ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਅੱਜ 4 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਕੋਹਾਟ ਵਿੰਡ ਹਿੰਦੂਆਂ ਵਿਖੇ ਵੱਖ-ਵੱਖ ਇੰਟਰਲਾਕਿੰਗ ਗਲੀਆਂ ਅਤੇ ਨਵੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਪੈਸ਼ਲ ਅਸਿਸਟੈਂਸ ਸਕੀਮ ਫੇਸ-1 ਅਧੀਨ 5054 ਫੰਡਾਂ ਵਿਚੋਂ ਉਕਤ ਦਰਸਾਈਆਂ ਸੜਕਾਂ ਦੀ ਉਸਾਰੀ ਦਾ ਕੰਮ ਕੀਤਾ ਜਾਵੇਗਾ। ਇਹਨਾਂ ਸੜਕਾਂ ਦੀ ਕੁੱਲ ਲੰਬਾਈ 10.59 ਕਿਲੋਮੀਟਰ ਹੋਵੇਗੀ। ਉਹਨਾਂ ਦੱਸਿਆ ਕਿ ਇਹ ਕਾਰਜ ਸਬੰਧਤ ਠੇਕੇਦਾਰ ਨੂੰ ਅਲਾਟ ਹੋ ਚੁੱਕਾ ਅਤੇ ਇਸ ਕੰਮ ਨੂੰ 12 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀਆਂ ਵੱਖ-ਵੱਖ ਸੜਕਾਂ ਨੂੰ 400.01 ਲੱਖ ਰੁਪਏ ਦੀ ਲਾਗਤ ਨਾਲ ਅਪਗਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਅੰਦਰ ਸਾਰੀਆਂ ਸੰਪਰਕ ਸੜਕਾਂ ਨੂੰ ਅਪਗਰੇਡ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਬਣਨ ਨਾਲ ਆਮ ਲੋਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ ਅਤੇ ਸੜਕੀ ਹਾਦਸਿਆਂ ਨੂੰ ਰੋਕ ਲੱਗੇਗੀ। ਉਹਨਾਂ ਦੱਸਿਆ ਕਿ ਇਸ ਕਾਰਜ ਨੂੰ ਸਮੇਂ-ਸਿਰ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਲ ਨੂੰ ਮਾਨ ਸਰਕਾਰ ਵੱਲੋਂ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ।