ਬਰਨਾਲਾ :- ਜ਼ਿਲ੍ਹਾ ਅਦਾਲਤ ਬਰਨਾਲਾ ਵਿੱਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਅਦਾਲਤ ਅੰਦਰ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੰਮ ਕਰ ਰਹੇ ਸਾਰੇ ਮਾਨਯੋਗ ਜੱਜ ਆਪਣੀਆਂ ਅਦਾਲਤਾਂ ਛੱਡ ਕੇ ਚਲੇ ਗਏ ਬਾਕੀ ਸਾਰਾ ਸਟਾਫ਼ ਅਦਾਲਤੀ ਕੰਪਲੈਕਸ ਤੋਂ ਬਾਹਰ ਨਿਕਲ ਆਇਆ। ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ ਸਿਟੀ ਸਤਵੀਰ ਬੈਂਸ, ਡੀ.ਐੱਸ.ਪੀ ਬਲਜੀਤ ਸਿੰਘ ਢਿੱਲੋ, ਡੀ.ਐੱਸ.ਪੀ (ਡੀ) ਰਜਿੰਦਰ ਪਾਲ ਸਿੰਘ, ਥਾਣਾ ਸਿਟੀ-1 ਦੇ ਐੱਸ.ਐੱਚ.ਓ ਇੰਸਪੈਕਟਰ ਲਖਵਿੰਦਰ ਸਿੰਘ, ਟਰੈਫਿਕ ਪੁਲਿਸ ਦੇ ਇੰਚਾਰਜ ਸੇਰਵਿੰਦਰ ਸਿੰਘ ਅਤੇ ਥਾਣਾ ਸਿਟੀ-2 ਦੇ ਐੱਸ.ਐੱਚ.ਓ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ, ਜਿੰਨ੍ਹਾਂ ਸਰਚ ਅਭਿਆਨ ਸ਼ੁਰੂ ਕੀਤਾ। ਬੰਬ ਨਿਰੋਧਕ ਦਸਤਿਆਂ ਰਾਹੀਂ ਅਦਾਲਤੀ ਕੰਪਲੈਕਸ ਦੇ ਅੰਦਰੂਨੀ ਕਮਰਿਆਂ ਦੇ ਤਲਾਸ਼ੀ ਲਈ ਗਈ। ਅਦਾਲਤੀ ਕੰਪਲੈਕਸ ਅੰਦਰ ਬੰਬ ਹੋਣ ਦੀ ਧਮਕੀ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਅਦਾਲਤਾਂ ਦੇ ਮਾਨਯੋਗ ਜੱਜਾਂ ਨੇ ਅਦਾਲਤਾਂ ਦਾ ਕੰਮ ਇੱਕਦਮ ਠੱਪ ਕਰ ਦਿੱਤਾ ਅਤੇ ਇਹ ਹੁਕਮ ਪਾਸ ਕਰ ਦਿੱਤੇ ਕਿ ਅੱਜ ਦੁਪਹਿਰ ਤੋਂ ਬਾਅਦ ਸਾਰੀ ਅਦਾਲਤੀ ਕਾਰਵਾਈ ਦੇ ਮਾਮਲੇ 'ਚ ਵੱਖ-ਵੱਖ ਅਦਾਲਤਾਂ 'ਚ ਲੱਗਣ ਵਾਲੇ ਕੇਸਾਂ ਸੰਬੰਧੀ ਕੋਈ ਹੁਕਮ ਪਾਸ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ, ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਕੁਲਵਿਜੈ ਸਿੰਘ ਤਪਾ, ਰਘਵਿੰਦਰ ਸਿੰਘ ਸਿੱਧੂ, ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਵਿਕਰਮਜੀਤ ਸਿੰਘ ਧਨੌਲਾ, ਐਡਵੋਕੇਟ ਮਨਦੀਪ ਸਿੰਘ ਸਹਿਜੜਾ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਪ੍ਰੀਤ ਮਹਿੰਦਰ ਸਿੰਘ, ਐਡਵੋਕੇਟ ਇਕਬਾਲ ਸਿੰਘ ਗਿੱਲ ਨੇ ਦੱਸਿਆ ਕਿ ਬੰਬ ਨਾਲ ਅਦਾਲਤਾਂ ਨੂੰ ਉਡਾਉਣ ਦੀਆਂ ਆ ਰਹੀਆਂ ਈਮੇਲ ਧਮਕੀਆਂ ਕਾਰਨ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਧਮਕੀ ਮਿਲਣ ਨਾਲ ਵਕੀਲਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਇਸ ਪ੍ਰਤੀ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਅਤੇ ਧਮਕੀਆਂ ਦੇਣ ਵਾਲੇ ਮੁਲਜ਼ਮਾਂ ਖਿਲ਼ਾਫ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਪਾਰੇ।ਉਹਨਾਂ ਦੱਸਿਆ ਕਿ ਮਾਨਯੋਗ ਜੱਜ ਸਾਹਿਬਾਨ ਦੇ ਹੁਕਮ 'ਤੇ ਸਾਰੀਆਂ ਅਦਾਲਤਾਂ ਦਾ ਕੰਮ ਬੰਦ ਕੀਤਾ ਗਿਆ ਹੈ, ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਹੀ ਅਗਲਾ ਕੰਮਕਾਰ ਸ਼ੁਰੂ ਕੀਤਾ ਜਾ ਸਕੇਗਾ। ਸਮੂਹ ਵਕੀਲਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਅਦਾਲਤਾਂ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਕਰੜੇ ਕੀਤੇ ਜਾਣ ਅਤੇ ਵਕੀਲਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਉਹ ਆਪਣਾ ਕੰਮ ਬਿਨਾਂ ਕਿਸੇ ਡਰ ਭੈਅ ਤੋਂ ਕਰ ਸਕਣ| ਡੀ.ਐਸ.ਪੀ (ਸਿਟੀ) ਸਤਬੀਰ ਸਿੰਘ ਬੈਂਸ ਨੇ ਕਿਹਾ ਨੇ ਪੁਲਿਸ ਵੱਲੋਂ ਬੰਬ ਨਿਰੋਧਕ ਦਸਤੇ ਨਾਲ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਤਨਦੇਹੀ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਹਰ ਸਮੇਂ ਮੌਜੂਦ ਰਹੇਗੀ।