ਅੰਮ੍ਰਿਤਸਰ : ਸਫ਼ਾਈ ਨੂੰ ਬਰਕਰਾਰ ਰੱਖਣ ਅਤੇ ਸਿਹਤਮੰਦ ਸ਼ਹਿਰੀ ਵਾਤਾਵਰਣ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਮਿਊਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਵਿੱਚ ਸੁਧਾਰ ਲਈ ਕਈ ਸਮਨਵਿਤ ਅਤੇ ਪ੍ਰਭਾਵਸ਼ਾਲੀ ਪਹਲਾਂ ਕੀਤੀਆਂ ਗਈਆਂ ਹਨ। ਮਿਊਂਸਿਪਲ ਕਮਿਸ਼ਨਰ ਦੇ ਨਿਰਦੇਸ਼ਾਂ ਹੇਠ, ਸਾਰੇ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਵਿੱਚ 100% ਘਰ-ਘਰ ਕੂੜਾ ਇਕੱਠਾ ਕਰਨ ਲਈ ਮਜ਼ਬੂਤ ਪ੍ਰਣਾਲੀ ਲਾਗੂ ਕੀਤੀ ਗਈ ਹੈ। ਸਾਰੇ ਵਾਰਡਾਂ ਵਿੱਚ ਵਾਹਨਾਂ ਅਤੇ ਮੈਨੁਅਲ ਰਿਕਸ਼ਿਆਂ ਦੀ ਸੁਚੱਜੀ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਕੂੜਾ ਸਮੇਂ ਸਿਰ ਉਠਾਇਆ ਜਾ ਸਕੇ ਅਤੇ ਦੂਜੇ ਸਥਾਨਾਂ ’ਤੇ ਇਕੱਠਾ ਨਾ ਹੋਵੇ। ਇੱਕ ਮਹੱਤਵਪੂਰਨ ਤਕਨੀਕੀ ਕਦਮ ਤਹਿਤ, ਐਮਸੀ ਅੰਮ੍ਰਿਤਸਰ ਵੱਲੋਂ QR ਕੋਡ ਆਧਾਰਿਤ ਮਾਨੀਟਰਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਿਸ ਅਧੀਨ ਲਗਭਗ 1.5 ਲੱਖ ਘਰਾਂ ਨੂੰ ਟੈਗ ਕੀਤਾ ਗਿਆ ਹੈ। ਇਸ ਨਾਲ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਰੀਅਲ-ਟਾਈਮ ਨਿਗਰਾਨੀ ਹੋ ਰਹੀ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਵਿੱਚ ਵਾਧਾ ਹੋਇਆ ਹੈ। ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ, ਕਾਰਪੋਰੇਸ਼ਨ ਵੱਲੋਂ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮੋਡ ਅਧੀਨ ਇੰਟੀਗ੍ਰੇਟਿਡ ਸੋਲਿਡ ਵੇਸਟ ਮੈਨੇਜਮੈਂਟ (ISWM) ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਕੂੜੇ ਦੀ ਵਿਗਿਆਨਕ ਢੰਗ ਨਾਲ ਛਟਾਈ, ਕੰਪੋਸਟਿੰਗ ਅਤੇ ਵਾਤਾਵਰਣ ਅਨੁਕੂਲ ਨਿਪਟਾਰਾ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਗਾਰਬੇਜ ਵਲਨਰੇਬਲ ਪਾਇੰਟਸ (GVPs) ਨੂੰ ਖਤਮ ਕਰਨ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਫ਼ਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਮਕੈਨਾਈਜ਼ਡ ਕਲੀਨਿੰਗ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਖਾਸ ਕਰਕੇ ਭੀੜ-ਭਾੜ ਵਾਲੇ ਖੇਤਰਾਂ ਵਿੱਚ ਅਧੁਨਿਕ ਲਿਟਰ-ਪਿਕਿੰਗ ਮਸ਼ੀਨਾਂ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਰੋਜ਼ਾਨਾ ਕੂੜਾ ਇਕੱਠਾ ਕਰਨ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਨਾਲ ਸਫ਼ਾਈ ਪ੍ਰਣਾਲੀ ਹੋਰ ਮਜ਼ਬੂਤ ਹੋਈ ਹੈ। ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਲੋਕ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਨਾਗਰਿਕਾਂ ਨੂੰ ਕੂੜੇ ਦੀ ਛਟਾਈ ਅਤੇ ਸਫ਼ਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮਿਊਂਸਿਪਲ ਕਮਿਸ਼ਨਰ ਅੰਮ੍ਰਿਤਸਰ, ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ, “ਕਾਰਪੋਰੇਸ਼ਨ ਸਾਰੇ ਨਾਗਰਿਕਾਂ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਲਈ ਵਚਨਬੱਧ ਹੈ। ਤਕਨੀਕ ਦੇ ਇਸਤੇਮਾਲ, ਢਾਂਚਾਗਤ ਮਜ਼ਬੂਤੀ ਅਤੇ ਲੋਕ ਭਾਗੀਦਾਰੀ ਨਾਲ ਅਸੀਂ ਆਪਣੀ ਸਫ਼ਾਈ ਪ੍ਰਣਾਲੀ ਨੂੰ ਹੋਰ ਬਿਹਤਰ ਬਣਾ ਰਹੇ ਹਾਂ। ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।” ਉਨ੍ਹਾਂ ਨੇ ਅੱਗੇ ਕਿਹਾ, “ਸਫ਼ਾਈ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਅਸੀਂ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਘਰ ਤੋਂ ਹੀ ਕੂੜੇ ਦੀ ਛਟਾਈ ਕਰਨ ਅਤੇ ਸਫ਼ਾਈ ਕਰਮਚਾਰੀਆਂ ਦਾ ਸਹਿਯੋਗ ਕਰਨ।” ਮਿਊਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚ ਸ਼ਾਮਲ ਕਰਨ ਲਈ ਆਪਣੇ ਯਤਨਾਂ ਨੂੰ ਜਾਰੀ ਰੱਖੇਗੀ।