ਰੂਪਨਗਰ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ “ਹਰ ਸ਼ੁੱਕਰਵਾਰ ਡੈਂਗੂ ਤੇ ਵਾਰ” ਦੇ ਤਹਿਤ, ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਦੀ ਅਗਵਾਈ ਹੇਠ ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਦੀ ਟੀਮ ਵੱਲੋਂ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਘਰ-ਘਰ ਬੁਖਾਰ ਸਰਵੇਖਣ, ਕੰਟੇਨਰ ਸਰਵੇਖਣ ਅਤੇ ਐਂਟੀ ਲਾਰਵਾ ਸਪਰੇ ਕੀਤਾ ਗਿਆ। ਸਟਾਫ ਮੈਂਬਰਾਂ ਵਿੱਚ ਸੈਨੀਟਰੀ ਇੰਸਪੈਕਟਰ ਜਗਤਾਰ ਸਿੰਘ, ਹੈਲਥ ਵਰਕਰ ਹਰਜੀਤ ਸਿੰਘ ਅਤੇ ਆਸ਼ਾ ਵਰਕਰ ਪਰਮਜੀਤ ਕੌਰ ਨੇ ਸਰਗਰਮੀ ਨਾਲ ਭਾਗ ਲਿਆ। ਇਸ ਮੁਹਿੰਮ ਦੌਰਾਨ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ, ਪਾਣੀ ਵਾਲੇ ਬਰਤਨਾਂ ਨੂੰ ਸੁੱਕਾ ਰੱਖਣ ਅਤੇ ਮੱਛਰਾਂ ਨੂੰ ਵਧਣ ਤੋਂ ਰੋਕਣ ਲਈ ਜ਼ਰੂਰੀ ਸਲਾਹਾਂ ਦਿੱਤੀਆਂ ਗਈਆਂ। ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਨੇ ਕਿਹਾ ਕਿ ਆਯੁਸ਼ਮਾਨ ਆਰੋਗਿਆ ਕੇਂਦਰ ਦੀ ਟੀਮ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਸਰਾਹਣਯੋਗ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਾਫ਼-ਸੁਥਰਾਈ ਵਿੱਚ ਆਪਣਾ ਯੋਗਦਾਨ ਪਾਏਂ, ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਸੀਨੀਅਰ ਮੈਡੀਕਲ ਆਫੀਸਰ ਡਾ. ਆਨੰਦ ਘਈ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸਭ ਤੋਂ ਵੱਡਾ ਹਥਿਆਰ ਸਾਫ਼-ਸੁਥਰਾਈ ਅਤੇ ਲੋਕਾਂ ਦੀ ਭਾਗੀਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪਿੰਡ ਵਾਸੀ ਹਫ਼ਤੇ ਵਿੱਚ ਇਕ ਵਾਰ ਆਪਣੇ ਘਰਾਂ ਅਤੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਖਤਮ ਕਰਨ ਦੀ ਆਦਤ ਪਾ ਲੈਣ, ਤਾਂ ਮੱਛਰਾਂ ਦੇ ਵਾਧ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਇਨ੍ਹਾਂ ਕੋਸ਼ਿਸ਼ਾਂ ਕਰਕੇ ਪਿੰਡ ਮਾਜਰੀ ਜੱਟਾਂ ਅਤੇ ਇਸ ਨਾਲ ਲੱਗਦੇ ਪਿੰਡਾਂ ਵਿੱਚ ਇਸ ਸਾਲ ਡੇਂਗੂ ਦਾ ਕੋਈ ਵੀ ਕੇਸ ਦਰਜ ਨਹੀਂ ਹੋਇਆ ਹੈ। ਇਹ ਮੁਹਿੰਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਪੂਰੀ ਕੀਤੀ ਗਈ।