ਸਮਾਣਾ : ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਮਾਣਾ ਵਿੱਚ ਲੱਗੇ ਹੋਏ ਧਰਨੇ ਦੌਰਾਨ ਇੱਕ ਕਿਸਾਨ ਦੀ ਮੌਤ ਹੋਣ ਦੇ ਰੋਸ ‘ਚ ਕਿਸਾਨ ਜਥੇਬੰਦੀਆਂ ਨੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦੀ ਰਿਹਾਇਸ਼ ਅੱਗੇ ਧਰਨਾ ਲਗਾ ਦਿੱਤਾ ਸੀ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋ ਮ੍ਰਿਤਕ ਪਰਿਵਾਰ ਲਈ ਵੱਖ ਵੱਖ ਤਰ੍ਹਾਂ ਦੀ ਸਹਾਇਤਾ ਮੰਗੀ ਸੀ। ਵਿਧਾਇਕ ਜੌੜਾਮਾਜਰਾ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਅੱਜ ਇਹ ਧਰਨਾ ਚੁਕਵਾ ਦਿੱਤਾ ਹੈ। ਪਿਛਲੇ ਦਿਨੀਂ ਧਰਨੇ ਦੌਰਾਨ ਮੋਰਚੇ ਵਿੱਚ ਸ਼ਾਮਿਲ ਬਜ਼ੁਰਗ ਕਿਸਾਨ ਗੋਬਿੰਦ ਸਿੰਘ (70 ਸਾਲ) ਪਿੰਡ ਚੱਠਾ ਨਨਹੇੜਾ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮਦਦ ਦੀ ਮੰਗ ਕੀਤੀ ਸੀ। ਵਿਧਾਇਕ ਦੀ ਰਿਹਾਇਸ਼ ਅੱਗੇ ਲੱਗੇ ਧਰਨੇ ਦੀ ਸਮਾਪਤ ਕਰਵਾਉਦਿਆ ਵਿਧਾਇਕ ਚੇਤਨ ਸਿੰਘ ਨੇ ਮੁੱਖ ਮੰਤਰੀ ਰਿਲੀਫ਼ ਫੰਡ ਤੋਂ 5 ਲੱਖ ਰੁਪਏ ਦਾ ਚੈੱਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਹੱਥੋਂ ਹੱਥ ਦਿੱਤਾ। ਉਨ੍ਹਾਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਕਰਜ਼ਾ ਮਾਫ ਕਰਨ ਦਾ ਐਲਾਨ ਵੀ ਕੀਤਾ। ਧਰਨੇ ਦੌਰਾਨ ਐੱਸ.ਡੀ.ਐੱਮ. ਰਿਚਾ ਗੋਇਲ, ਡੀ.ਐੱਸ.ਪੀ. ਫਤਹਿ ਸਿੰਘ ਬਰਾੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਰਹੇ।