ਬਠਿੰਡਾ /ਮੌੜ ਮੰਡੀ : ਅਨਾਜ ਮੰਡੀਆਂ ਅੰਦਰ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਮਾਰਕੀਟ ਕਮੇਟੀ ਮੌੜ ਦੇ ਸੈਕਟਰੀ ਹਰਸ਼ਵੰਤ ਸਿੰਘ ਵੱਲੋਂ ਲਿਆ ਗਿਆ ਤੁਰੰਤ ਤੇ ਪ੍ਰਭਾਵਸ਼ਾਲੀ ਕਦਮ ਕਾਬਿਲ-ਏ-ਤਾਰੀਫ਼ ਹੈ। ਮੌਜੂਦਾ ਸਮੇਂ ਦੌਰਾਨ ਮੰਡੀਆਂ ਵਿੱਚ ਆ ਰਹੀ ਕਣਕ ਵਿੱਚ ਵੱਧ ਸਿੱਲ ਹੋਣ ਕਾਰਨ ਖਰੀਦ ਏਜੰਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ, ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਆੜਤੀਆਂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇੰਸਪੈਕਟਰਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਆ ਰਹੀ ਕਣਕ ਵਿੱਚ ਜ਼ਿਆਦਾ ਨਮੀ ਹੋਣ ਕਾਰਨ ਸਰਕਾਰੀ ਮਾਪਦੰਡਾਂ ਅਨੁਸਾਰ ਖਰੀਦ ਕਰਨਾ ਔਖਾ ਹੋ ਰਿਹਾ ਹੈ। ਇਸ ਸਬੰਧੀ ਸੈਕਟਰੀ ਹਰਸ਼ਵੰਤ ਸਿੰਘ ਨੇ ਆੜਤੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਨਾਲ ਸੰਬੰਧਿਤ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਕੇਵਲ ਸੁੱਕੀ ਤੇ ਸਾਫ ਸੁਥਰੀ ਕਣਕ ਹੀ ਮੰਡੀਆਂ ਵਿੱਚ ਲਿਆਉਣ ਲਈ ਪ੍ਰੇਰਿਤ ਕਰਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਗਿੱਲੀ ਕਣਕ ਮੰਡੀਆਂ ਵਿੱਚ ਆਉਂਦੀ ਰਹੀ ਤਾਂ ਖਰੀਦ ਪ੍ਰਕਿਰਿਆ ਵਿੱਚ ਰੁਕਾਵਟ ਪੈ ਸਕਦੀ ਹੈ ਅਤੇ ਮੰਡੀਆਂ ਵਿੱਚ ਭੰਡਾਰ ਇਕੱਠੇ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕਣਕ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਇੱਕੋ ਦਿਨ ਵਿੱਚ ਆਪਣੀ ਫਸਲ ਵੇਚ ਕੇ ਵਾਪਸ ਜਾਣ ਵਿੱਚ ਕੋਈ ਦਿੱਕਤ ਨਾ ਆਵੇ।
ਸੈਕਟਰੀ ਹਰਸ਼ਵੰਤ ਸਿੰਘ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਮਾਰਕੀਟ ਕਮੇਟੀ ਵੱਲੋਂ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਕਮੇਟੀ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਮੌਕੇ ‘ਤੇ ਹੀ ਉਸਦਾ ਹੱਲ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੌਜੂਦ ਆੜਤੀਆਂ ਨੇ ਵੀ ਸੈਕਟਰੀ ਦੇ ਉਪਰਾਲੇ ਦੀ ਸਿਰੋਪਰਤੀ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੇ ਕਿਸਾਨਾਂ ਨੂੰ ਸੁੱਕੀ ਕਣਕ ਲਿਆਉਣ ਲਈ ਜ਼ਰੂਰ ਪ੍ਰੇਰਿਤ ਕਰਨਗੇ। ਨਾਲ ਹੀ ਉਨ੍ਹਾਂ ਸੁਝਾਅ ਦਿੱਤਾ ਕਿ ਮੰਡੀਆਂ ਵਿੱਚ ਪਈ ਫਸਲ ਨੂੰ ਖਿਲਾਰ ਕੇ ਧੁੱਪ ਲਗਾ ਕੇ ਖਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ।
ਇਸ ਮੌਕੇ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਸਮੇਤ ਆੜਤੀ ਵਰਗ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸੀ।