Sunday, December 07, 2025

Malwa

ਸਰਬਜੀਤ ਸਿੰਘ ਝਿੰਜਰ ਨੇ ਪੰਜਾਬ 'ਚ ਵਧ ਰਹੇ ਨਸ਼ੇ ਖ਼ਿਲਾਫ਼ ਗੰਭੀਰ ਚਿੰਤਾ ਕੀਤੀ ਪ੍ਰਗਟ

August 25, 2025 10:18 PM
SehajTimes

ਫ਼ਤਿਹਗੜ੍ਹ ਸਾਹਿਬ : ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਕਹਿਰ ਉੱਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਬਹੁਤ ਹੀ ਦਰਦਨਾਕ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਆਪਣੇ ਪਿੰਡ ਝਿੰਜਰਾਂ ਵਿੱਚ ਇੱਕ ਮਾਂ ਨੇ ਆਪਣਾ ਪੁੱਤ ਅਤੇ ਇੱਕ 15 ਸਾਲਾਂ ਦੇ ਬੱਚੇ ਨੇ ਆਪਣੇ ਪਿਉ ਨੂੰ ਨਸ਼ੇ ਕਾਰਨ ਖੋ ਦਿੱਤਾ। ਨੌਜਵਾਨ ਦੀ ਲਾਸ਼ ਸਾਧੂ ਗੜ੍ਹ ਦੀ ਪਸ਼ੂ ਮੰਡੀ ਨੇੜੇ ਝਾੜੀਆਂ ਵਿਚੋਂ ਮਿਲੀ, ਜਿਸ ਕੋਲੋਂ ਟੀਕੇ ਵੀ ਬਰਾਮਦ ਹੋਏ। ਇਹ ਸਾਫ਼ ਦਰਸਾਉਂਦਾ ਹੈ ਕਿ ਨਸ਼ੇ ਦੀ ਦਲਦਲ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਸਰਬਜੀਤ ਝਿੰਜਰ ਨੇ ਕਿਹਾ, "24 ਘੰਟੇ ਬੀਤ ਜਾਣ ਮਗਰੋਂ ਵੀ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਗਈ, ਨਾ ਹੀ ਕੋਈ ਪਰਚਾ ਦਰਜ ਹੋਇਆ। ਇਹ ਸਿਸਟਮ ਦੀ ਨਾਕਾਮੀ ਨੂੰ ਦਰਸਾਉਂਦਾ ਹੈ।" ਝਿੰਜਰ ਨੇ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਕਿ ਨਸ਼ਾ ਕਿੱਥੋਂ ਆ ਰਿਹਾ ਹੈ? ਉਹ ਕਿਹੜੇ ਡੀਲਰ ਹਨ ਜੋ ਨੌਜਵਾਨਾਂ ਤੱਕ ਨਸ਼ਾ ਪਹੁੰਚਾ ਰਹੇ ਹਨ? ਜਿਹੜੇ ਡੀਲਰ ਸਰਕਾਰ ਦੇ ਨੱਕ ਹੇਠਾਂ ਨਸ਼ਾ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਅਖੀਰ ਵਿਚ ਝਿੰਜਰ ਨੇ ਕਿਹਾ ਕਿ ਸਾਨੂੰ ਸਿਰਫ਼ ਰੋਣਾ ਨਹੀਂ, ਹੁਣ ਬੋਲਣਾ ਹੋਵੇਗਾ। ਹਰ ਨੌਜਵਾਨ, ਮਾਂ-ਬਾਪ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲਾਂ-ਕਾਲਜਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ। ਆਓ, ਅਸੀਂ ਸਭ ਮਿਲ ਕੇ ਪੰਜਾਬ ਨੂੰ ਇਸ ਨਸ਼ਿਆਂ ਦੇ ਕੋਹੜ ਤੋਂ ਬਚਾਈਏ।

Have something to say? Post your comment