ਬਰਨਾਲਾ : ਪੰਜਾਬ 'ਚ ਹੜਾਂ ਦਾ ਕਹਿਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਹ ਕਾਰਨ ਪੰਜਾਬ ਦੇ ਅੱਧੇ ਤੋਂ ਵੱਧ ਜਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਨਾਂ ਵਿੱਚ ਸਰਕਾਰ ਅਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ ਪੀੜ੍ਹਤਾਂ ਲਈ ਦੇਣ ਦਾ ਐਲਾਨ ਕੀਤਾ ਹੈ। ਪੰਜਾਬ 'ਚ ਹੜ ਪੀੜਤਾਂ ਦੀ ਮਦਦ ਸਬੰਧੀ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਬਿਪਤਾ ਦੇ ਇਸ ਸਮੇਂ ਵਿੱਚ ਹਰ ਇਨਸਾਨ ਨੂੰ ਆਪਣੀ ਸਮਰੱਥਾ ਮੁਤਾਬਕ ਅੱਗੇ ਆਉਣਾ
ਚਾਹੀਦਾ ਹੈ। ਉਹਨਾਂ ਕਿਹਾ ਕਿ ਇਹੀ ਉਹ ਸਮਾਂ ਹੈ ਜਿਸ ਦੌਰਾਨ ਆਪਸੀ ਲੋਕਾਂ ਦੇ ਭਾਈਚਾਰਕ ਏਕਤਾ ਦੀ ਭਾਵਨਾ ਕਾਇਮ ਰਹਿਣੀ ਚਾਹੀਦੀ ਹੈ ਅਤੇ ਪੰਜਾਬ ਦੇ ਲੋਕ ਹਮੇਸਾ ਇਹੋ ਜਿਹੀਆਂ ਬਿਪਤਾਵਾਂ ਨਾਲ ਇਕੱਠੇ ਹੋ ਕੇ ਲੜਦੇ ਆਏ ਹਨ। ਵਿਧਾਇਕ ਢਿੱਲੋਂ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜੀ ਦੀ ਭਾਵਨਾ ਤੋਂ ਉੱਪਰ ਉਠ ਕੇ ਹੜ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਹਮੇਸਾ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸਾ ਯਤਨਸੀਲ ਰਿਹਾ ਅਤੇ ਇਹ ਸਮਾਜਸੇਵੀ ਕਾਰਜਾਂ ਦੀ ਲੜੀ ਰਾਜਨੀਤਿਕ ਪਲੇਟਫਾਰਮ ਤੋਂ ਉਪਰ ਉੱਠ ਕੇ ਹਮੇਸਾ ਜਾਰੀ ਰਹੇਗੀ।