ਅੰਮ੍ਰਿਤਸਰ : ਅੱਜ ਏਅਰਪੋਰਟ ਇਨਵਾਇਰਨਮੈਂਟ ਮੈਨੇਜਮੈਂਟ ਕਮੇਟੀ (ਏਈਐਮਸੀ) ਦੀ ਇੱਕ ਮਹੱਤਵਪੂਰਨ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਦੇ ਏਏਆਈ ਬਿਜ਼ਨਸ ਸੈਂਟਰ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਹਵਾਈ ਜਹਾਜ਼ਾਂ ਦੀ ਸੁਰੱਖਿਅਤ ਉਡਾਣ ਨਾਲ ਸੰਬੰਧਿਤ ਵਾਤਾਵਰਣਕ ਮਸਲਿਆਂ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਖੁਸ਼ਪ੍ਰੀਤ ਸਿੰਘ, ਪੀ.ਸੀ.ਐੱਸ. ਐੱਸ.ਡੀ.ਐੱਮ. ਲੋਪੋਕੇ, ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਭੁਪੇਂਦਰਾ ਸਿੰਘ, ਸ੍ਰੀ ਆਦਿੱਤਯ ਵਾਰੀਅਰ ਐੱਸ.ਪੀ., ਸੀ.ਆਈ.ਐੱਸ.ਐੱਫ਼ ਅਧਿਕਾਰੀ ਸ੍ਰੀ ਤੁਸ਼ਾਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਕਮੇਟੀ ਵੱਲੋਂ ਹਵਾਈ ਅੱਡੇ ਦੇ ਆਲੇ-ਦੁਆਲੇ ਪੰਛੀਆਂ ਅਤੇ ਜੰਗਲੀ ਜੀਵਾਂ ਦੀ ਵੱਧ ਰਹੀ ਗਤੀਵਿਧੀ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸ ਖ਼ਤਰੇ ਨੂੰ ਘਟਾਉਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਹਵਾਈ ਅੱਡੇ ਦੇ ਆਲੇ-ਦੁਆਲੇ ਪੰਛੀਆਂ ਦੀ ਗਤੀਵਿਧੀ ਨੂੰ ਰੋਕਣ, ਲੇਜ਼ਰ ਕਿਰਨਾਂ ਦਾ ਹਵਾਈ ਉਡਾਣ ‘ਤੇ ਪ੍ਰਭਾਵ, ਗੈਰ-ਅਧਿਕਾਰਤ ਡਰੋਨ ਉਡਾਣਾਂ ਦੀ ਰੋਕਥਾਮ ਅਤੇ ਹਵਾਈ ਅੱਡੇ ਦੇ ਨੇੜੇ ਗੈਰ-ਕਾਨੂੰਨੀ ਨਿਰਮਾਣ ਰੋਕਣ ਵਰਗੇ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਕਮੇਟੀ ਵੱਲੋਂ ਹਵਾਈ ਅੱਡੇ ਦੇ ਆਲੇ-ਦੁਆਲੇ ਗੈਰ-ਅਧਿਕਾਰਤ ਝੁੱਗੀਆਂ, ਢਾਬਿਆਂ ਅਤੇ ਕਸਾਈਆਂ ਦੀਆਂ ਦੁਕਾਨਾਂ ਦੀ ਮੌਜੂਦਗੀ, ਕੂੜੇ ਦੀ ਗਲਤ ਨਿਕਾਸੀ, ਮਰੇ ਹੋਏ ਜਾਨਵਰਾਂ ਦੇ ਅਵਸ਼ੇਸ਼ਾਂ ਦੀ ਅਣਉਚਿਤ ਢੰਗ ਨਾਲ ਨਿਕਾਸੀ, ਖੁੱਲ੍ਹੇ ਗੰਦੇ ਪਾਣੀ ਅਤੇ ਨਿਕਾਸੀ ਪ੍ਰਣਾਲੀ ਬਾਰੇ ਵੀ ਗੰਭੀਰ ਚਿੰਤਾ ਜਤਾਈ ਗਈ, ਜੋ ਪੰਛੀਆਂ ਦੀ ਗਤੀਵਿਧੀ ਨੂੰ ਵਧਾਉਂਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਦੇ ਡਾਇਰੈਕਟਰ ਸ੍ਰੀ ਭੁਪੇਂਦਰਾ ਸਿੰਘ ਨੇ ਕਿਹਾ ਕਿ ਹਵਾਈ ਜਹਾਜ਼ਾਂ ਦੀ ਸੁਰੱਖਿਅਤ ਉਡਾਣ ਨੂੰ ਯਕੀਨੀ ਬਣਾਉਣਾ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਲਈ ਸਾਰੇ ਸੰਬੰਧਤ ਵਿਭਾਗਾਂ ਵੱਲੋਂ ਆਪਸੀ ਤਾਲਮੇਲ ਨਾਲ ਲਗਾਤਾਰ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ‘ਤੇ ਇਹ ਵੀ ਜ਼ੋਰ ਦਿੱਤਾ ਗਿਆ ਕਿ ਗੈਰ-ਅਧਿਕਾਰਤ ਡਰੋਨ ਉਡਾਣਾਂ, ਲੇਜ਼ਰ ਦੀ ਵਰਤੋਂ ਅਤੇ ਗੈਰ-ਕਾਨੂੰਨੀ ਨਿਰਮਾਣ ਵਰਗੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ, ਕਿਉਂਕਿ ਇਹ ਹਵਾਈ ਸੁਰੱਖਿਆ ਲਈ ਸਿੱਧਾ ਖ਼ਤਰਾ ਹਨ। ਅੰਤ ਵਿੱਚ ਕਮੇਟੀ ਵੱਲੋਂ ਇਨ੍ਹਾਂ ਮਸਲਿਆਂ ਦੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਸਹਿਯੋਗ ਅਤੇ ਨਿਰੰਤਰ ਨਿਗਰਾਨੀ ਨੂੰ ਬਹੁਤ ਜ਼ਰੂਰੀ ਕਰਾਰ ਦਿੱਤਾ ਗਿਆ। ਇਸ ਮੌਕੇ ਸ੍ਰੀ ਖੁਸ਼ਪ੍ਰੀਤ ਸਿੰਘ, ਪੀ.ਸੀ.ਐੱਸ. ਐੱਸ.ਡੀ.ਐੱਮ. ਲੋਪੋਕੇ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ।