ਮੋਹਾਲੀ : ਪੰਜਾਬ ਸਰਕਾਰ ਵਲੋਂ ਮਾਨਸਿਕ ਰੋਗਾਂ ਦੇ ਇਲਾਜ ਲਈ 14416 ਨੰਬਰ ਹੈਲਪਲਾਈਨ ਸ਼ੁਰੂ ਕੀਤੀ ਹੋਈ ਹੈ, ਜਿਥੇ ਫ਼ੋਨ ਕਰ ਕੇ ਮਰੀਜ਼ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਮਾਨਸਿਕ ਬੀਮਾਰੀ ਦੇ ਇਲਾਜ ਲਈ ਸਲਾਹ-ਮਸ਼ਵਰਾ ਲੈ ਸਕਦੇ ਹਨ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਇਸ ਪ੍ਰਾਜੈਕਟ ਨੂੰ ਟੈਲੀਮਾਨਸ ਦਾ ਨਾਮ ਦਿਤਾ ਗਿਆ ਹੈ, ਜੋ ਦਿਮਾਗੀ ਰੋਗਾਂ ਦੇ ਹਰ ਤਰ੍ਹਾਂ ਦੇ ਮਰੀਜ਼ਾਂ ਲਈ ਵੱਡਾ ਉਪਰਾਲਾ ਹੈ। ਇਸ ਟੋਲ ਫ਼ਰੀ ਹੈਲਪਲਾਈਨ ਰਾਹੀਂ ਮਰੀਜ਼ ਘਰ ਬੈਠੇ ਹੀ ਮਾਨਸਿਕ ਬੀਮਾਰੀ ਸਬੰਧੀ ਸਲਾਹ ਅਤੇ ਦਵਾਈ ਬਾਰੇ ਪੁੱਛ ਸਕਦੇ ਹਨ। ਮਰੀਜ਼ ਡਾਕਟਰ ਕੋਲ ਆਨਲਾਈਨ ਅਪੁਆਇੰਟਮੈਂਟ ਵੀ ਬੁੱਕ ਕਰਵਾ ਸਕਦਾ ਹੈ। ਸਿਵਲ ਸਰਜਨ ਨੇ ਦਸਿਆ ਕਿ ਕਈ ਵਾਰ ਮਾਨਸਿਕ ਰੋਗੀ ਅਪਣੀ ਬੀਮਾਰੀ ਨੂੰ ਲੁਕਾਉਂਦੇ ਹਨ ਅਤੇ ਡਾਕਟਰ ਕੋਲ ਨਹੀਂ ਜਾਂਦੇ। ਇਸ ਤਰ੍ਹਾਂ ਇਹ ਹੈਲਪਲਾਈਨ ਉਨ੍ਹਾਂ ਵਾਸਤੇ ਵਰਦਾਨ ਸਾਬਤ ਹੋ ਸਕਦੀ ਹੈ। ਉਹ ਸਿੱਧੇ ਹੀ ਫ਼ੋਨ ਕਰ ਕੇ ਅਪਣੀ ਸਮੱਸਿਆ ਸਬੰਧੀ ਦੱਸ ਸਕਦੇ ਹਨ, ਜਿਥੇ ਪੇਸ਼ੇਵਰ ਕੌਂਸਲਰ ਮਰੀਜ਼ ਨੂੰ ਚੰਗੀ ਤਰ੍ਹਾਂ ਸੇਧ ਦੇਣਗੇ। ਟੈਨੀਮਾਨਸ ਐਪ ਡਾਊਨਲੋਡ ਕਰ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜ਼ਿਲ੍ਹੇ ਦੀ ਹਰ ਸਰਕਾਰੀ ਸਿਹਤ ਸੰਸਥਾ ਵਿਚ ਦਿਮਾਗੀ ਰੋਗਾਂ ਦੇ ਇਲਾਜ ਦੀ ਮੁਫ਼ਤ ਸਹੂਲਤ ਉਪਲਭਧ ਹੈ। ਇਸ ਤੋਂ ਇਲਾਵਾ, ਮੋਹਾਲੀ ਦੇ ਸੈਕਟਰ 67 ਵਿਖੇ ਜ਼ਿਲ੍ਹਾ ਪੱਧਰੀ ਨਸ਼ਾ ਮੁਕਤੀ ਕੇਂਦਰ ਵੀ ਹੈ, ਜਿਥੇ ਮਾਨਸਿਕ ਰੋਗੀਆਂ ਨੂੰ ਦਾਖ਼ਲ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਕੋਈ ਵੀ ਵਿਅਕਤੀ ਜੋ ਮਾਨਸਿਕ ਸਮੱਸਿਆਵਾਂ ਜਿਵੇਂ ਨਸ਼ਾਖੋਰੀ, ਚਿੰਤਾ, ਉਦਾਸੀ, ਨਾਂਹਪੱਖੀ ਵਿਚਾਰ, ਆਤਮ ਹੱਤਿਆ ਦੇ ਵਿਚਾਰ , ਮਨ ਵਿੱਚ ਵਾਰ-ਵਾਰ ਖੁਦਕੁਸ਼ੀ ਦਾ ਖਿਆਲ ਆਉਣਾ ਜਾਂ ਪੜ੍ਹਾਈ ਦਾ ਤਣਾਅ ਹੋਣਾ, ਸ਼ੱਕ ਜਾਂ ਵਹਿਮ ਦੀ ਬੀਮਾਰੀ ਆਦਿ ਤੋਂ ਪੀੜਤ ਹੈ ਤਾਂ ਉਹ ਇਸ ਨੈਸ਼ਨਲ ਟੋਲ ਫ਼ਰੀ ਹੈਲਪਲਾਈਨ ਨੰਬਰ ‘ਤੇ ਕਾਲ ਕਰਕੇ ਮਦਦ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਮਾਨਸਿਕ ਰੋਗਾਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮਰੀਜ਼ਾਂ ਨੂੰ ਜਿਥੇ ਡਾਕਟਰਾਂ ਦੁਆਰਾ ਮੁਫ਼ਤ ਪੇਸ਼ੇਵਰ ਸਲਾਹ ਦਿਤੀ ਜਾਂਦੀ ਹੈ, ਉਥੇ ਮੁਫ਼ਤ ਦਵਾਈਆਂ ਵੀ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਅੰਦਰ ਮਾਨਸਿਕ ਰੋਗੀਆਂ ਦੀ ਪਛਾਣ ਅਤੇ ਇਲਾਜ ਪ੍ਰਬੰਧਨ ਲਈ ਟੈਲੀ ਮਾਨਸ ਹੈਲਪਲਾਈਨ ਨੂੰ ਵਿਆਪਕ ਪੱਧਰ 'ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨੂੰ ਵੀ ਟੈਲੀ ਮਾਨਸ ਹੈਲਪਲਾਈਨ ਨਬੰਰ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ।