ਫਾਇਰ ਬ੍ਰਿਗੇਡ ਦੇ ਅਮਲੇ ਨੇ ਅੱਗ ਤੇ ਪਾਇਆ ਕਾਬੂ
ਸੁਨਾਮ : ਪਿੰਡ ਕੁਲਾਰ ਖ਼ੁਰਦ ਦੇ ਨਜ਼ਦੀਕ ਸੁਨਾਮ-ਸੰਗਰੂਰ ਸੜਕ 'ਤੇ ਸਥਿਤ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਨਾਮਵਰ ਫੈਕਟਰੀ ਗਹੀਰ ਐਗਰੋ ਇੰਡਸਟਰੀਜ਼ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ।ਗਹੀਰ ਐਗਰੋ ਇੰਡਸਟਰੀਜ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਰਜੀਤ ਸਿੰਘ ਗਹੀਰ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਅੱਠ ਕੁ ਵਜੇ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ।ਅੱਗ ਲੱਗਣ ਦੀ ਘਟਨਾ ਸਮੇਂ ਉਹ ਫੈਕਟਰੀ ਵਿੱਚ ਹੀ ਮੌਜੂਦ ਸਨ। ਦੇਖਦੇ ਹੀ ਦੇਖਦੇ ਅੱਗ ਨੇ ਇਕਦਮ ਜੋਰ ਫੜ੍ਹ ਲਿਆ ਅਤੇ ਅੱਗ ਦੀਆਂ ਉੱਚੀਆਂ ਉੱਚੀਆਂ ਲਾਟਾਂ ਕਾਰਨ ਹਰ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ।
ਇਸ ਸਮੇ ਸੰਗਰੂਰ,ਸੁਨਾਮ ਅਤੇ ਲਹਿਰਾਗਾਗਾ ਤੋਂ ਪਹੁੰਚੀਆਂ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।ਉਨ੍ਹਾ ਕਿਹਾ ਕਿ ਅੱਗ ' ਦੇ ਕਾਰਨ ਜਿੱਥੇ ਫੈਕਟਰੀ ਦਾ ਸ਼ੈਡ ਸੜ੍ਹਕੇ ਸੁਆਹ ਹੋ ਗਿਆ ਉੱਥੇ ਹੀ ਸ਼ੈਡ ਵਿਚ ਪਿਆ ਖੇਤੀਬਾੜੀ ਨਾਲ ਸਬੰਧਿਤ ਤਿਆਰ ਕੀਤਾ ਗਿਆ ਸਮਾਨ ਵੀ ਨਸ਼ਟ ਹੋ ਗਿਆ। ਉਂਜ ਅੱਗ ਲੱਗਣ ਤੋਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਸ਼ੈਡ ਸਮੇਤ ਤਿਆਰ ਕੀਤਾ ਖੇਤੀਬਾੜੀ ਨਾਲ ਸਬੰਧਿਤ ਸਮਾਨ ਰਾਖ ਹੋ ਜਾਣ ਕਾਰਨ ਉਨ੍ਹਾਂ ਦਾ ਕਰੀਬ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਤਾਂ ਭਾਵੇਂ ਪਤਾ ਨਹੀ ਲੱਗ ਸਕਿਆ ਪਰ ਫੈਕਟਰੀ ਮਾਲਕਾਂ ਵਲੋਂ ਸ਼ਾਰਟ ਸਰਕਟ ਦਾ ਖਦਸਾ ਜਿਤਾਇਆ ਜਾ ਰਿਹਾ ਹੈ।