ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਧੋਬੀ ਘਾਟ ਇਲਾਕੇ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਅੱਜ ਮੇਅਰ ਕੁੰਦਨ ਗੋਗੀਆ ਵੱਲੋਂ ਇੱਕ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਸ ਉਪਰਾਲੇ ਨਾਲ ਇਲਾਕਾ ਨਿਵਾਸੀਆਂ ਨੂੰ ਜਲਦ ਪਾਣੀ ਦੀ ਘਾਟ ਤੋਂ ਵੱਡੀ ਰਾਹਤ ਮਿਲੇਗੀ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ।
ਉਦਘਾਟਨ ਮੌਕੇ ਸੰਬੋਧਨ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਧੋਬੀ ਘਾਟ ਇਲਾਕੇ ਦੇ ਲੋਕਾਂ ਨੂੰ ਪਿਛਲੇ ਕੁਝ ਸਮੇਂ ਤੋਂ ਪਾਣੀ ਦੇ ਘੱਟ ਪ੍ਰੈਸ਼ਰ ਅਤੇ ਕਿੱਲਤ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਨੇ ਤੁਰੰਤ ਇਸ ਟਿਊਬਵੈੱਲ ਦੇ ਪ੍ਰੋਜੈਕਟ ਸ਼ੁਰੂ ਕਰਵਾਇਆ ਗਿਆ ਹੈ। ਇਹ ਕਦਮ ਸਾਫ਼ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਯੋਗਦਾਨ ਹੈ।
ਮੇਅਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਨੂੰ ਦਰੁਸਤ ਕਰਨ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇਨ੍ਹਾਂ ਪ੍ਰੋਜੈਕਟਾਂ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਗਰਮੀਆਂ ਦੇ ਸੀਜ਼ਨ ਵਿੱਚ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਭਰੋਸਾ ਦਿੱਤਾ ਕਿ ਪਟਿਆਲਾ ਦੇ ਕਿਸੇ ਵੀ ਕੋਨੇ ਵਿੱਚ ਪਾਣੀ ਦੀ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ।
ਮੇਅਰ ਕੁੰਦਨ ਗੋਗੀਆ ਨੇ ਦੁਹਰਾਇਆ ਕਿ ਉਹ ਪਟਿਆਲਾ ਵਾਸੀਆਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟਿਊਬਵੈੱਲ ਦੇ ਲੱਗਣ ਨਾਲ ਉਨ੍ਹਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਹੱਲ ਹੋਵੇਗੀ।
ਇਸ ਮੌਕੇ ਨਗਰ ਨਿਗਮ ਦੇ ਐਸਈ ਚੋਪੜਾ, ਜੇਈ ਰਾਜੇਸ਼ ਕੁਮਾਰ, ਜਗਦੀਸ਼ ਕੁਮਾਰ ਪ੍ਰਧਾਨ ਧੋਬੀ ਘਾਟ, ਵਾਰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।