ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਯੁਵਕ ਮਾਮਲਿਆਂ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਮੇਰਾ ਭਾਰਤ ਵੱਲੋਂ ਨਾਈਪਰ, ਸੈਕਟਰ-67, ਮੋਹਾਲੀ ਵਿਖੇ ਆਯੋਜਿਤ “ਵਤਨ ਨੂੰ ਜਾਣੋ” (6ਵਾਂ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ) ਦੇ ਤਹਿਤ ਅੱਜ ਕਸ਼ਮੀਰ ਘਾਟੀ ਦੇ ਛੇ ਜ਼ਿਲ੍ਹਿਆਂ ਤੋਂ ਆਏ 132 ਨੌਜਵਾਨਾਂ ਦੇ ਗਰੁੱਪ ਨੇ ਟ੍ਰਾਈਸਿਟੀ ਦੀਆਂ ਪ੍ਰਸਿੱਧ ਥਾਵਾਂ ਦਾ ਦੌਰਾ ਕੀਤਾ। ਭਾਗੀਦਾਰਾਂ ਨੇ ਫ਼ਤਹਿ ਬੁਰਜ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਅਤੇ ਇਸ ਸਮਾਰਕ ਦੀ ਵਿਲੱਖਣ ਵਸਤੂਕਲਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਰਾਕ ਗਾਰਡਨ ਦੀ ਕਲਾਤਮਕ ਰਚਨਾਤਮਕਤਾ ਨੂੰ ਨਿਹਾਰਿਆ, ਜ਼ਾਕਿਰ ਹੁਸੈਨ ਰੋਜ਼ ਗਾਰਡਨ ਦੀ ਫੁੱਲਾਂ ਭਰੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਸੁਖਨਾ ਝੀਲ ਦੇ ਸ਼ਾਂਤ ਮਾਹੌਲ ਦਾ ਅਨੁਭਵ ਕੀਤਾ। ਨੌਜਵਾਨਾਂ ਨੇ ਸੈਕਟਰ 17 ਪਲਾਜ਼ਾ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਚੰਡੀਗੜ੍ਹ ਦੀ ਵਿਸ਼ਵ-ਪੱਧਰੀ ਸ਼ਹਿਰੀ ਯੋਜਨਾ, ਸਫ਼ਾਈ ਅਤੇ ਰੌਣਕ ਭਰੀ ਸਥਾਨਕ ਸਭਿਆਚਾਰ ਦੀ ਝਲਕ ਵੇਖਣ ਨੂੰ ਮਿਲੀ, ਜਿਸ ਦੀ ਉਨ੍ਹਾਂ ਨੇ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਯੁਵਾ ਅਧਿਕਾਰੀ ਈਸ਼ਾ ਗੁਪਤਾ ਨੇ ਦੱਸਿਆ ਕਿ ਨਾਈਪਰ ਸੈਕਟਰ-67 ਵਿਖੇ ਚੱਲ ਰਹੇ “ਵਤਨ ਨੂੰ ਜਾਣੋ” ਪ੍ਰੋਗਰਾਮ ਦਾ ਮੁੱਖ ਉਦੇਸ਼ ਕਸ਼ਮੀਰੀ ਨੌਜਵਾਨਾਂ ਨੂੰ ਭਾਰਤ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣਾ ਅਤੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੀ ਸੋਚ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 24 ਤੋਂ 29 ਮਾਰਚ, 2026 ਤੱਕ ਚੱਲ ਰਹੇ ਇਸ 6 ਦਿਨਾਂ ਦੇ ਪ੍ਰੋਗਰਾਮ ਦੌਰਾਨ ਭਾਗੀਦਾਰ ਸਿੱਖਿਆਤਮਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ, ਜਿਸ ਰਾਹੀਂ ਉਹ ਅਮਨ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਦੇ ਦੂਤ ਬਣ ਕੇ ਉਭਰਨਗੇ।