ਸੁਨਾਮ : ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਸਕੂਲੀ ਖੇਡਾਂ ਵਿੱਚ ਅਕੇਡੀਆ ਵਰਲ਼ਡ ਸਕੂਲ ਸੁਨਾਮ ਦੀ ਕ੍ਰਿਕਟ ਟੀਮ ਅੰਡਰ-17 ਨੇ ਜੋ਼ਨ ਪੱਧਰੀ ਮੁਕਾਬਲੇ ਦੇ ਫਾਈਨਲ ਵਿੱਚ ਬ੍ਰਿਟਿਸ਼ ਸਕੂਲ ਦੀ ਟੀਮ ਨੂੰ ਹਰਾਕੇ ਪਹਿਲਾ ਸਥਾਨ ਹਾਸਿਲ ਕੀਤਾ। ਸ਼ਹੀਦ ਊਧਮ ਸਿੰਘ ਸਟੇਡੀਅਮ ਸੁਨਾਮ ਵਿਖੇ ਕਰਵਾਏ ਮੁਕਾਬਲਿਆਂ ਵਿੱਚ 14 ਸਕੂਲਾਂ ਦੀਆਂ ਕ੍ਰਿਕਟ ਟੀਮਾਂ ਨੇ ਹਿੱਸਾ ਲਿਆ। ਅਕੇਡੀਆ ਵਰਲਡ ਸਕੂਲ ਦੀ ਟੀਮ ਦੇ ਕੋਚ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਈਨਲ ਮੈਚ ਅਕੇਡੀਆ ਵਰਲ਼ਡ ਸਕੂਲ ਅਤੇ ਬ੍ਰਿਟਿਸ਼ ਸਕੂਲ ਵਿਚਕਾਰ ਹੋਇਆ। ਫਾਈਨਲ ਮੈਚ ਪੰਜ ਓਵਰ ਦਾ ਸੀ। ਵਿਦਿਆਰਥੀਆਂ ਨੇ ਪਹਿਲਾਂ ਬੌਲਿੰਗ ਕਰਨ ਦਾ ਫੈਸਲਾ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ 42 ਰਨ ਦੇ ਟੀਚੇ ਨੂੰ ਪੂਰਾ ਕਰਦੇ ਹੋਏ ਜਿੱਤ ਆਪਣੀ ਝੋਲੀ ਪਾਈ। ਜੋਨ ਆਰਗਨਾਈਜੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡੀ.ਪੀ .ਈ. ਅਮਰਜੀਤ ਸਿੰਘ ਵੀ ਹਾਜ਼ਰ ਸਨ। ਕ੍ਰਿਕਟ ਟੀਮ ਦੇ ਵਿਦਿਆਰਥੀ ਇਸ਼ਮੀਤ ਸਿੰਘ, ਰਣਵੀਰ ਸ਼ਰਮਾ, ਜਸਪ੍ਰੀਤ ਸਿੰਘ, ਇਮਾਨਪ੍ਰੀਤ ਸਿੰਘ, ਉਜਵਲ ਮਧਾਨ ,ਗਰਵਿਤ, ਬੂਟਾ ਸਿੰਘ, ਅਰਮਾਨ ਸਿੰਘ, ਅੱਛਰੂ ਗੋਇਲ, ਅਭੀਜੋਤ ਸਿੰਘ, ਏਕਮਸ਼ੇਰ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ "ਸਿੱਖਿਆ ਕੇਵਲ ਕਿਤਾਬਾਂ ਤੱਕ ਸੀਮਿਤ ਨਹੀਂ, ਖੇਡਾਂ, ਵਿਸ਼ੇਸ਼ ਕਰਕੇ ਕ੍ਰਿਕਟ, ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਨੇਤਰਤੱਵ ਦੇ ਗੁਣ ਵਿਕਸਿਤ ਕਰਦੀਆਂ ਹਨ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮੈਚ ਰਾਹੀਂ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ ਨੂੰ ਦਿਖਾਉਣ ਦਾ ਮੌਕਾ ਪ੍ਰਾਪਤ ਕੀਤਾ ਹੈ।