Monday, March 23, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Articles

ਸੱਤਾਧਾਰੀ ਅਤੇ ਸੱਤਾ ਵਿਰੋਧੀ ਮੀਡੀਆ

May 26, 2025 01:00 PM
SehajTimes

ਮੀਡੀਆ ਨੂੰ ਅਕਸਰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਇਸਦੀ ਭੂਮਿਕਾ ਲੋਕਾਂ ਨੂੰ ਸਚਾਈ ਨਾਲ ਵਾਕਿਫ ਕਰਵਾਉਣ ਦੀ ਰਹੀ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਮੀਡੀਆ ਆਪਣੀ ਇਸ ਭੂਮਿਕਾ ਤੋਂ ਭਟਕ ਗਿਆ ਹੈ। ਜਿਹੜਾ ਮੀਡੀਆ ਇੱਕ ਸਮੇਂ ਲੋਕਾਂ ਦੀ ਅਵਾਜ਼ ਬਣਦਾ ਸੀ, ਉਹ ਅੱਜ ਖੁਦ ਦੋ ਵੱਡੇ ਗੁੱਟਾਂ ਵਿੱਚ ਵੰਡ ਗਿਆ ਹੈ—ਇੱਕ ਹਿੱਸਾ ਸੱਤਾਧਾਰੀ ਧਿਰ ਨਾਲ ਜੁੜ ਗਿਆ ਹੈ ਅਤੇ ਦੂਜਾ ਹਿੱਸਾ ਸੱਤਾ ਵਿਰੋਧੀ ਧਿਰ ਨਾਲ ਜੁੜ ਗਿਆ ਹੈ। ਮੀਡੀਆ ਦੀ ਇਸ ਵੰਡ ਦਾ ਨਤੀਜਾ ਇਹ ਹੋਇਆ ਹੈ ਕਿ ਸੱਤਾਧਾਰੀ ਧਿਰ ਨਾਲ ਜੁੜਿਆ ਮੀਡੀਆ ਹਮੇਸ਼ਾਂ ਸਰਕਾਰ ਦੇ ਕੰਮਾਂ ਦੀ ਬਿਨਾਂ ਕਿਸੇ ਗੰਭੀਰ ਸਮੀਖਿਆ ਦੇ ਪ੍ਰਸ਼ੰਸਾ ਕਰਦਾ ਹੈ। ਉਹ ਹਰ ਫੈਸਲੇ ਨੂੰ ਸਹੀ ਠਹਿਰਾਉਂਦਾ ਹੈ, ਲੋਕਾਂ ਦੇ ਹੱਕਾਂ ਅਤੇ ਚਿੰਤਾਵਾਂ ਦੀ ਪੇਸ਼ਕਸ਼ ਕਰਨ ਦੀ ਬਜਾਏ, ਉਹ ਸਰਕਾਰ ਦੀ ਮਾਨਸਿਕਤਾ ਨੂੰ ਹੀ ਲੋਕਾਂ ਦੀ ਸੋਚ 'ਚ ਘੋਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਮੀਡੀਆ ਦੀ ਪੇਸ਼ਕਸ਼ ਵਿਚ ਨਾ ਗਰੀਬਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਨਾ ਕਿਸਾਨਾਂ ਦੀਆਂ ਚਿੰਤਾਵਾਂ ਅਤੇ ਨਾ ਬੇਰੋਜ਼ਗਾਰੀ ਦੀ ਸਮੱਸਿਆ ਦਿਖਾਈ ਦਿੰਦੀ ਹੈ।

ਦੂਜੇ ਪਾਸੇ, ਸੱਤਾ ਵਿਰੋਧੀ ਧਿਰ ਨਾਲ ਜੁੜਿਆ ਮੀਡੀਆ ਵੀ ਆਪਣੀ ਧਾਰਾ ਵਿੱਚ ਇਕ ਪੱਖੀ ਬਣ ਚੁੱਕਾ ਹੈ। ਉਹ ਹਮੇਸ਼ਾ ਸਰਕਾਰ ਦੀ ਨਿੰਦਾ ਕਰਦਾ ਹੈ, ਬਿਨਾਂ ਇਸ ਗੱਲ ਦਾ ਵਿਚਾਰ ਕੀਤੇ ਕਿ ਕੀ ਸਰਕਾਰ ਵੱਲੋਂ ਕੋਈ ਚੰਗਾ ਕੰਮ ਵੀ ਹੋ ਰਿਹਾ ਹੈ ਜਾਂ ਨਹੀਂ। ਹਰ ਫੈਸਲੇ ਦੀ ਆਲੋਚਨਾ ਕਰਨੀ, ਹਰ ਨੀਤੀ ਨੂੰ ਗਲਤ ਸਾਬਤ ਕਰਨਾ ਅਤੇ ਸਰਕਾਰ ਨੂੰ ਲੋਕਾਂ ਵਿਰੋਧੀ ਮਾਹੌਲ ਵਿੱਚ ਪੇਸ਼ ਕਰਨਾ, ਉਸਦੇ ਕੰਮ ਦਾ ਕੇਂਦਰ ਬਣ ਗਿਆ ਹੈ। ਇੱਥੇ ਤੱਕ ਕਿ ਜਦੋਂ ਸਰਕਾਰ ਵੱਲੋਂ ਕੋਈ ਅਹੰਕਾਰ ਰਹਿਤ ਅਤੇ ਲੋਕ-ਹਿਤ ਵਾਲਾ ਫੈਸਲਾ ਲਿਆ ਜਾਂਦਾ ਹੈ, ਤਾਂ ਵੀ ਉਹ ਮੀਡੀਆ ਹਿੱਸਾ ਉਸਨੂੰ ਸ਼ੱਕ ਦੀ ਨਿਗਾਹ ਨਾਲ ਹੀ ਵੇਖਦਾ ਹੈ। ਇਸ ਤਰ੍ਹਾਂ ਦੀ ਮੀਡੀਆ ਦੀ ਭੂਮਿਕਾ ਨੇ ਲੋਕਾਂ ਦੀ ਸੋਚ ਨੂੰ ਵੀ ਦੋ ਧਿਰਾਂ ਵਿੱਚ ਵੰਡ ਦਿੱਤਾ ਹੈ। ਸਮਾਜ ਵਿੱਚ ਲੋਕ ਹੁਣ ਖ਼ਬਰਾਂ ਨੂੰ ਸਮਝਣ ਦੀ ਬਜਾਏ, ਖ਼ਬਰਾਂ ਦੇ ਪਿੱਛੇ ਲੁਕੇ ਇਰਾਦਿਆਂ ਨੂੰ ਵੇਖਣ ਲੱਗ ਪਏ ਹਨ। ਕੋਈ ਵੀ ਖ਼ਬਰ ਵੇਖਣ ਤੋਂ ਪਹਿਲਾਂ ਲੋਕ ਇਹ ਦੇਖਦੇ ਹਨ ਕਿ ਇਹ ਖ਼ਬਰ ਕਿਸ ਚੈਨਲ ਜਾਂ ਅਖ਼ਬਾਰ ਵੱਲੋਂ ਆ ਰਹੀ ਹੈ। ਅਸੀਂ ਕਈ ਵਾਰ ਵੇਖਦੇ ਹਾਂ ਕਿ ਇੱਕੋ ਘਟਨਾ ਨੂੰ ਦੋ ਵੱਖਰੇ ਤਰੀਕਿਆਂ ਨਾਲ ਪੇਸ਼ ਕੀਤਾ ਜਾਂਦਾ ਹੈ—ਇੱਕ ਵੱਲੋਂ ਇਹ ਘਟਨਾ ਸਰਕਾਰ ਦੀ ਜਿੱਤ ਬਣ ਜਾਂਦੀ ਹੈ, ਤੇ ਦੂਜੇ ਵੱਲੋਂ ਇਹੀ ਘਟਨਾ ਸਰਕਾਰ ਦੀ ਨਾਕਾਮੀ ਬਣ ਜਾਂਦੀ ਹੈ।

ਇਹ ਸਭ ਕੁਝ ਮੀਡੀਆ ਦੀ ਨੈਤਿਕਤਾ ਤੇ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਜਦ ਮੀਡੀਆ ਆਪਣੇ ਫਰਜ਼ ਨੂੰ ਭੁੱਲ ਕੇ ਕਿਸੇ ਧਿਰ ਦੀ ਚਮਚਾਗੀਰੀ ਕਰਨ ਲੱਗ ਪੈਂਦਾ ਹੈ, ਤਾਂ ਉਹ ਮੀਡੀਆ ਨਹੀਂ ਰਹਿੰਦਾ, ਸਿਰਫ਼ ਇੱਕ ਪ੍ਰਚਾਰ ਮਸ਼ੀਨ ਬਣ ਜਾਂਦਾ ਹੈ। ਮੀਡੀਆ ਦਾ ਕੰਮ ਕਿਸੇ ਧਿਰ ਦੀ ਸੇਵਾ ਕਰਨਾ ਨਹੀਂ, ਬਲਕਿ ਲੋਕਾਂ ਤੱਕ ਨਿਰਪੱਖ, ਤੱਥਾਂ ਅਧਾਰਤ ਤੇ ਸੰਤੁਲਿਤ ਜਾਣਕਾਰੀ ਪਹੁੰਚਾਉਣਾ ਹੈ। ਪਰ ਮੀਡੀਆ ਅੱਜ ਇਹ ਸੰਤੁਲਨ ਗੁਆ ਚੁੱਕਾ ਹੈ। ਸੱਤਾਧਾਰੀ ਧਿਰ ਨਾਲ ਜੁੜਿਆ ਮੀਡੀਆ ਜਿੱਥੇ ਸਰਕਾਰ ਦੀ ਹਰ ਗਲਤ ਨੀਤੀ ਨੂੰ ਵੀ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉੱਥੇ ਹੀ ਉਹ ਕਦੇ ਵੀ ਸਰਕਾਰ ਤੋਂ ਕੋਈ ਗੰਭੀਰ ਸਵਾਲ ਨਹੀਂ ਪੁੱਛਦਾ। ਜਿੰਨਾ ਜ਼ਿਆਦਾ ਉਹ ਸਰਕਾਰ ਦੀ ਚਮਚਾਗੀਰੀ ਕਰਦਾ ਹੈ, ਉਨ੍ਹਾਂ ਹੀ ਜ਼ਿਆਦਾ ਇਨਾਮ ਜਾਂ ਸਹਿਯੋਗ ਲੈਂਦਾ ਹੈ। ਇੱਥੇ ਤੱਕ ਕਿ ਕਈ ਵਾਰ ਤਾਂ ਉਹ ਪ੍ਰਸਾਰਣ ਸਥਾਨਕ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਨੀਤੀਆਂ ਦੇ ਵਿਗਿਆਪਨ ਦੇ ਰੂਪ ਵਿੱਚ ਹੀ ਕੰਮ ਕਰਦੀਆਂ ਹਨ।

ਦੂਜੀ ਪਾਸੇ, ਸੱਤਾ ਵਿਰੋਧੀ ਧਿਰ ਨਾਲ ਜੁੜਿਆ ਮੀਡੀਆ ਹਰ ਖ਼ਬਰ ਨੂੰ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਵਧੇਰੇ ਟੀ.ਆਰ.ਪੀ. ਤੇ ਧਿਆਨ ਕੇਂਦਰਤ ਕਰਦਾ ਹੈ। ਉਹ ਖ਼ਬਰ ਦੀ ਸੱਚਾਈ ਦੀ ਜਾਂਚ ਤੋਂ ਵੱਧ, ਸਿਰਫ਼ ਉਸਦੇ ਭਾਵਨਾਤਮਕ ਪ੍ਰਭਾਵ ਅਤੇ ਲੋਕਾਂ ਨੂੰ ਭੜਕਾਉਣ ਵਾਲੀ ਭੂਮਿਕਾ ਨੂੰ ਤਰਜੀਹ ਦਿੰਦਾ ਹੈ। ਇਹ ਵੀ ਮੀਡੀਆ ਦੀ ਬੇਇਮਾਨੀ ਦਾ ਇੱਕ ਰੂਪ ਹੈ। ਇਸ ਸਭ ਦਾ ਨਤੀਜਾ ਇਹ ਨਿਕਲਦਾ ਹੈ ਕਿ ਲੋਕ ਆਮ ਜਨਤਕ ਮਸਲਿਆਂ ਉੱਤੇ ਇੱਕਜੁੱਟ ਹੋਣ ਦੀ ਬਜਾਏ ਆਪਸ 'ਚ ਵੰਡੇ ਜਾਂਦੇ ਹਨ। ਕਿਸੇ ਵੀ ਸੱਚ ਨੂੰ ਮੰਨਣ ਤੋਂ ਪਹਿਲਾਂ ਉਹ ਇਹ ਸੋਚਦੇ ਹਨ ਕਿ ਇਹ ਸੱਚ ਕਿਹੜੀ ਧਿਰ ਵੱਲੋਂ ਆ ਰਿਹਾ ਹੈ। ਇੱਥੇ ਤੱਕ ਕਿ ਸੱਚਾਈ ਦੀ ਪਰਿਭਾਸ਼ਾ ਵੀ ਧਿਰਾਂ ਅਨੁਸਾਰ ਵੱਖ-ਵੱਖ ਹੋ ਗਈ ਹੈ। ਇਹ ਮੀਡੀਆ ਦੀ ਨਿਪੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਜਦ ਮੀਡੀਆ ਕਿਸੇ ਧਿਰ ਦਾ ਹਥਿਆਰ ਬਣ ਜਾਂਦਾ ਹੈ, ਤਾਂ ਉਹ ਸਿਰਫ਼ ਲੋਕਾਂ ਨੂੰ ਭਟਕਾਉਂਦਾ ਨਹੀਂ, ਬਲਕਿ ਸਮਾਜਿਕ ਏਕਤਾ ਅਤੇ ਲੋਕਤੰਤਰ ਨੂੰ ਵੀ ਕਮਜ਼ੋਰ ਕਰਦਾ ਹੈ। ਇਸ ਤਰ੍ਹਾਂ ਦੀ ਮੀਡੀਆ ਦੀ ਭੂਮਿਕਾ ਨਾ ਸਿਰਫ਼ ਗਲਤ ਹੈ, ਬਲਕਿ ਖ਼ਤਰਨਾਕ ਵੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਸਰਕਾਰ ਸਦਾ ਹੀ ਗਲਤ ਹੁੰਦੀ ਹੈ ਜਾਂ ਹਰ ਸਰਕਾਰ ਸਦਾ ਹੀ ਸਹੀ ਹੁੰਦੀ ਹੈ। ਸਰਕਾਰ ਦੇ ਕੰਮਾਂ ਦੀ ਸਮੀਖਿਆ ਮੀਡੀਆ ਦਾ ਫਰਜ਼ ਹੈ, ਪਰ ਇਹ ਸਮੀਖਿਆ ਨਿਰਪੱਖ ਹੋਣੀ ਚਾਹੀਦੀ ਹੈ।

ਇਸ ਪਰਸਥਿਤੀ ਵਿੱਚ ਮੀਡੀਆ ਨੂੰ ਆਪਣਾ ਵਿਵਹਾਰ ਬਦਲਣ ਦੀ ਲੋੜ ਹੈ। ਮੀਡੀਆ ਨੂੰ ਆਪਣੇ ਅਸਲ ਫਰਜ਼ ਵੱਲ ਮੁੜਣਾ ਹੋਵੇਗਾ—ਸੱਚਾਈ ਦੀ ਪੇਸ਼ਕਸ਼, ਨਿਰਪੱਖ ਸਮੀਖਿਆ  ਅਤੇ ਜਨਤਕ ਹਿਤ ਨੂੰ ਪਹਿਲ ਦੇਣੀ ਹੋਵੇਗੀ। ਜਦ ਤੱਕ ਮੀਡੀਆ ਇਹ ਨਹੀਂ ਕਰਦਾ, ਤਦ ਤੱਕ ਨਾਂ ਤਾਂ ਸਮਾਜ ਨਿਰਪੱਖ ਰਹਿ ਸਕਦਾ ਹੈ, ਨਾਂ ਹੀ ਲੋਕਤੰਤਰ ਮਜਬੂਤ ਹੋ ਸਕਦਾ ਹੈ। ਅੱਜ ਦੀ ਲੋੜ ਇਹ ਹੈ ਕਿ ਮੀਡੀਆ ਦੁਆਰਾ ਸਰਕਾਰ ਦੇ ਚੰਗੇ ਕੰਮਾਂ ਦੀ ਖੁਲ੍ਹ ਕੇ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਤੋਂ ਹੋਰ ਸਰਕਾਰਾਂ ਵੀ ਸਿੱਖ ਲੈ ਸਕਣ। ਇਸ ਦੇ ਨਾਲ ਹੀ, ਗਲਤੀਆਂ ਦੀ ਨਿਖੇਦੀ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਉਹ ਦੁਹਰਾਈਆਂ ਨਾ ਜਾਣ। ਇਹੀ ਸੱਚੀ ਨਿਰਪੱਖਤਾ ਹੋਵੇਗੀ, ਜਿਸ ਨਾਲ ਮੀਡੀਆ ਕਿਸੇ ਧਿਰ ਦੀ ਝੰਡੇਬਰਦਾਰ ਨਾ ਹੋਕੇ, ਲੋਕਤੰਤਰ ਦਾ ਚੌਥਾ ਥੰਮ ਬਣ ਕੇ ਰਹਿ ਸਕੇਗਾ।

ਸਮਾਪਤੀ ਕਰਦਿਆਂ ਇਹ ਕਹਿਣਾ ਉਚਿਤ ਹੋਵੇਗਾ ਕਿ ਮੀਡੀਆ ਦੀ ਦੋ ਗੁੱਟਾਂ ਵਿੱਚ ਵੰਡ ਸਮਾਜ ਦੇ ਲਈ ਇਕ ਵੱਡਾ ਸੰਕਟ ਬਣ ਰਹੀ ਹੈ। ਇਹ ਵੰਡ ਨਾ ਸਿਰਫ਼ ਰਾਜਨੀਤਿਕ ਰੂਪ ਵਿੱਚ, ਬਲਕਿ ਆਮ ਲੋਕਾਂ ਦੇ ਵਿਚਾਰਾਂ ਵਿੱਚ ਵੀ ਪੈਦਾ ਹੋ ਰਹੀ ਹੈ। ਜੇਕਰ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਮੀਡੀਆ ਨੂੰ ਆਪਣੀ ਪੱਖਪਾਤੀ ਭੂਮਿਕਾ ਤੋਂ ਉਪਰ ਉੱਠਣਾ ਹੋਵੇਗਾ ਅਤੇ ਨਿਰਪੱਖਤਾ ਨੂੰ ਅਪਣਾਉਣਾ ਪਵੇਗਾ। ਸਿਰਫ਼ ਇੰਨੇ ਨਾਲ ਹੀ ਸਹੀ ਜਾਣਕਾਰੀ, ਸਹੀ ਸਮਾਜ ਅਤੇ ਮਜਬੂਤ ਲੋਕਤੰਤਰ ਦੀ ਸਥਾਪਨਾ ਹੋ ਸਕਦੀ ਹੈ।

liberalthinker1621@gmail.com

ਸੰਦੀਪ ਕੁਮਾਰ-7009807121

ਐਮ.ਸੀ.ਏ, ਐਮ.ਏ ਮਨੋਵਿਗਆਨ

ਰੂਪਨਗਰ

 

Have something to say? Post your comment