ਕਿਹਾ ਧੀਆਂ ਮੁੰਡਿਆਂ ਦੇ ਮੁਕਾਬਲੇ ਮਾਰ ਰਹੀਆਂ ਮੱਲਾਂ
ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਚ, ਪੈਂਦੇ ਪਿੰਡ ਕਿਲਾ ਭਰੀਆਂ ਦੀ ਪਾਇਲਟ ਬਣੀ ਧੀ ਗਗਨਦੀਪ ਕੌਰ ਦਾ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦੇ ਘਰ ਪੁੱਜਕੇ ਸਨਮਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਪਰਮਿੰਦਰ ਸਿੰਘ ਢੀਂਡਸਾ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਜੋਕੇ ਸਮੇਂ ਧੀਆਂ ਮੁੰਡਿਆਂ ਦੇ ਮੁਕਾਬਲੇ ਪੜ੍ਹ ਲਿਖਕੇ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਸੁਨਾਮ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਪਿੰਡ ਕਿਲਾ ਭਰੀਆਂ ਦੀ ਧੀ ਗਗਨਦੀਪ ਕੌਰ ਉੱਚ ਟ੍ਰੇਨਿੰਗ ਹਾਸਲ ਕਰਕੇ ਪਾਇਲਟ ਬਣੀ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਗਗਨਦੀਪ ਕੌਰ ਦੇ ਜਜ਼ਬੇ ਤੋਂ ਸੇਧ ਲੈਕੇ ਹੋਰ ਕੁੜੀਆਂ ਉੱਚ ਅਹੁਦਿਆਂ ਤੇ ਪਹੁੰਚਣ ਲਈ ਤਾਲੀਮ ਹਾਸਿਲ ਕਰਨਗੀਆਂ। ਅਕਾਲੀ ਆਗੂਆਂ ਪਰਮਿੰਦਰ ਸਿੰਘ ਢੀਂਡਸਾ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਸਮੇਂ ਨੌਜਵਾਨਾਂ ਨੂੰ ਨੌਕਰੀਆਂ ਦੇ ਸਮਰੱਥ ਬਣਾਉਣ ਲਈ ਮਿਆਰੀ ਸਿਖਲਾਈ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਸਨ ਜਿੱਥੋਂ ਟ੍ਰੇਨਿੰਗ ਹਾਸਲ ਕਰਕੇ ਪੰਜਾਬ ਦੇ ਸੈਂਕੜੇ ਨੌਜਵਾਨ ਮੁੰਡੇ ਕੁੜੀਆਂ ਫੌਜ ਵਿੱਚ ਕੈਪਟਨ ਦੇ ਅਹੁਦਿਆਂ ਲਈ ਚੁਣੇ ਗਏ ਜਿਹੜੇ ਮੌਜੂਦਾ ਸਮੇਂ ਫੌਜ ਸਮੇਤ ਹੋਰਨਾਂ ਮਹਿਕਮਿਆਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ।