ਡਾਕਟਰਾਂ ਦੀ ਮਿਲੀਭੁਗਤ ਨਾਲ ਅਣ ਅਧਿਕਾਰਿਤ ਵਿਅਕਤੀ ਅਪ੍ਰੇਸ਼ਨ ਥਿਏਟਰਾਂ 'ਚ ਕਰ ਰਿਹਾ ਪ੍ਰੈਕਟਿਸ
ਸਰਜਰੀ ਦਾ 26 ਸਾਲ ਦਾ ਤਜ਼ਰਬਾ ; ਡਾਕਟਰਾਂ ਦੇ ਬੁਲਾਉਣ 'ਤੇ ਅਕਸਰ ਜਾਂਦਾ ਰਿਹਾਂ : ਪਰਮਜੀਤ ਸਿੰਘ
ਮਾਮਲੇ ਦੀ ਜਾਂਚ ਲਈ ਬਣਾਈ ਪੰਜ ਮੈਂਬਰੀ ਕਮੇਟੀ : ਸਿਵਲ ਸਰਜਨ ਹੁਸ਼ਿਆਰਪੁਰ
ਹੁਸ਼ਿਆਰਪੁਰ : ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਰਗੇ ਸਰਕਾਰੀ ਹਸਪਤਾਲਾਂ ਵਿੱਚ ਉੱਚ ਸਿਹਤ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਮੈਟ੍ਰਿਕ ਪਾਸ ਇੱਕ ਵਿਅਕਤੀ ਵੱਲੋਂ ਲੋਕਾਂ ਦੇ ਇਲਾਜ ਤੇ ਅਪ੍ਰੇਸ਼ਨ ਦੇ ਬਹਾਨੇ ਲੱਖਾਂ ਰੁਪਏ ਬਟੋਰਨ ਦੀ ਖ਼ਬਰ ਮਿਲੀ ਹੈ, ਇਨ੍ਹਾਂ ਹੀ ਨਹੀਂ ਸਗੋਂ ਮੈਟ੍ਰਿਕ ਪਾਸ ਦੱਸੇ ਜਾਂਦੇ ਉਕਤ ਵਿਅਕਤੀ ਵੱਲੋਂ ਹੁਸ਼ਿਆਰਪੁਰ ਜਲੰਧਰ ਰੋਡ 'ਤੇ ਅੱਡਾ ਕੱਠਾਰ ਵਿਖ਼ੇ ਇੱਕ ਹਸਪਤਾਲ ਖੋਲ੍ਹ ਕੇ ਅਣ ਅਧਿਕਾਰਿਤ ਤਰੀਕੇ ਨਾਲ ਇਲਾਜ ਦੇ ਨਾਮ ' ਤੇ ਮਰੀਜ਼ਾਂ ਦਾ ਨਿਧੜਕ ਹੋ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ | ਇਸ ਸਾਰੇ ਮਾਮਲੇ ਨੂੰ ਸ਼ਿਕਾਇਤ ਦੇ ਰੂਪ ਵਿੱਚ ਪ੍ਰਿੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਡਾ. ਗੁਰਮਿੰਦਰ ਸਿੰਘ ਦੇ ਨਾਮ 'ਤੇ ਲਿਖੇ ਅਤੇ ਮੀਡੀਆ ਨੂੰ ਪ੍ਰਾਪਤ ਹੋਏ ਇੱਕ ਪੱਤਰ ਰਾਹੀਂ ਉਜਾਗਰ ਕਰਦਿਆਂ ਦੱਸਿਆ ਗਿਆ ਹੈ ਕਿ ਮੈਟ੍ਰਿਕ ਪਾਸ ਦੱਸੇ ਜਾਂਦੇ ਪਰਮਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਇੰਚਾਰਜ ਮਹਿਲਾ ਐੱਸਐੱਮਓ ਨਾਲ ਕਥਿਤ ਰੂਪ ਵਿੱਚ ਮਿਲੀਭੁਗਤ ਕਰਕੇ ਨਜਾਇਜ਼ ਤੌਰ ਤੇ ਅਪ੍ਰੇਸ਼ਨ ਥਿਏਟਰ ਵਿਚ ਕੰਮ ਕਰਨ ਅਤੇ ਗਰੀਬ ਮਰੀਜਾਂ ਤੋਂ ਵੱਡੀਆਂ ਰਕਮਾਂ ਬਟੋਰਨ ਅਤੇ ਥਿਏਟਰ ਦੀਆਂ ਸਟਾਫ ਨਰਸਾਂ ਬਾਰੇ ਗਲਤ ਅਤੇ ਨਜਾਇਜ਼ ਟਿੱਪਣੀਆਂ ਕਰਨ ਦਾ ਜ਼ਿਕਰ ਕੀਤਾ ਗਿਆ ਹੈ | ਮੀਡੀਆ ਦੇ ਹੱਥ ਲੱਗੇ ਉਕਤ ਸ਼ਿਕਾਇਤ ਪੱਤਰ ਅਨੁਸਾਰ ਪਰਮਜੀਤ ਸਿੰਘ ਅੰਸ਼ ਹਸਪਤਾਲ ਕਠਾਰ ਜ਼ਿਲ੍ਹਾ ਜਲੰਧਰ ਵਾਸੀ ਹੈ ਅਤੇ ਮੈਟ੍ਰਿਕ ਪਾਸ ਹੈ। ਇਸ ਨੇ ਹੱਡੀਆਂ ਦੇ ਮਾਹਿਰ ਡਾਕਟਰਾਂ ਅਤੇ ਸਰਜਨਾਂ ਨਾਲ ਕੰਮ ਕਰਕੇ ਅਪ੍ਰੇਸ਼ਨਾਂ ਦੌਰਾਨ ਡਾਕਟਰਾਂ ਨੂੰ ਅਸਿਸਟ ਕਰਨਾ ਸਿਖਿਆ ਹੋਇਆ ਹੈ ਅਤੇ ਇਸ ਦਾ ਹੋਂਸਲਾ ਹੁਣ ਇਨ੍ਹਾਂ ਵੱਧ ਗਿਆ ਹੈ ਕਿ ਖੁਦ ਹੀ ਪੁੱਠੇ-ਸਿੱਧੇ ਉਪਰੇਸ਼ਨ ਕਰਨ ਲੱਗ ਪਿਆ ਹੈ। ਜਿਸ ਲਈ ਇਸ ਨੇ ਨਾਜਾਇਜ਼ ਤੌਰ ਤੇ ਕਠਾਰ ਵਿਖੇ ਅੰਸ਼ ਹਸਪਤਾਲ ਖੋਲਿਆ ਹੋਇਆ ਹੈ ਅਤੇ ਆਪਣੇ ਆਪ ਨੂੰ ਬੀਏਐਮਐਸ ਦੱਸਦਾ ਹੈ ਜੇ ਕਿ ਇਹ ਜਾਅਲੀ ਡਾਕਟਰ ਬਣਿਆ ਫਿਰਦਾ ਹੈ। ਉਪਰੋਕਤ ਪਰਮਜੀਤ ਸਿੰਘ ਗਲਤ ਪਲਸਤਰ ਅਤੇ ਓਪਰੇਸ਼ਨ ਕਰਵਾਉਣ ਲਈ ਅਮਰਪ੍ਰੀਤ ਸਿੰਘ ਨਾਲ ਹੁਸ਼ਿਆਰਪੁਰ ਦੇ ਉਪਰੇਸ਼ਨ ਥਿਏਟਰ ਵਿੱਚ ਕੰਮ ਕਰਵਾਉਂਦਾ ਹੈ ਅਤੇ ਮਹੀਨੇ ਦੇ ਲੱਖਾਂ ਰੁਪਏ ਗਰੀਬ ਮਰੀਜਾਂ ਤੋਂ ਬਟੋਰ ਲੈਂਦਾ ਹੈ। ਇਹ ਸਭ ਕੁਝ ਡਾਕਟਰ ਅਮਰਪ੍ਰੀਤ ਸਿੰਘ ਅਤੇ ਡਾਕਟਰ ਸਵਾਤੀ ਐਸਐਮਓ ਦੀ ਕਥਿਤ ਸਰਪ੍ਰਸਤੀ ਹੇਠ ਹੋ ਰਿਹਾ ਹੈ। ਇਹ ਨਜਾਇਜ਼ ਪੈਸਾ ਗਰੀਬ ਮਰੀਜਾਂ ਕੋਲੋਂ ਕਿਵੇਂ ਬਟੋਰਿਆ ਜਾਂਦਾ ਹੈ ਇਸ ਸਬੰਧੀ ਇੰਨਕੁਆਰੀ ਕੀਤੀ ਜਾਵੇ ਅਤੇ ਬਣਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਕਰਵਾਇਆ ਜਾਵੇ | ਦੱਸਿਆ ਜਾਂਦਾ ਹੈ ਕਿ ਉਪਰੋਕਤ ਪਰਮਜੀਤ ਸਿੰਘ ਪਹਿਲਾਂ ਹਫ਼ਤੇ ਦੇ ਤਿੰਨ ਦਿਨ ਸਿਵਲ ਹਸਪਤਾਲ ਦਸੂਹਾ ਡਾਕਟਰ ਬਲਵਿੰਦਰ ਕੁਮਾਰ ਨਾਲ ਓਪਰੇਸ਼ਨ ਕਰਵਾਉਂਦਾ ਸੀ ਅਤੇ ਘੱਟੋ-ਘੱਟ ਦਸ ਲੱਖ ਗਰੀਬ ਮਰੀਜ਼ਾਂ ਤੋਂ ਬਟੋਰ ਚੁੱਕਾ ਹੈ। ਹੁਣ ਇਸ ਨੂੰ ਡਾਕਟਰ ਮਨਮੋਹਨ ਸਿੰਘ ਐਸ.ਐਮ.ਓ. ਵੱਲੋਂ ਆਪਣੀ ਡਿਊਟੀ ਜੁਆਇੰਨ ਕਰਨ ਉਪਰੰਤ ਦਸੂਹਾ ਹਸਪਤਾਲ ਆਉਣ ਤੋਂ ਵਰਜ ਦਿੱਤਾ ਗਿਆ ਹੈ। ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਇੰਚਾਰਜ ਐੱਸਐੱਮਓ ਡਾ ਸਵਾਤੀ, ਹੱਡੀਆਂ ਦੇ ਮਾਹਿਰ ਡਾ ਅਮਰਪ੍ਰੀਤ ਸਿੰਘ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਡਾਕਟਰ ਦਵਿੰਦਰ ਕੁਮਾਰ ਮੈਡੀਕਲ ਅਫਸਰ, ਸਿਵਲ ਹਸਪਤਾਲ ਦਸੂਹਾ ਦੀ ਮਿਲੀ ਭੁਗਤ ਨਾਲ ਸਾਰਾ ਘਾਲਾ ਮਾਲਾ ਹੋ ਰਿਹਾ ਹੈ | ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਨਿਰਪੱਖ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ 'ਤੇ ਵੱਡੇ ਖੁਲਾਸੇ ਹੋ ਸਕਦੇ ਹਨ | ਸ਼ਿਕਾਇਤਕਰਤਾ ਵੱਲੋਂ ਇਸ ਪੱਤਰ ਦੀਆਂ ਕਾਪੀਆਂ ਡਾਇਰੈਕਟਰ ਸਿਹਤ ਅਤੇ ਤਲਾਈ ਪਰਿਵਾਰ ਵਿਭਾਗ, ਪੰਜਾਬ, ਚੰਡੀਗੜ੍ਹ,ਸਿਵਲ ਸਰਜਨ, ਹੁਸ਼ਿਆਰਪੁਰ, ਸਿਵਲ ਸਰਜਨ ਜਲੰਧਰ, ਐਸ.ਐਮ.ਓ. ਸਿਵਲ ਹਸਪਤਾਲ ਦਸੂਹਾ ਨੂੰ ਲੋੜੀਂਦੀ ਕਾਰਵਾਈ ਅਤੇ ਛਿੰਦਪਾਲ ਨਰਸ ਉਪਰੇਸ਼ਨ ਥਿਏਟਰ, ਸਿਵਲ ਹਸਪਤਾਲ ਹੁਸਿਆਰਪੁਰ ਨੂੰ ਲੋੜੀਂਦੀ ਕਾਰਵਾਈ ਲਈ ਭੇਜੀਆਂ ਗਈਆਂ ਹਨ |
ਸਰਜਰੀ ਦਾ 26 ਸਾਲ ਦਾ ਤਜ਼ਰਬਾ ; ਡਾਕਟਰਾਂ ਦੇ ਬੁਲਾਉਣ 'ਤੇ ਅਕਸਰ ਜਾਂਦਾ ਰਿਹਾਂ : ਪਰਮਜੀਤ ਸਿੰਘ
ਇਸ ਮਾਮਲੇ ਬਾਰੇ ਪੱਖ ਲੈਣ ਲਈ ਸੰਪਰਕ ਕਰਨ 'ਤੇ ਪਰਮਜੀਤ ਸਿੰਘ ਨੇ ਕਿਹਾ ਕਿ ਉਸ ਨੇ ਸਰਜਰੀ ਮਾਮਲਿਆਂ ਵਿੱਚ ਵੱਖ ਵੱਖ ਡਾਕਟਰਾਂ ਨਾਲ ਲਗਾਤਾਰ 25-26 ਸਾਲ ਕੰਮ ਕਰਨ ਦਾ ਤਜ਼ਰਬਾ ਰਿਹਾ ਹੈ ਜਿਸ ਨੂੰ ਵੇਖਦਿਆਂ ਵੱਖ ਵੱਖ ਹਸਪਤਾਲਾਂ ਦੇ ਡਾਕਟਰ ਉਸ ਨੂੰ ਸਰਜਰੀ ਅਪ੍ਰੇਸ਼ਨਾਂ ਦੌਰਾਨ ਸਹਾਇਤਾ ਲਈ ਬੁਲਾਉਂਦੇ ਰਹਿੰਦੇ ਹਨ ਇਸੇ ਤਰ੍ਹਾਂ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਡਾਕਟਰ ਅਮਰਪ੍ਰੀਤ ਸਿੰਘ ਓਰਥੋ ਸਰਜਨ ਅਤੇ ਦਸੂਹਾ ਸਿਵਲ ਹਸਪਤਾਲ ਦੇ ਡਾਕਟਰ ਬਲਵਿੰਦਰ ਕੁਮਾਰ ਅਤੇ ਡਾ ਮਨਮੋਹਨ ਸਿੰਘ ਵੱਲੋਂ ਬੁਲਾਏ ਜਾਣ 'ਤੇ ਗਿਆ ਅਤੇ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਵੀ ਕੀਤੀ ਪਰ ਮਰੀਜ਼ਾਂ ਕੋਲੋਂ ਪੈਸੇ ਬਟੋਰਨ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਦੋਸ਼ ਮਨਘੜਤ ਨੇ |
ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ : ਸਿਵਲ ਸਰਜਨ ਹੁਸ਼ਿਆਰਪੁਰ
ਇਸ ਮਾਮਲੇ ਬਾਰੇ ਪੱਖ ਲੈਣ ਲਈ ਪੱਤਰਕਾਰਾਂ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਨਾਲ ਉਨ੍ਹਾਂ ਦੇ ਦਫਤਰ ਮੁਲਾਕਾਤ ਕੀਤੀ ਗਈ ਇਸ ਮਾਮਲੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤ ਉਨ੍ਹਾਂ ਪਾਸ ਆਈ ਹੈ ਜਿਸ ਦੀ ਪੜ੍ਹਤਾਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ, ਜ਼ਿਲ੍ਹਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ, ਏਸੀਐੱਸ ਡਾ ਦਵਿੰਦਰਪਾਲ ਅਤੇ ਦਫਤਰ ਸੁਪਰਡੈਂਟ ਦਵਿੰਦਰ ਕੁਮਾਰ (ਡੀਕੇ) ਭੱਟੀ ਸ਼ਾਮਿਲ ਹਨ | ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਰਿਪੋਰਟ ਉਪਰਲੇ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ