚ 'ਗੁਰੂ ਰਵਿਦਾਸ ਬਗੀਚੀਆਂ' ਲਾਉਣਾ ਸ਼ਾਮਲ ਹੈ ਅਤੇ ਇਸ ਸਬੰਧੀ ਮੁੱਖ ਸਮਾਗਮ ਖੁਰਾਲਗੜ੍ਹ ਵਿਖੇ ਹੋਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਸੁਭਾਗ ਹਾਸਲ ਹੋਇਆ ਹੈ। ਸੂਬਾ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿਉਂਕਿ ਗੁਰੂ ਜੀ ਦੇ ਸੰਦੇਸ਼ ਨੂੰ ਦੁਨੀਆ ਭਰ ਤੱਕ ਪਹੁੰਚਾਉਣਾ ਸਾਡਾ ਸਮੂਹਿਕ ਫਰਜ਼ ਹੈ।"
ਉਨ੍ਹਾਂ ਕਿਹਾ, “ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਹਰ ਭੇਦਭਾਵ ਤੋਂ ਮੁਕਤ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਕੀਤੀ ਸੀ। ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਗਾਮੀ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇ। ਅਸੀਂ ਹਾਲ ਹੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕਰਵਾਏ ਸਨ।” 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਪ੍ਰਦਰਸ਼ਨੀ ਦਾ ਉਦਘਾਟਨ, ਕਥਾ ਅਤੇ ਕੀਰਤਨ ਦਰਬਾਰ, ਸ੍ਰੀ ਗੁਰੂ ਰਵਿਦਾਸ ਜੀ ਦੇ ਯੋਗਦਾਨ ਨੂੰ ਸਮਰਪਿਤ ਸੰਤ ਸੰਮੇਲਨ, ਮੀਨਾਰ-ਏ-ਬੇਗਮਪੁਰਾ ਵਿਖੇ 3ਡੀ ਪ੍ਰੋਜੈਕਸ਼ਨ, ਡਰੋਨ ਸ਼ੋਅ, ਗੁਰੂ ਰਵਿਦਾਸ ਜੀ ਦੀ ਬਾਣੀ 'ਤੇ ਕਾਨਫਰੰਸ ਅਤੇ ਹੋਰ ਪ੍ਰੋਗਰਾਮ ਸ਼ਾਮਲ ਹੋਣਗੇ।