ਕਿਰਤਪੁਰ ਸਾਹਿਬ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦੇ ਦ੍ਰਿੜ੍ਹ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਪੰਜਾਬ ਵੱਲੋਂ ਡੇਂਗੂ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦਾ ਨਤੀਜਾ ਹੈ ਕਿ ਇਸ ਸਾਲ ਬਲਾਕ ਭਰਤਗੜ੍ਹ ਵਿੱਚ ਡੇਂਗੂ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ। ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਦੀ ਅਗਵਾਈ ਹੇਠ ਹੈਲਥ ਵਰਕਰਾਂ ਨੇ ਹੈਲਥ ਸੁਪਰਵਾਇਜ਼ਰਾਂ ਪਾਲ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ, ਵਿਵੇਕ ਕੁਮਾਰ, ਅਵਤਾਰ ਸਿੰਘ ਅਤੇ ਜਗਦੀਸ਼ ਸਿੰਘ ਦੀ ਦੇਖ-ਰੇਖ ਹੇਠ ਘਰ-ਘਰ ਜਾ ਕੇ ਪਾਣੀ ਦੇ ਬਰਤਨਾਂ ਦੀ ਜਾਂਚ ਕੀਤੀ, ਕੰਟੇਨਰ ਸਰਵੇ, ਐਂਟੀ ਲਾਰਵਾ ਛਿੜਕਾਅ ਅਤੇ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਪਿੰਡ ਪੱਧਰ 'ਤੇ ਲਗਾਤਾਰ ਸਫਾਈ, ਢੁਕਵੇਂ ਕੂੜਾ ਪ੍ਰਬੰਧਨ, ਬਿਨਾਂ ਲੋੜ ਦੇ ਪਾਣੀ ਦੇ ਇਕੱਠ ਨੂੰ ਖਤਮ ਕਰਨਾ ਅਤੇ ਲੋਕਾਂ ਨੂੰ ਆਪਣੇ ਆਸ-ਪਾਸ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕਰਨਾ ਸ਼ਾਮਲ ਹੈ।
ਡਾ. ਆਨੰਦ ਘਈ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਡੇਂਗੂ ਜਿਹੀ ਖਤਰਨਾਕ ਬਿਮਾਰੀ ਤੋਂ ਬਚਾਅ ਸਿਰਫ਼ ਦਵਾਈਆਂ ਨਾਲ ਨਹੀਂ ਹੋ ਸਕਦਾ, ਸਗੋਂ ਲੋਕਾਂ ਦੀ ਜਾਗਰੂਕਤਾ ਅਤੇ ਸਹਿਯੋਗ ਸਭ ਤੋਂ ਵੱਡੀ ਦਵਾਈ ਹੈ। ਇਸ ਸਾਲ ਭਰਤਗੜ੍ਹ ਬਲਾਕ ਵਿੱਚ ਡੇਂਗੂ ਦਾ ਕੋਈ ਕੇਸ ਨਾ ਆਉਣਾ ਸਾਡੇ ਸਿਹਤ ਵਰਕਰਾਂ ਅਤੇ ਹੈਲਥ ਸੁਪਰਵਾਇਜ਼ਰਾਂ ਦੀ ਅਥਕ ਮਿਹਨਤ ਅਤੇ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਦਾ ਨਤੀਜਾ ਹੈ। ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਖ਼ਾਸ ਮੁਹਿੰਮ ਚਲਾਈ ਗਈ, ਘਰ-ਘਰ ਜਾਂਚ ਕੀਤੀ ਗਈ, ਲਾਰਵਾ ਨਾਸ਼ਕ ਛਿੜਕਾਅ ਹੋਇਆ ਅਤੇ ਲੋਕਾਂ ਨੂੰ ਇਹ ਸਮਝਾਇਆ ਗਿਆ ਕਿ ਪਾਣੀ ਦਾ ਇਕੱਠ ਨਾ ਹੋਣ ਦੇਣ ਨਾਲ ਹੀ ਡੇਂਗੂ ਦੇ ਮੱਛਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਮੈਂ ਪਿੰਡ ਵਾਸੀਆਂ ਨੂੰ ਧੰਨਵਾਦ ਕਰਦਾ ਹਾਂ ਕਿ ਉਹ ਸਾਡੇ ਨਾਲ ਮਿਲਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਂਦੇ ਹਨ। ਸਾਡਾ ਲੱਖ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਭਰਤਗੜ੍ਹ ਬਲਾਕ ਡੇਂਗੂ-ਮੁਕਤ ਹੀ ਰਹੇ ਅਤੇ ਇਹ ਹੋਰ ਇਲਾਕਿਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇ।
ਸਾਹਿਲ ਸੁਖੇਰਾ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਕਿਹਾ ਕਿ ਭਰਤਗੜ੍ਹ ਬਲਾਕ ਵਿੱਚ ਡੇਂਗੂ ਦਾ ਇਕ ਵੀ ਕੇਸ ਨਾ ਆਉਣਾ ਸਾਡੇ ਲਈ ਬਹੁਤ ਵੱਡੀ ਕਾਮਯਾਬੀ ਹੈ। ਇਸ ਸਫਲਤਾ ਦੇ ਪਿੱਛੇ ਸਿਹਤ ਵਰਕਰਾਂ ਅਤੇ ਹੈਲਥ ਸੁਪਰਵਾਇਜ਼ਰਾਂ ਦੀ ਦਿਨ-ਰਾਤ ਦੀ ਮਿਹਨਤ ਅਤੇ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਬਾਰਿਸ਼ ਅਤੇ ਬਾੜ ਦੇ ਦਿਨਾਂ ਵਿੱਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਜੇਕਰ ਲੋਕ ਆਪਣੀ ਸਫਾਈ ਦਾ ਖ਼ਾਸ ਧਿਆਨ ਰੱਖਣ, ਛੱਤਾਂ ਤੇ ਪਾਣੀ ਇਕੱਠ ਨਾ ਹੋਣ ਦੇਣ, ਟੈਂਕੀਆਂ ਨੂੰ ਢੱਕ ਕੇ ਰੱਖਣ ਅਤੇ ਪੁਰਾਣੀਆਂ ਟਾਇਰਾਂ ਜਾਂ ਬੇਕਾਰ ਬਰਤਨਾਂ ਵਿੱਚ ਪਾਣੀ ਇਕੱਠ ਨਾ ਹੋਣ ਦੇਣ ਤਾਂ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਹੈ।
ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ‘ਤੇ ਪੂਰੀ ਤਰ੍ਹਾਂ ਅਮਲ ਕਰਨ, ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਹਰ ਮੁਹਿੰਮ ਵਿੱਚ ਸਰਗਰਮ ਹਿੱਸਾ ਲੈਣ। ਜੇ ਅਸੀਂ ਸਭ ਮਿਲਕੇ ਕੰਮ ਕਰੀਏ ਤਾਂ ਨਾ ਸਿਰਫ਼ ਡੇਂਗੂ ਤੋਂ ਬਲਕਿ ਹੋਰ ਮੱਛਰ-ਜਨਿਤ ਬਿਮਾਰੀਆਂ ਤੋਂ ਵੀ ਆਪਣੀ ਰੱਖਿਆ ਕਰ ਸਕਦੇ ਹਾਂ। ਭਰਤਗੜ੍ਹ ਬਲਾਕ ਦੀ ਇਹ ਕਾਮਯਾਬੀ ਸਾਰੇ ਪੰਜਾਬ ਲਈ ਇੱਕ ਉਦਾਹਰਣ ਬਣ ਸਕਦੀ ਹੈ।