ਸੰਦੌੜ : ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਨਜ਼ਦੀਕੀ ਸਥਾਨਕ ਰਾਏਕੋਟ ਰੋਡ ਵਿਖੇ ਇੱਕ ਟਰਾਲੇ-ਛੋਟੇ ਹਾਥੀ (ਸਕੂਲੀ ਬੱਸ ) ਦਰਮਿਆਨ ਹੋਈ ਟੱਕਰ 'ਚ 1 ਦੀ ਮੌਤ ਅਤੇ 9 ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸੰਦੌੜ ਦੇ ਐਸ.ਐਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਰਾਏਕੋਟ ਸਾਈਡ ਤੋਂ ਮਾਲੇਰਕੋਟਲਾ ਨੂੰ ਆਉਂਦੇ ਛੋਟਾ ਹਾਥੀ ਸਕੂਲੀ ਬੱਸ ਜੋ ਕਿ ਟਰਾਲੇ 'ਚ ਜਾ ਵੱਜਿਆ, ਜਿਸ ਕਾਰਨ ਛੋਟੇ ਹਾਥੀ 'ਚ ਸਵਾਰ 10 ਦੇ ਕਰੀਬ ਲੋਕ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਥਾਨਕ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ 'ਚੋਂ 1 ਦੀ ਮੌਤ ਹੋ ਚੁੱਕੀ ਅਤੇ 9 ਦੀ ਹਾਲਤ ਨੂੰ ਦੇਖਦਿਆਂ ਪਟਿਆਲਾ ਰਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਛੋਟੇ ਹਾਥੀ ਸਕੂਲੀ ਬੱਸ 'ਚ ਸਵਾਰ ਕੁਲਦੀਪ ਸਿੰਘ 65 ਦੀ ਮੌਤ ਹੋ ਚੁੱਕੀ ਹੈ ਅਤੇ ਬਲਜੀਤ 30, ਸਰਬਜੀਤ ਕੌਰ 25, ਅਰਵਿੰਦਰ ਸਿੰਘ 6, ਬਲਜੀਤ ਕੌਰ 30 , ਹਰਵਿੰਦਰ ਸਿੰਘ 30 , ਜਸ਼ਨਪ੍ਰੀਤ ਕੌਰ 6, ਅਰਸ਼ਦੀਪ ਸਿੰਘ 3 ਬਿੰਦਰ ਕੌਰ 25 , ਤਰੁਣਪ੍ਰੀਤ ਸਿੰਘ 5 ਸਾਲ ਵਾਸੀ ਸਾਰੇ ਈਸਾਪੁਰ ਲੰਡਾ ਗੰਭੀਰ ਜਖ਼ਮੀ ਹਨ। ਥਾਣਾ ਸੰਦੌੜ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।