ਫਰੀਦਕੋਟ : ਸਿਹਤ ਵਿਭਾਗ ਫਰੀਦਕੋਟ ਵੱਲੋਂ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ ਦੀ ਯੋਗ ਅਗਵਾਈ ਹੇਠ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਪਰਵਜੀਤ ਸਿੰਘ ਗੁਲਾਟੀ ਨੇ ਸਮਾਜ ਵਿੱਚ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ 'ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਸਿਰਫ ਪ੍ਰਮਾਣਿਤ ਅਤੇ ਡਾਕਟਰੀ ਤੌਰ 'ਤੇ ਸਿੱਧ ਹੋਏ ਤੱਥਾਂ 'ਤੇ ਹੀ ਭਰੋਸਾ ਕਰਨ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਰਾਹੀਂ ਫੈਲਣ ਵਾਲੀਆਂ ਅਫਵਾਹਾਂ ਅਤੇ ਗਲਤ ਜਾਣਕਾਰੀ ਸਿਹਤ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ ਬਣ ਗਈਆਂ ਹਨ, ਜਿਸ ਕਾਰਨ ਅਕਸਰ ਲੋਕ ਗਲਤ ਇਲਾਜ ਦੇ ਰਾਹ ਪੈ ਜਾਂਦੇ ਹਨ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਹਰ ਨਾਗਰਿਕ ਸਿਹਤ ਸੰਬੰਧੀ ਫੈਸਲੇ ਲੈਣ ਵੇਲੇ ਵਿਗਿਆਨਕ ਪਹੁੰਚ ਅਪਣਾਵੇ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਨੂੰ ਹੀ ਤਰਜੀਹ ਦੇਵੇ। ਡਾ. ਗੁਲਾਟੀ ਨੇ ਨਿਰੋਗੀ ਜੀਵਨ ਦੇ ਮੂਲ ਸਿਧਾਂਤਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਟੀਕਾਕਰਨ, ਸਾਫ-ਸੁਥਰਾ ਵਾਤਾਵਰਣ, ਸੰਤੁਲਿਤ ਆਹਾਰ ਅਤੇ ਰੋਜ਼ਾਨਾ ਕਸਰਤ ਵਰਗੀਆਂ ਸਿਹਤਮੰਦ ਆਦਤਾਂ ਨੂੰ ਜੀਵਨ ਦਾ ਹਿੱਸਾ ਬਣਾ ਕੇ ਅਸੀਂ ਗੈਰ-ਸੰਚਾਰੀ ਬਿਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਾਂ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਰੋਕਥਾਮ ਇਲਾਜ ਨਾਲੋਂ ਹਮੇਸ਼ਾ ਬਿਹਤਰ ਹੁੰਦੀ ਹੈ, ਇਸ ਲਈ ਸਾਨੂੰ ਬਿਮਾਰ ਹੋਣ ਦਾ ਇੰਤਜ਼ਾਰ ਕਰਨ ਦੀ ਬਜਾਏ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਮਾਸ ਮੀਡੀਆ ਪਰਚਾ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਸਿਹਤ ਸੰਬੰਧੀ ਜਰੂਰੀ ਨੁਕਤੇ, ਸਰਕਾਰੀ ਸਿਹਤ ਯੋਜਨਾਵਾਂ ਅਤੇ ਵਿਗਿਆਨਕ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਤੱਕ ਸਹੀ ਸੁਨੇਹਾ ਪਹੁੰਚ ਸਕੇ।
ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਗੈਰ-ਪ੍ਰਮਾਣਿਤ ਸਰੋਤ ਤੋਂ ਮਿਲਣ ਵਾਲੀ ਜਾਣਕਾਰੀ ਤੋਂ ਸੁਚੇਤ ਰਹਿਣ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲਬਧ ਮਿਆਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਸਮਾਗਮ ਦੇ ਅਖੀਰ ਵਿੱਚ ਇਹ ਸੁਨੇਹਾ ਦਿੱਤਾ ਗਿਆ ਕਿ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੇਵਲ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਸਾਰੇ ਇੱਕਜੁੱਟ ਹੋ ਕੇ ਵਿਗਿਆਨ ਦੇ ਨਾਲ ਖੜ੍ਹੇ ਹੋਵਾਂਗੇ ਅਤੇ ਅਫਵਾਹਾਂ ਦਾ ਤਿਆਗ ਕਰਾਂਗੇ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਕੁਮਾਰ ਧੀਰ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈੰਥ, ਡਿਪਟੀ ਮਾਸ ਮੀਡੀਆ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਜਿਲਾ ਪ੍ਰੋਗਰਾਮ ਮੈਨੇਜਰ ਸੂਰਜ ਪ੍ਰਕਾਸ਼, ਕੰਮਪਿਊਟਰ ਅਪ੍ਰੇਟਰ ਲਵਕਿਰਨ ਸਿੰਘ ਤੋੰ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਅਹਿਦ ਲਿਆ।
ਇਸ ਤੋੰ ਇਲਾਵਾ ਸਿਹਤ ਵਿਭਾਗ ਫਰੀਦਕੋਟ ਦੇ ਸਿਵਲ ਹਸਪਤਾਲ ਫਰੀਦਕੋਟ ਨੇ ਸੀਨੀਅਰ ਮੈਡੀਕਲ ਅਫਸਰ ਡਾ. ਪੁਨੀਤ ਕਾਜਲ ਦੀ ਅਗਵਾਈ ਵਿੱਚ, ਸੀਐਚਸੀ ਜੰਡ ਸਾਹਿਬ ਵੱਲੋੰ ਐਸਐਮਓ ਡਾ. ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ, ਸੀਐਚਸੀ ਬਾਜਾਖਾਨਾ ਵੱਲੋਂ ਐਸਐਮਓ ਡਾ. ਨਵਪ੍ਰੀਤ ਗਰੇਵਾਲ ਦੀ ਅਗਵਾਈ ਵਿੱਚ, ਸਿਵਲ ਹਸਪਤਾਲ ਜੈਤੋ ਵੱਲੋੰ ਐਸਐਮਓ ਡਾ. ਵਰਿੰਦਰ ਕੁਮਾਰ ਦੀ ਅਗਵਾਈ ਵਿੱਚ, ਸੀਐਚਸੀ ਸਾਦਿਕ ਵੱਲੋੰ ਐਸਐਮਓ ਡਾ. ਪ੍ਰੀਤੀ ਗੋਇਲ ਦੀ ਅਗਵਾਈ ਵਿੱਚ ਅਤੇ ਐਸਡੀਐਚ ਕੋਟਕਪੂਰਾ ਵੱਲੋੰ ਐਸਐਮਓ ਡਾ. ਹਰਿੰਦਰ ਗਾਂਧੀ ਦੀ ਅਗਵਾਈ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।