ਸੁਨਾਮ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਕਰਵਾਈ ਗਈ ਰਾਜ ਪੱਧਰੀ 'ਆਰਟੀਫੀਸ਼ੀਅਲ ਇੰਟੈਲੀਜੈਂਸ ਹੈਕਾਥਨ' ਪ੍ਰਤੀਯੋਗਤਾ ਵਿੱਚ ਸ਼ਹੀਦ ਊਧਮ ਸਿੰਘ ਸਕੂਲ ਆਫ਼ ਐਮੀਨੈਂਸ, ਸੁਨਾਮ ਦੇ ਵਿਦਿਆਰਥੀਆਂ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੂਰੇ ਸੂਬੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਮੋਹਾਲੀ ਵਿਖੇ ਹੋਏ ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੀਆਂ ਕੁੱਲ 22 ਟੀਮਾਂ ਨੇ ਹਿੱਸਾ ਲਿਆ ਸੀ। ਸ਼ਹੀਦ ਊਧਮ ਸਿੰਘ ਸਕੂਲ ਵੱਲੋਂ 11ਵੀਂ (ਨਾਨ-ਮੈਡੀਕਲ) ਦੇ ਵਿਦਿਆਰਥੀ ਹਸ਼ਮੀਤ ਸਿੰਘ, ਅਰਿਹੰਤ ਜੈਨ ਅਤੇ ਓਮਕਾਰ ਨੇ ਆਪਣੀ ਤਕਨੀਕੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਸ਼ਾਨਦਾਰ ਪ੍ਰਦਰਸ਼ਨ ਬਦਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਜੇਤੂ ਟੀਮ ਨੂੰ ਸਰਟੀਫਿਕੇਟ ਅਤੇ 3100 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸੋਮਵਾਰ ਨੂੰ ਸਕੂਲ ਪਹੁੰਚਣ 'ਤੇ ਪ੍ਰਿੰਸੀਪਲ ਅਨਿਲ ਜੈਨ ਅਤੇ ਸਟਾਫ਼ ਵੱਲੋਂ ਜੇਤੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਸਫ਼ਲਤਾ ਵਿੱਚ ਗਾਈਡ ਅਧਿਆਪਕ ਵਿਕਾਸ ਸਿੰਗਲ (ਵੋਕੇਸ਼ਨਲ ਲੈਕਚਰਾਰ) ਅਤੇ ਲਖਵਿੰਦਰ ਸਿੰਘ (ਵੋਕੇਸ਼ਨਲ ਟ੍ਰੇਨਰ) ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਪੱਧਰ 'ਤੇ ਇਨ੍ਹਾਂ ਵਿਦਿਆਰਥੀਆਂ ਨੂੰ ਲੈਕਚਰਾਰ ਸਤਨਾਮ ਸਿੰਘ ਨੇ ਸਿਖਲਾਈ ਦਿੱਤੀ ਸੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਹੋਰਨਾਂ ਬੱਚਿਆਂ ਨੂੰ ਵੀ ਤਕਨੀਕ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।