ਅੰਮ੍ਰਿਤਸਰ : ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਲਈ ਸੁਨਹਿਰਾ ਮੌਕਾ, ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ.ਰੁਪਿੰਦਰ ਪਾਲ ਸਿੰਘ ਨੇ ਕੀਤਾ। ਉਹਨਾਂ ਦੱਸਿਆ ਕਿ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਅਗਨੀਵੀਰ ਆਰਮੀ ਦੀ ਭਰਤੀ ਦੀ ਆਨਲਾਈਨ ਰਜਿਸਟਰੇਸ਼ਨ ਦੀ ਆਖਿਰੀ ਮਿਤੀ ਵਧਾ ਕੇ 10 ਅਪ੍ਰੈਲ 2026 ਕਰ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੈ ਨੇ ਦੱਸਿਆ ਕਿ ਇਹ ਫੈਸਲਾ ਨੌਜਵਾਨਾਂ ਵੱਲੋਂ ਲਗਾਤਾਰ ਆ ਰਹੀ ਭਰਤੀ ਸਬੰਧੀ ਪੁੱਛਗਿੱਛ ਅਤੇ ਭਰਤੀ ਲਈ ਅਪਲਾਈ ਕਰਨ ਦੀ ਦਿਲਚਸਪੀ ਨੂੰ ਵਿਚਾਰ ਕਰ ਕੇ ਚਾਹਵਾਨ ਪ੍ਰਾਰਥੀਆਂ ਦੀ ਸਹੂਲਤ ਲਈ ਲਿਆ ਗਿਆ ਹੈ ਅਤੇ ਨਾਲ ਹੀ ਇਸ ਸਾਲ ਤੋਂ ਉਮਰ ਸੀਮਾ ਵਿੱਚ ਵੀ ਇੱਕ ਸਾਲ ਦਾ ਵਾਧਾ ਕਰਦੇ ਹੋਏ ਉਮਰ ਸੀਮਾ ਵੱਧਾ ਕੇ 18 ਤੋਂ 22 ਸਾਲ ਕਰ ਦਿੱਤੀ ਗਈ ਹੈ। ਇਸ ਭਰਤੀ ਲਈ 12ਵੀਂ ਪਾਸ ਪ੍ਰਾਰਥੀ ਅਪਲਾਈ ਕਰ ਸਕਦੇ ਹਨ। ਪ੍ਰਾਰਥੀ ਆਰਮੀ ਦੇ ਨਿਯਮਾਂ ਅਨੁਸਾਰ ਫਿਜਿਕਲੀ ਫਿਟ ਹੋਣੇ ਚਾਹੀਦੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਚਾਹਵਾਨ ਪ੍ਰਾਰਥੀ ਇੱਕੋ ਵਾਰ ਵਿੱਚ ਦੋ ਵੱਖ-ਵੱਖ ਪੋਸਟਾਂ ਵਿੱਚ ਵੀ ਅਪਲਾਈ ਕਰ ਸਕਦੇ ਹਨ ਅਤੇ ਨਾਲ ਹੀ ਜਿਲ੍ਹੇ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਨੂੰ ਇਸ ਵਧੀ ਹੋਈ ਮਿਤੀ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ।ਰੋਜਗਾਰ ਅਫਸਰ ਸ਼੍ਰੀ ਮੁਕੇਸ਼ ਸਰੰਗਲ ਨੇ ਕਿਹਾ ਕਿ ਆਰਮੀ ਵਿੱਚ ਭਰਤੀ ਦੇ ਚਾਹਵਾਨ ਪ੍ਰਾਰਥੀ www.joinindianarmy.nic.in ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਉਕਤ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਾਂ ਕਿਸੇ ਵੀ ਕੰਮ ਕਾਜ ਵਾਲੇ ਦਿਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿੱਚ ਖੁਦ ਆ ਕੇ ਮਿਲ ਸਕਦੇ ਹਨ ਅਤੇ ਇਸ ਦਫਤਰ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕਰ ਸਕਦੇ ਹਨ।