ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਬਲਵਾੜ ਕਲਾਂ, ਖੁਰਾਣੀ, ਸੋਹੀਆਂ ਕਲਾਂ, ਈਲਵਾਲ, ਕਨੋਈ ਅਤੇ ਕੁਲਾਰ ਖੁਰਦ ਲਈ 65 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਪੰਚਾਇਤਾਂ ਨੂੰ ਸੌਂਪੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਮਾਡਲ ਪਿੰਡਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ , ਇਸੇ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤਹਿਤ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ, ਗਲੀ-ਨਾਲੀਆਂ ਬਣਾਉਣ, ਸਾਫ਼ ਪੀਣਯੋਗ ਪਾਣੀ ਦੀ ਉਪਲਬਧਤਾ, ਸਟਰੀਟ ਲਾਈਟਾਂ ਦੀ ਸਥਾਪਨਾ ਅਤੇ ਸਰਕਾਰੀ ਇਮਾਰਤਾਂ ਦੀ ਮੁਰੰਮਤ ਵਰਗੇ ਕੰਮ ਤਰਜੀਹੀ ਅਧਾਰ 'ਤੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇਂ-ਸਿਰ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਨਾਲ ਹੀ ਲੋਕਾਂ ਦਾ ਭਰੋਸਾ ਮਜ਼ਬੂਤ ਹੁੰਦਾ ਹੈ ਅਤੇ ਇਲਾਕੇ ਦੀ ਤਰੱਕੀ ਸੰਭਵ ਬਣਦੀ ਹੈ। ਕੈਬਨਿਟ ਮੰਤਰੀ ਨੇ ਕੁੱਝ ਚੱਲ ਰਹੇ ਕੰਮਾਂ ਦੀ ਮੌਕੇ 'ਤੇ ਜਾਂਚ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਦੇ ਹੋਏ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸਬਜ਼ੀ ਕਾਸ਼ਤਕਾਰਾਂ ਦੇ ਬਰਸਾਤ ਕਾਰਨ ਹੋਏ ਨੁਕਸਾਨ ਬਾਬਤ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਤੇ ਹਰ ਕਿਸਾਨ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਤੇ ਸਬਜ਼ੀਆਂ ਦੇ ਹੋਏ ਨੁਕਸਾਨ ਸਬੰਧੀ ਵੀ ਵਿਸ਼ੇਸ਼ ਗਿਰਦਾਵਰੀ ਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਧਰਤੀ ਯੋਧਿਆਂ, ਸੰਘਰਸ਼ੀਆਂ ਤੇ ਸ਼ਹੀਦਾਂ ਦੀ ਧਰਤੀ ਹੈ ਤੇ ਇਸ ਧਰਤੀ ਸਬੰਧੀ ਕਿਸੇ ਵੱਲੋਂ ਵੀ ਬੋਲਿਆ ਕੋਈ ਵੀ ਅਪਮਾਨਜਨਕ ਸ਼ਬਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ।