ਪਟਿਆਲਾ : ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ. ਵੱਲੋਂ ਬੀਤੇ ਦਿਨੀਂ 43ਵਾਂ ਸਾਈਬਰ ਸੁਰੱਖਿਆ ਸੈਮੀਨਾਰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਵਿਖੇ ਬਣੇ ਟਰੇਨਿੰਗ ਸਕੂਲ ਵਿੱਚ ਕਰਵਾਇਆ ਗਿਆ। ਸੈਮੀਨਾਰ ਦੀ ਅਗਵਾਈ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਕੀਤੀ, ਜਦਕਿ ਸੈਮੀਨਾਰ ਸਬੰਧੀ ਵਿਸਥਾਰਿਕ ਜਾਣਕਾਰੀ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਵੱਲੋਂ ਸਾਂਝੀ ਕੀਤੀ ਗਈ। ਇਸ ਮੌਕੇ ਮਹਿਕਮੇ ਦੇ ਟ੍ਰੇਨਿਗ ਸਕੂਲ ਤੋਂ ਇੰਸਪੈਕਟਰ ਜਸਪਾਲ ਸਿੰਘ ਅਤੇ ਉਮੰਗ ਟੀਮ ਦੇ ਹੋਰਨਾਂ ਮੈਂਬਰਾ ਤੋਂ ਇਲਾਵਾ ਰਿਟਾਇਰਡ ਲੈਕਚਰਾਰ ਤੀਰਥ ਤੱਕਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ.
ਸੈਮੀਨਾਰ ਵਿੱਚ ਸਾਈਬਰ ਅਪਰਾਧਾਂ ਦੇ ਵਧ ਰਹੇ ਮਾਮਲਿਆਂ ‘ਤੇ ਚਰਚਾ ਕੀਤੀ ਗਈ। ਪ੍ਰਧਾਨ ਅਰਵਿੰਦਰ ਸਿੰਘ ਨੇ ਸੈਮੀਨਾਰ ਦੌਰਾਨ ਬੈਠੇ ਮਹਿਕਮੇ ਦੇ ਵੱਖ ਵੱਖ ਜਿਲਿਆਂ ਵਿਚਲੇ ਡਿਪੂਆਂ ਦੇ 40 ਦੇ ਕਰੀਬ ਡਰਾਈਵਰ, ਕੰਡਕਟਰ ਅਤੇ ਹੋਰ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਡਿਜ਼ਿਟਲ ਯੁੱਗ ਵਿੱਚ ਲੋਕਾਂ ਦੀਆਂ ਬੈਂਕਿੰਗ ਜਾਣਕਾਰੀਆਂ, ਸੋਸ਼ਲ ਮੀਡੀਆ ਖਾਤੇ ਤੇ ਨਿੱਜੀ ਡਾਟਾ ਸਭ ਤੋਂ ਵੱਧ ਖ਼ਤਰੇ ‘ਚ ਹਨ। ਇਸ ਲਈ ਹਰ ਨਾਗਰਿਕ ਨੂੰ ਸੁਚੇਤ
ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪਾਸਵਰਡ ਸਾਂਝੇ ਨਾ ਕਰਨਾ, ਅਣਜਾਣ ਲਿੰਕਾਂ ‘ਤੇ ਕਲਿਕ ਨਾ ਕਰਨਾ ਤੇ ਸ਼ੱਕੀ ਕਾਲਾਂ ਤੋਂ ਬਚਣਾ ਸਾਈਬਰ ਸੁਰੱਖਿਆ ਦੇ ਮੁੱਖ ਨਿਯਮ ਹਨ।
ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਨੇ ਸਾਈਬਰ ਕਾਨੂੰਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨਾਲ ਔਨਲਾਈਨ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ 1930 ਹੈਲਪਲਾਈਨ ਨੰਬਰ ਜਾਂ ਸਥਾਨਕ ਸਾਈਬਰ ਸੈੱਲ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਾਣਕਾਰੀ ਦੀ ਘਾਟ ਕਾਰਨ ਕਈ ਵਾਰ ਲੋਕ ਆਪਣੀ ਹੀ ਲਾਪਰਵਾਹੀ ਨਾਲ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਮੌਕੇ ਸੈਮੀਨਾਰ ਵਿੱਚ ਹਾਜ਼ਰ ਹੋਏ ਕਰਮਚਾਰੀਆਂ ਨੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੀ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਸੈਮੀਨਾਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ।