ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਕੇਂਦਰ ਅਤੇ ਸੂਬਾ ਸਰਕਾਰ ਅਮੀਰ ਘਰਾਣਿਆਂ ਦੀ ਕਠਪੁਤਲੀ ਬਣੀਆਂ ਹੋਈਆਂ ਹਨ। ਵੀਰਵਾਰ ਨੂੰ ਸੁਨਾਮ ਬਲਾਕ ਦੇ ਪਿੰਡ ਭੈਣੀ ਗੰਢੂਆਂ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਆਖਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਵਾਉਣ ਲਈ ਉਤਾਵਲੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰਲਕੇ ਅਜਿਹਾ ਨਹੀਂ ਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਇਮਾਨਦਾਰੀ ਦਾ ਫੱਟਾ ਪਾਕੇ ਸੱਤਾ ਵਿੱਚ ਆਈ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਆਦਰਸ਼ ਸਕੂਲ ਚਾਉਕੇ ਦੇ ਭ੍ਰਿਸ਼ਟਾਚਾਰੀ ਪ੍ਰਬੰਧਕਾਂ ਨੂੰ ਬਚਾਉਣ ਲਈ ਕਿਸਾਨਾਂ ਅਤੇ ਅਧਿਆਪਕਾਂ ਤੇ ਜ਼ੁਲਮ ਢਾਹ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮ ਸ਼ਰਨ ਸਿੰਘ ਉਗਰਾਹਾਂ ਅਤੇ ਮਨੀ ਸਿੰਘ ਭੈਣੀ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਚੱਲ ਰਹੇ ਜ਼ਮੀਨ ਬਚਾਓ ਮੋਰਚੇ ਵਿੱਚ ਸੁਨਾਮ ਬਲਾਕ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਮੋਰਚੇ ਦੀ ਜਿੱਤ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪਿੰਡ ਇਕਾਈ ਦਾ ਪ੍ਰਧਾਨ ਭਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ, ਮੀਤ ਪ੍ਰਧਾਨ ਦਿਆਲਾ ਸਿੰਘ, ਜਨਰਲ ਸਕੱਤਰ ਰਾਮ ਸਿੰਘ ਭੰਗੂ, ਖਜਾਨਚੀ ਜਗਦੇਵ ਸਿੰਘ, ਚੂਹੜ ਸਿੰਘ,ਪ੍ਰਚਾਰ ਸਕੱਤਰ ਭਾਨਾ ਸਿੰਘ ਚਹਿਲ, ਸਲਾਹਕਾਰ ਪਿਆਰਾ ਸਿੰਘ, ਗੁਰਜੰਟ ਸਿੰਘ, ਜੰਟਾ ਸਿੰਘ, ਬੇਅੰਤ ਸਿੰਘ, ਜੋਗਿੰਦਰ ਸਿੰਘ ਅਤੇ ਮਹਿਲਾਵਾਂ ਦੀ ਇਕਾਈ ਦਾ ਪ੍ਰਧਾਨ ਗੁਰਮੇਲ ਕੌਰ, ਮੀਤ ਪ੍ਰਧਾਨ ਗੁਰਮੀਤ ਕੌਰ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਕੌਰ, ਖਜਾਨਚੀ ਰਾਣੀ ਕੌਰ, ਸਲਾਹਕਾਰ ਗੁਰਮੀਤ ਕੌਰ, ਹਰਬੰਸ ਕੌਰ, ਮਨਜੀਤ ਕੌਰ, ਗੁਰਜੀਤ ਕੌਰ, ਹਰਜੀਤ ਕੌਰ, ਦਰਸ਼ਨਾ ਕੌਰ, ਗੁਰਜੀਤ ਕੌਰ, ਸ਼ਿੰਦਰ ਕੌਰ, ਅੰਗਰੇਜ਼ ਕੌਰ ਆਦਿ ਹਾਜ਼ਰ ਸਨ।