ਮੋਗਾ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀ ਲਗਾਤਾਰ ਬੇਮੌਸਮੀ ਗੜੇਮਾਰ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਸੂਬੇ ਦੇ ਅੰਨਦਾਤੇ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ 'ਤੇ ਕੁਦਰਤ ਦੀ ਮਾਰ ਪੈਣ ਕਾਰਨ ਕਿਸਾਨਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਕਣਕ ਦੀ ਕਟਾਈ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ।
"ਵਾਢੀ ਦੇ ਸੀਜ਼ਨ 'ਤੇ ਲੱਗੀ ਬਰੇਕ"
ਆਮ ਤੌਰ 'ਤੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਚਾਰੇ ਪਾਸੇ ਕੰਬਾਈਨਾਂ ਦੀ ਗੂੰਜ ਸੁਣਾਈ ਦਿੰਦੀ ਹੈ। ਪਰ ਇਸ ਵਾਰ ਮੌਸਮ ਦੇ ਬਦਲੇ ਮਿਜ਼ਾਜ ਨੇ ਸਾਰੀ ਯੋਜਨਾ ਵਿਗਾੜ ਦਿੱਤੀ ਹੈ। ਜਿਸ ਨਾਲ ਵਾਢੀ ਦੇ ਸੀਜ਼ਨ 'ਤੇ ਬ੍ਰੇਕ ਲਗਾ ਦਿੱਤੀ ਹੈ। ਮੀਂਹ ਕਾਰਨ ਦਾਣਿਆਂ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ।
"ਕੰਬਾਈਨਾਂ ਦਾ ਰੁਕਣਾ"
ਖੇਤਾਂ ਵਿੱਚ ਗਾਰਾ ਹੋਣ ਕਾਰਨ ਭਾਰੀ ਮਸ਼ੀਨਰੀ ਅਤੇ ਕੰਬਾਈਨਾਂ ਦਾ ਚੱਲਣਾ ਅਸੰਭਵ ਹੋ ਗਿਆ ਹੈ।
*ਫਸਲ ਦਾ ਡਿੱਗਣਾ *
ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ, ਜਿਸ ਨਾਲ ਝਾੜ ਘਟਣ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ।
*ਕਿਸਾਨਾਂ ਦਾ ਦਰਦ*
ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੀ ਮਿਹਨਤ ਨਾਲ ਫਸਲ ਪਾਲੀ ਸੀ, ਪਰ ਐਨ ਮੌਕੇ 'ਤੇ ਕੁਦਰਤੀ ਕਰੋਪੀ ਨੇ ਉਨ੍ਹਾਂ ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।