ਅੰਮ੍ਰਿਤਸਰ/ਅਜਨਾਲਾ : ਅੰਮ੍ਰਿਤਸਰ ਵਿੱਚ ਅੱਜ ਕੜੀ ਸੁਰੱਖਿਆ ਦੇ ਇੰਤਜ਼ਾਮਾਂ ਹੇਠ ਮ੍ਰਿਤਕ ਗਗਨਦੀਪ ਸਿੰਘ ਰੰਧਾਵਾ ਦੀ ਡੈੱਡ ਬਾਡੀ ਨੂੰ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਲਿਆਂਦਾ ਗਿਆ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਘੇਰਿਆ ਗਿਆ ਸੀ ਅਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਾਅ ਲਈ ਵੱਡੀ ਗਿਣਤੀ ਵਿੱਚ ਫੋਰਸ ਤੈਨਾਤ ਕੀਤੀ ਗਈ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਮੌਜੂਦ ਰਹੇ ਅਤੇ ਪੂਰੀ ਪ੍ਰਕਿਰਿਆ ‘ਤੇ ਨਜ਼ਰ ਰੱਖੀ ਗਈ। ਮ੍ਰਿਤਕ ਦੇ ਭਰਾ ਵਰਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੋਸਟਮਾਰਟਮ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੈਜਿਸਟਰੇਟ ਦੀ ਨਿਗਰਾਨੀ ਹੇਠ ਪੂਰੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਵੱਲੋਂ ਵੀ ਇੱਕ ਫੋਟੋਗ੍ਰਾਫਰ ਮੌਜੂਦ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤਫਹਮੀ ਨਾ ਰਹੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਾਂਚ ਵਿਗਿਆਨਕ ਅਤੇ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ, ਤਾਂ ਜੋ ਸੱਚ ਸਾਹਮਣੇ ਆ ਸਕੇ। ਇਸ ਮੌਕੇ ‘ਤੇ ਪਰਿਵਾਰ ਵੱਲੋਂ ਇੱਕ ਵਾਰ ਫਿਰ CBI ਜਾਂਚ ਦੀ ਮੰਗ ਦੁਹਰਾਈ ਗਈ। ਵਰਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਨ੍ਹਾਂ ਦੀ ਮੰਗ ਕੇਂਦਰੀ ਏਜੰਸੀ ਵੱਲੋਂ ਜਾਂਚ ਦੀ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਾਮਲੇ ਵਿੱਚ ਦਖਲ ਦੇਣਗੇ ਅਤੇ ਜਲਦ CBI ਜਾਂਚ ਦੇ ਹੁਕਮ ਜਾਰੀ ਕੀਤੇ ਜਾਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ CBI ਜਾਂਚ ਨਾਲ ਹੀ ਨਿਰਪੱਖ ਅਤੇ ਭਰੋਸੇਯੋਗ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਹੁਣ ਤੱਕ ਹੋਈ ਪੁਲਿਸ ਕਾਰਵਾਈ ‘ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਕਿੰਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅੱਗੇ ਕੀ ਕਾਰਵਾਈ ਹੋ ਰਹੀ ਹੈ, ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਹਾਲਾਂਕਿ ਕੁਝ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਸਾਹਮਣੇ ਆਈ ਹੈ, ਪਰ ਪਰਿਵਾਰ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਪਰਿਵਾਰ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਲੜਾਈ ਆਖ਼ਰੀ ਸਾਹ ਤੱਕ ਲੜਣਗੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।