ਪਟਿਆਲਾ : ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਜਥੇਬੰਦੀ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਤੁੜ, ਕਨਵੀਨਰ ਪੂਰਾ ਪੰਜਾਬ ਲਹਿਰ, ਅਤੇ ਇਕਬਾਲ ਸਿੰਘ ਲਾਹੋਰੀਆ, ਸਾਬਕਾ ਰੋਜ਼ਗਾਰ ਅਫਸਰ ਨੇ ਅੱਜ ਸਾਬਕਾ ਮੰਤਰੀ ਅਤੇ ਉਘੇ ਕਾਂਗਰਸੀ ਆਗੂ ਸਵਰਗੀ ਸਰਦਾਰ ਲਾਲ ਸਿੰਘ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਪੁੱਤਰ ਸਰਦਾਰ ਰਜਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਡੂੰਘਾ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਤੁੜ,ਨੇ ਕਿਹਾ ਕਿ ਸਵਰਗੀ ਸਰਦਾਰ ਲਾਲ ਸਿੰਘ ਇੱਕ ਦੂਰਅੰਦੇਸ਼ ਅਤੇ ਲੋਕ-ਹਿਤੈਸ਼ੀ ਆਗੂ ਸਨ, ਜਿਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੌਰਾਨ ਲੋਕ-ਸੇਵਾ ਅਤੇ ਪੰਜਾਬ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿਰਫ਼ ਰਾਜਨੀਤਿਕ ਖੇਤਰ ਹੀ ਨਹੀਂ, ਸਗੋਂ ਸਮਾਜਿਕ ਮੰਚ ਨੂੰ ਵੀ ਇੱਕ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਵਰਗੀ ਆਗੂ ਦੀ ਸਾਦਗੀ, ਨਿਮਰਤਾ ਅਤੇ ਲੋਕਾਂ ਨਾਲ ਨਿਭਾਈ ਗਈ ਨਿੱਘੀ ਸਾਂਝ ਸਦਾ ਯਾਦਗਾਰ ਰਹੇਗੀ ਅਤੇ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਮਿਸਲ ਸਤਲੁਜ ਦੇ ਆਗੂਆਂ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਸ ਅਸਹਿਣਯੋਗ ਦੁੱਖ ਨੂੰ ਸਹਿਣ ਦੀ ਬਲ ਬਖਸ਼ੇ।