ਬੰਗਾ : ਮਾਪਿਆਂ ਵੱਲੋਂ ਆਪਣੇ ਬੱਚਿਆਂ ਦਾ ਘਰਾਂ ਅੰਦਰ ਧਿਆਨ ਨਾ ਰੱਖਣ ਦੀ ਸੂਰਤ ਵਿਚ ਉਹ ਵੱਖ-ਵੱਖ ਘਰੇਲ਼ੂ ਹਾਦਸਿਆਂ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਜਿਸ ਕਰਕੇ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੂਬੇ ਦੇ ਦੁਆਬਾ ਖੇਤਰ ਦੇ ਪ੍ਰਸਿੱਧ ਮਲਟੀਸਪੈਸ਼ਲਿਟੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਰਥੋਪੈਡਿਕ ਸਰਜਨ ਡਾ. ਪਰਮਿੰਦਰ ਸਿੰਘ ਵਾਰੀਆਂ ਐਮ ਐਸ ਵੱਲੋਂ ਦੋ ਵੱਖ-ਵੱਖ ਘਰੇਲੂ ਹਾਦਸਿਆਂ ਦਾ ਸ਼ਿਕਾਰ ਬੱਚਿਆਂ ਦਾ ਸਫਲ ਅਪਰੇਸ਼ਨ ਕਰਨ ਉਪਰੰਤ ਆਮ ਲੋਕਾਈ ਨੂੰ ਜਾਗਰੂਕ ਕਰਨ ਮੌਕੇ ਪ੍ਰਗਟਾਏ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਕਸਬਾ ਅੱਪਰਾ ਦੇ ਨੇੜਲੇ ਪਿੰਡ ਤੂਰਾਂ ਦੇ ਸਕੂਲ ਪੜ੍ਹਦੇ ਫਰਹਾਨ ਮੁਹੰਮਦ ਦਾ ਹੱਥ ਟੋਕਾ ਮਸ਼ੀਨ ਵਿਚ ਆ ਜਾਣ ਕਰਕੇ ਚਾਰੇ ਉਂਗਲਾਂ ਕੱਟੀਆਂ ਗਈਆਂ ਸਨ। ਇਸ ਦੇ ਹੱਥ ਅਤੇ ਅੰਗੂਠੇ ਨੂੰ ਬਚਾਉਣ ਲਈ ਵੱਖ-ਵੱਖ ਚਾਰ ਅਪਰੇਸ਼ਨਾਂ ਤੋਂ ਇਲਾਵਾ ਜਟਿਲ ਰੀਕੰਸਟ੍ਰੈਕਟਿਵ ਸਰਜਰੀ ਕੀਤੀ ਗਈ। ਇਸ ਤੋਂ ਇਲਾਵਾ ਖਾਨਖਾਨਾ ਦੀ 8 ਸਾਲਾ ਬੱਚੀ ਸ਼ਬੀਨਾ ਜਿਸ ਦੀਆਂ ਖੱਬੇ ਹੱਥ ਦੀਆਂ ਉਂਗਲਾਂ ਮਸ਼ੀਨ ਵਿਚ ਆ ਜਾਣ ਨਾਲ ਟੁੱਟ ਗਈਆਂ ਸਨ, ਇਹਨਾਂ ਉਗਲਾਂ ਦੀਆਂ ਹੱਡੀਆਂ ਨੂੰ ਅਪਰੇਸ਼ਨ ਕਰਕੇ ਜੋੜਿਆ ਗਿਆ । ਇਹ ਦੋਵੇਂ ਬੱਚੇ ਹੁਣ ਤੰਦਰੁਸਤ ਹ । ਦੋਵਾਂ ਬੱਚਿਆਂ ਦੇ ਪਰਿਵਾਰਾਂ ਨੇ ਵੀ ਉਹਨਾਂ ਬੱਚਿਆਂ ਦਾ ਸ਼ਾਨਦਾਰ ਇਲਾਜ ਕਰਨ ਲਈ ਡਾ. ਪਰਮਿੰਦਰ ਸਿੰਘ ਵਾਰੀਆਂ ਐਮ ਐਸ (ਆਰਥੋਪੈਡਿਕ) ਅਤੇ ਡਾ. ਦੀਪਕ ਦੁੱਗਲ ਐਮ ਡੀ (ਐਨਾਥੀਸੀਆ) ਦਾ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਡਾ. ਵਾਰੀਆ ਨੇ ਕਿਹਾ ਜੇ ਅਸੀਂ ਆਪਣੇ ਬੱਚਿਆਂ ਦਾ ਉਹਨਾਂ ਦੇ ਖੇਡਣ ਸਮੇਂ ਅਤੇ ਉਹਨਾਂ ਵੱਲੋਂ ਕਿਸੇ ਪ੍ਰਕਾਰ ਦੇ ਘਰੇਲੂ ਕੰਮ ਕਰਨ ਮੌਕੇ ਧਿਆਨ ਰੱਖਾਂਗੇ ਤਾਂ ਇਸ ਤਰ੍ਹਾਂ ਦੇ ਹਾਦਸੇ ਰੋਕੇ ਜਾ ਸਕਦੇ ਹਨ। ਵਰਨਣਯੋਗ ਹੈ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਅਤੇ ਜੋੜ ਬਦਲੀ ਵਿਭਾਗ ਵਿਚ ਸੜਕ ਦੁਰਘਨਾਵਾਂ, ਹੱਡੀਆਂ ਤੇ ਜੋੜਾਂ ਦੇ ਫਰੈਕਰਚਰ ਅਤੇ ਹੋਰ ਵੱਖ ਵੱਖ ਹਾਦਸਿਆਂ ਵਿਚ ਜ਼ਖਮੀ ਮਰੀਜ਼ਾਂ ਦੇ ਇਲਾਜ ਲਈ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਉੱਚ ਪੱਧਰੀ ਟਰੌਮਾ ਕੇਅਰ ਸੈਂਟਰ, ਐਮਰਜੈਂਸੀ, ਆਈ ਸੀ ਯੂ ਅਤੇ ਚਾਰ ਮਾਡੂਲਰ ਉਪਰੇਸ਼ਨ ਥੀਏਟਰ ਹਨ, ਜਿੱਥੇ ਮਾਹਿਰ ਡਾਕਟਰ ਸਾਹਿਬਾਨ 24 ਘੰਟੇ ਹਾਜ਼ਰ ਰਹਿੰਦੇ ਹਨ।