ਬੂਥਗੜ੍ਹ : ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਪੈਂਦੇ ਆਮ ਆਦਮੀ ਕਲੀਨਿਕਾਂ ਵਿਚ ਹੁਣ ਐਂਟੀ-ਰੇਬੀਜ਼ ਵੈਕਸੀਨ ਦੀ ਵੀ ਸਹੂਲਤ ਦੇਣੀ ਸ਼ੁਰੂ ਕਰ ਦਿਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਇਹ ਸਹੂਲਤ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਆਮ ਆਦਮੀ ਕਲੀਨਿਕਾਂ 'ਤੇ ਰੇਬੀਜ਼ ਦਾ ਇਲਾਜ ਬਿਲਕੁਲ ਮੁਫ਼ਤ ਹੈ ਜਦਕਿ ਜਾਨਵਰਾਂ ਦੇ ਵੱਢਣ ਦੇ ਇਲਾਜ ਲਈ ਟੀਕੇ ਪੀ.ਐਚ.ਸੀ. ਬੂਥਗੜ੍ਹ ਵਿਖੇ ਪਹਿਲਾਂ ਹੀ ਲਗਾਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਪੀ.ਐਚ.ਸੀ. ਬੂਥਗੜ੍ਹ ਅਧੀਨ ਖ਼ਿਜਰਾਬਾਦ, ਪਲਹੇੜੀ ਅਤੇ ਬੂਥਗੜ੍ਹ ਵਿਖੇ ਤਿੰਨ ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਨੂੰ ਆਯੁਸ਼ਮਾਨ ਅਰੋਗਿਆ ਕੇਂਦਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਜਾਨਵਰਾਂ ਦੇ ਵੱਢਣ ਦੇ ਪਹਿਲੇ ਦਿਨ, ਤੀਜੇ ਦਿਨ, ਸੱਤਵੇਂ ਅਤੇ 28ਵੇਂ ਦਿਨ ਟੀਕਾਕਰਨ ਬਹੁਤ ਜ਼ਰੂਰੀ ਹੈ। ਐਂਟੀ-ਰੇਬੀਜ਼ ਵੈਕਸੀਨ (ਏ.ਆਰ.ਵੀ.) ਰੇਬੀਜ਼ ਨੂੰ ਰੋਕਦੀ ਹੈ। ਉਨ੍ਹਾਂ ਦਸਿਆ ਕਿ ਰੇਬੀਜ਼ ਜਾਂ ਹਲਕਾਅ ਦਾ ਇਹ ਰੋਗ 100 ਫੀਸਦੀ ਜਾਨਲੇਵਾ ਪਰ 100 ਫੀਸਦੀ ਰੋਕਥਾਮ ਯੋਗ ਹੈ, ਜੇਕਰ ਜਲਦੀ ਇਲਾਜ ਕੀਤਾ ਜਾਵੇ। ਆਮ ਤੌਰ ‘ਤੇ ਇਹ ਸਮਝਿਆ ਜਾਂਦਾ ਹੈ ਕਿ ਰੇਬੀਜ਼ ਸਿਰਫ ਕੁੱਤੇ ਦੇ ਵੱਢਣ ਨਾਲ ਫੈਲ ਸਕਦਾ ਹੈ। ਹਾਲਾਂਕਿ ਇਸ ਦੇ ਉਲਟ, ਇਹ ਬਿਮਾਰੀ ਕੁੱਤਿਆਂ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਬਿੱਲੀਆਂ, ਬਾਂਦਰਾਂ, ਬੱਕਰੀਆਂ, ਚਮਗਿੱਦੜਾਂ ਸਮੇਤ ਵੱਖ-ਵੱਖ ਜਾਨਵਰਾਂ ਦੇ ਕੱਟਣ ਨਾਲ ਹੋ ਸਕਦੀ ਹੈ। ਇਹ ਵਾਇਰਸ ਸੰਕ੍ਰਮਿਤ ਜਾਨਵਰਾਂ ਦੀ ਲਾਰ ਵਿੱਚ ਰਹਿੰਦਾ ਹੈ ਅਤੇ ਜਾਨਵਰਾਂ ਦੇ ਕੱਟਣ ਜਾਂ ਜ਼ਖ਼ਮਾਂ ਰਾਹੀਂ ਮਨੁੱਖਾਂ ਵਿੱਚ ਦਾਖਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਜਾਨਵਰ ਨੇ ਕੱਟ ਲਿਆ ਹੈ ਜਾਂ ਤੁਹਾਨੂੰ ਰੇਬੀਜ਼ ਦੇ ਸੰਕ੍ਰਮਣ ਦਾ ਸ਼ੱਕ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਅਤੇ ਰੇਬੀਜ਼ ਦਾ ਟੀਕਾ ਲਗਵਾਓ। ਉਨ੍ਹਾਂ ਆਮ ਲੋਕਾਂ ਨੂੰ ਦੇਸੀ-ਨੁਸਖ਼ਿਆਂ ਦੀ ਬਜਾਏ ਸਹੀ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ’ਤੇ ਜ਼ਖਮ ’ਤੇ ਮਿਰਚਾਂ ਆਦਿ ਨਹੀਂ ਲਗਾਉਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ।
ਰੇਬੀਜ਼ ਦੀਆਂ ਨਿਸ਼ਾਨੀਆਂ ਅਤੇ ਲੱਛਣ:
ਰੇਬੀਜ਼ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਘਬਰਾਹਟ, ਉਲਟੀਆਂ ਅਤੇ ਆਮ ਕਮਜ਼ੋਰੀ ਹੋ ਸਕਦੇ ਹਨ। ਜਿਉਂ-ਜਿਉਂ ਇਹ ਵਾਇਰਸ ਫੈਲਦਾ ਹੈ ਤਾਂ ਹੋਰ ਲੱਛਣ ਪੈਦਾ ਹੋਣ ਲੱਗਦੇ ਹਨ ਜਿਵੇਂ ਉਲਝਣ, ਬੇਚੈਨੀ ,ਆਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾਂ ਪੈਣੀਆਂ, ਭਰਮ, ਨਿਗਲਣ ਵਿੱਚ ਮੁਸ਼ਕਲ, ਬਹੁਤ ਜ਼ਿਆਦਾ ਲਾਰ, ਅਧਰੰਗ ਅਤੇ ਅੰਤ ਵਿੱਚ ਮੌਤ।
ਰੇਬੀਜ਼ ਤੋਂ ਬਚਾਅ ਦੇ ਕਦਮ:
ਕੋਈ ਵੀ ਜਾਨਵਰ ਜੋ ਬਿਮਾਰ ਜਾਂ ਜ਼ਖਮੀ ਦਿਖਾਈ ਦਿੰਦਾ ਹੈ, ਦੇ ਸੰਪਰਕ ‘ਚ ਆਉਣ ਤੋਂ ਬਚੋ।
ਆਪਣੇ ਪਾਲਤੂ ਜਾਨਵਰਾਂ ਨੂੰ ਨਿਯਮਿਤ ਤੌਰ 'ਤੇ ਰੇਬੀਜ਼ ਦੇ ਟੀਕੇ ਲਵਾਓ।
ਅਵਾਰਾ ਪਸ਼ੂਆਂ ਨੂੰ ਨਾ ਛੂਹੋ
ਜਾਨਵਰਾਂ ਦੇ ਕੱਟਣ ਵਾਲੀ ਥਾਂ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਧੋਵੋ।