ਕੋਟਕਪੂਰਾ : ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਫਿੱਡੇ ਕਲਾਂ ਬਲਾਕ ਕੋਟਕਪੂਰਾ ਵਿਖੇ ਪੰਜਾਬ ਸਰਕਾਰ ਵੱਲੋਂ ਕਾਬਜਕਾਰਾਂ ਨੂੰ ਘਰਾਂ ਦੇ ਮਾਲਕਾਨਾ ਹੱਕ ਦੇਣ ਲਈ ਚਲਾਈ ਜਾ ਰਹੀ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਕਰਵਾਈ, ਜਿਸ ਤਹਿਤ 178 ਲਾਭਪਾਤਰੀਆਂ ਨੂੰ ਸਨਦਾਂ ਸੌਪੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪਿੰਡ ਵਿੱਚ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਧਰਮਸ਼ਾਲਾ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਲਾਭਪਾਤਰੀਆਂ ਨੂੰ ਦਸਤਾਵੇਜ਼ ਸੌਂਪੇ ਜਾਣ ਮੌਕੇ ਉਨ੍ਹਾਂ ਕਿਹਾ ਕਿ ਅੱਜ ਇਸ ਸਕੀਮ ਦੀ ਸ਼ੁਰੂਆਤ ਹਲਕਾ ਕੋਟਕਪੂਰਾ ਦੇ ਪਿੰਡ ਫਿੱਡੇ ਕਲਾਂ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਉਹ ਲੋਕ ਹਨ ਜੋ ਲੰਬੇ ਸਮੇਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਉਨ੍ਹਾਂ ਕੋਲ ਮਾਲਕੀ ਸਬੰਧੀ ਕੋਈ ਦਸਤਾਵੇਜ਼ ਜਾਂ ਪ੍ਰਮਾਣ ਨਹੀਂ ਸੀ ਅਤੇ ਕਾਨੂੰਨੀ ਤੌਰ ’ਤੇ ਉਹ ਆਪਣੇ ਘਰਾਂ ਦੇ ਮਾਲਕ ਨਹੀਂ ਮੰਨੇ ਜਾਂਦੇ ਸਨ। ਸਪੀਕਰ ਸੰਧਵਾਂ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਪੰਜਾਬ ਸਰਕਾਰ ਦੀ ਇੱਕ ਮਹੱਤਵਪੂਰਨ ਲੋਕ-ਹਿਤੈਸ਼ੀ ਪਹਿਲ ਹੈ, ਜਿਸ ਤਹਿਤ ਪਿੰਡਾਂ ਦੀ ਲਾਲ ਲਕੀਰ ਦੇ ਅੰਦਰ ਆਉਂਦੇ ਅਬਾਦੀ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਕਾਨੂੰਨੀ ਮਾਲਕਾਨਾ ਹੱਕ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਲ ਲਕੀਰ ਦੇ ਅੰਦਰ ਵੱਸਦੇ ਬਹੁਤ ਸਾਰੇ ਪਰਿਵਾਰ ਸਾਲਾਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਕਾਨੂੰਨੀ ਮਲਕੀਅਤ ਦੇ ਸਬੂਤ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਲੋਕਾਂ ਨੂੰ ਆਪਣੇ ਘਰਾਂ ਦੀ ਮਲਕੀਅਤ ਦਾ ਕਾਨੂੰਨੀ ਦਰਜਾ ਮਿਲਦਾ ਹੈ, ਜਿਸ ਨਾਲ ਉਹ ਬੈਂਕਾਂ ਤੋਂ ਕਰਜ਼ਾ ਲੈ ਸਕਦੇ ਹਨ, ਆਪਣੇ ਘਰਾਂ ਦੀ ਮੁਰੰਮਤ ਜਾਂ ਨਵੀਂ ਤਾਮੀਰ ਕਰਵਾ ਸਕਦੇ ਹਨ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਵੀ ਆਸਾਨੀ ਨਾਲ ਲੈ ਸਕਦੇ ਹਨ। ਉਨ੍ਹਾਂ ਆਖਿਆ ਕਿ ਮਾਲਕੀ ਸਰਟੀਫਿਕੇਟ ਮੁਫ਼ਤ ਜਾਰੀ ਕੀਤੇ ਜਾ ਰਹੇ ਹਨ ਅਤੇ ਪੂਰੀ ਪ੍ਰਕਿਰਿਆ ਪਾਰਦਰਸ਼ੀ ਤੇ ਸੌਖੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਹਰ ਹੱਕਦਾਰ ਪਰਿਵਾਰ ਨੂੰ ਆਪਣੇ ਘਰ ’ਤੇ ਕਾਨੂੰਨੀ ਹੱਕ ਮਿਲੇ ਅਤੇ ਕੋਈ ਵੀ ਵਿਅਕਤੀ ਆਪਣੇ ਹੀ ਘਰ ਵਿੱਚ ਬਿਨਾਂ ਮਲਕੀਅਤ ਤੋਂ ਵਾਂਝਾ ਨਾ ਰਹੇ। ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਸੁਖਰਾਜ ਸਿੰਘ ਢਿੱਲੋਂ, ਤਹਿਸੀਲਦਾਰ ਕੋਟਕਪੂਰਾ ਪਰਮਿੰਦਰ ਸਿੰਘ ਵੜਿੰਗ, ਨਾਇਬ ਤਹਿਸੀਲਦਾਰ ਕੋਟਕਪੂਰਾ ਗੁਰਚਰਨ ਸਿੰਘ ਬਰਾੜ, ਬੀ.ਡੀ.ਪੀ.ਓ. ਕੋਟਕਪੂਰਾ ਵਿਕਾਸ ਸ਼ਰਮਾ ਅਤੇ ਪਿੰਡ ਦੇ ਪੰਚ/ਸਰਪੰਚ ਅਤੇ ਪਾਰਟੀ ਵਰਕਰ ਹਾਜ਼ਰ ਸਨ।