ਡਾ.ਸਰਬਜੀਤ ਸਿੰਘ ਕੰਗਣੀਵਾਲ ਖੋਜੀ ਪੱਤਰਕਾਰ, ਲੇਖਕ ਤੇ ਸੰਪਾਦਕ ਹੈ। ਉਹ ਜਿਹੜਾ ਵੀ ਕਾਰਜ਼ ਕਰਦਾ ਹੈ, ਉਸਦੀ ਡੂੰਘਾਈ ਤੱਕ ਜਾਣਕਾਰੀ ਪ੍ਰਾਪਤ ਕਰਕੇ ਮੁਕੰਮਲ ਕਰਦਾ ਹੈ, ਭਾਵੇਂ ਕਿਤਨਾ ਵੀ ਸਮਾਂ ਲੱਗ ਜਾਵੇ। ਮੁੱਢਲੇ ਤੌਰ ‘ਤੇ ਉਹ ਖੱਬੇ ਪੱਖੀ ਸੋਚ ਦਾ ਧਾਰਨੀ ਹੈ। ਸਰਬਜੀਤ ਕੰਗਣੀਵਾਲ ਸਿਰੜ੍ਹੀ, ਮਿਹਨਤੀ ਅਤੇ ਦ੍ਰਿੜ੍ਹਤਾਵਾਦੀ ਲੇਖਕ ਹੈ। ਇਸ ਕਰਕੇ ਉਸਨੇ ਖੱਬੇ ਪੱਖੀ ਲਹਿਰ ਨੂੰ ਪੰਜ ਜਿਲਦਾਂ ਵਿੱਚ ਪ੍ਰਕਾਸ਼ਤ ਕਰਨ ਦਾ ਦ੍ਰਿੜ੍ਹ ਨਿਸਚਾ ਕੀਤਾ, ਇਸ ਦੀ ਪਹਿਲੀ ਜਿਲਦ ‘ਪੰਜਾਬ ਦੀ ਖੱਬੀ ਲਹਿਰ’ (ਬਸਤੀਵਾਦ ਤੋਂ ਮੁੱਕਤੀ ਤੱਕ) ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਨੂੰ ਉਸਨੇ 7 ਅਧਿਆਇ ਵਿੱਚ ਵੰਡਿਆ ਹੈ। ਉਸਨੇ ਖੱਬੇ ਪੱਖੀ ਲਹਿਰ ਦੀ ਸੰਸਾਰ, ਭਾਰਤ ਅਤੇ ਪੰਜਾਬ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਤਿਹਾਸਕ ਪ੍ਰਗਤੀ ਅਤੇ ਖੋਜ ਭਰਪੂਰ ਤੱਥਾਂ ‘ਤੇ ਅਧਾਰਤ ਜਾਣਕਾਰੀ ਦਿੱਤੀ ਹੈ। ਪਹਿਲੇ ਅਧਿਆਇ ਵਿੱਚ ਲਹਿਰ ਦੀ ਪੰਜਾਬ ਵਿੱਚ ਸ਼ੁਰੂਆਤ ਤੋਂ ਜਾਣਕਾਰੀ ਦਿੱਤੀ ਗਈ ਹੈ। ਭੂਗੋਲਿਕ ਤੌਰ ‘ਤੇ ਵੈਦਿਕ ਕਾਲ ਵਿੱਚ ਸੱਤ ਦਰਿਆ ਦੇ ਇਲਾਕੇ ਨੂੰ ਸਪਤ ਸਿੰਧੂ ਤੇ ਯੂਨਾਨੀਆਂ ਦੇ ਸਮੇਂ ਪੰਜ ਦਰਿਆ ਹੋਣ ਕਰਕੇ ਪੰਜਾਬ ਬਣ ਗਿਆ। ਪੰਦਰਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੇ ਨਵਾਂ ਦੌਰ ਆਰੰਭ ਹੋਇਆ, ਜਿਹੜਾ 1699 ਵਿੱਚ ਸ੍ਰੀ ਗੁਰੂ ਗੋਬਿੰਦ ਤੱਕ ਪਹੁੰਚਦਿਆਂ ਜ਼ੁਲਮ ਦੇ ਵਿਰੁੱਧ ਸੰਘਰਸ਼ ਦੇ ਰੂਪ ਵਿੱਚ ਖਾਲਸੇ ਦੀ ਸਿਰਜਨਾ ਨਾਲ ਹੋਇਆ। 1710 ਵਿੱਚ ਬੰਦਾ ਬਹਾਦਰ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਫਿਰ ਸਿੱਖ ਮਿਸਲਾਂ ਦਾ ਰਾਜ ਸ਼ੁਰੂ ਹੋਇਆ, ਜੋ 1799 ਵਿੱਚ ਲਾਹੌਰ ‘ਤੇ ਕਬਜ਼ਾ ਕਰਨ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਵਿੱਚ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਤੱਕ ਹਿੰਦੁਸਤਾਨ ਬ੍ਰਿਟਿਸ਼ ਬਸਤੀਵਾਦ ਦਾ ਕਬਜ਼ਾ ਹੋ ਗਿਆ। 1857 ਦੇ ਗਦਰ ਤੋਂ ਬਾਅਦ 1947 ਵਿੱਚ ਭਾਰਤ ਆਜ਼ਾਦ ਹੋ ਗਿਆ ਤੇ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਫਰਾਂਸ ਦੇ ਇਨਕਲਾਬ ਸਮੇਂ ਰਾਜੇ ਦੇ ਵਿਰੋਧੀ ਖੱਬੇ ਤੇ ਸੱਜੇ ਦੋ ਗਰੁੱਪ ਬਣ ਗਏ। ਪਹਿਲਾਂ ਗ਼ਦਰੀ ਸਮਾਜਵਾਦੀ ਵਿਚਾਰਾਂ ਦੇ ਪੱਖੀ ਹੋਏ। ਅਕਤੂਬਰ 1920 ਵਿੱਚ ਤਾਸ਼ਕੰਦ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਦਸੰਬਰ 1925 ਵਿੱਚ ਭਾਰਤ ਵਿੱਚ ਕਾਨ੍ਹਪੁਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਹੋਇਆ, 1934 ਵਿੱਚ ਕਮਿਊਨਿਸਟ ਇੰਟਰਨੈਸ਼ਨਲ ਨਾਲ ਇਲਹਾਕਬੱਧ ਹੋ ਗਈ। ਦੂਜਾ ਅਧਿਆਇ ‘ਖੱਬੀ ਲਹਿਰ ਦੀ ਪਿੱਠ ਭੂਮੀ’ ਵਿੱਚ ਦੱਸਿਆ ਗਿਆ ਹੈ ਕਿ ਅੰਗਰੇਜ਼ਾਂ ਦੇ ਪੰਜਾਬ ‘ਤੇ ਕਬਜ਼ੇ ਤੋਂ ਸੱਤ ਦਹਾਕਿਆਂ ਬਾਅਦ ਖੱਬੇ ਪੱਖੀ ਸਰਗਰਮੀਆਂ ਆਰੰਭ ਹੋਈਆਂ। ਮਹਾਰਾਜਾ ਰਣਜੀਤ ਸਿੰਘ ਨੇ ਸੰਗਠਿਤ ਪੰਜਾਬੀ ਕੌਮ ਦੀ ਭਾਵਨਾ ਪੈਦਾ ਕੀਤੀ। ਪਿੰਡ ਆਤਮ ਨਿਰਭਰ ਬਣਾਏ। ਸਾਰੇ ਵਰਗ ਇੱਕ ਦੂਜੇ ‘ਤੇ ਨਿਰਭਰ ਸਨ। ਰਾਜਾਸ਼ਾਹੀ ਦੇ ਆਖ਼ਰੀ ਦਹਾਕੇ ਵਿੱਚ ਖੜਕ ਸਿੰਘ, ਨੌਨਿਹਾਲ ਸਿੰਘ, ਸ਼ੇਰ ਸਿੰਘ, ਚਾਂਦ ਕੌਰ, ਖ਼ਾਨਜੰਗੀ ਰਾਜਗੱਦੀ ਦੀ ਕਸ਼ਮਕਸ਼ ਵਿੱਚ ਮਾਰੇ ਗਏ। ਦਲੀਪ ਸਿੰਘ ਨੂੰ ਜਾਨਸ਼ੀਨ ਬਣਾਕੇ ਅੰਗਰੇਜ਼ ਅਸਿੱਧੇ ਢੰਗ ਨਾਲ ਰਾਜ ਕਰਦੇ ਰਹੇ। 1849 ਵਿੱਚ ਪੰਜਾਬ ‘ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਏ। ਪੁਰਾਣੇ ਢਾਂਚੇ ਨੂੰ ਖ਼ਤਮ ਕਰਕੇ ਲਾਰਡ ਡਲਹੌਜੀ ਨੇ ਨਵਾਂ ਢਾਂਚਾ ਸੱਤ ਡਵੀਜਨਾ ਬਣਾ ਕੇ ਸਥਾਪਤ ਕੀਤਾ। ਹਥਿਆਰ ਜਮ੍ਹਾਂ ਕਰਵਾ ਲਏ, ਸਿੱਖ ਫ਼ੌਜ ਤੋੜ ਦਿੱਤੀ, ਸਿੱਖ ਬ੍ਰੀਗੇਡ ਬਣਾਈ, ਜ਼ਮੀਨ ਮਾਲਕੀ ਦੀ ਨਵੀਂ ਨੀਤੀ, ਟੈਕਸ ਪ੍ਰਣਾਲੀ ਅਤੇ ਨਹਿਰੀ ਪ੍ਰਣਾਲੀ ਸ਼ੁਰੂ ਕੀਤੀ, ਈਸਟ ਇੰਡੀਆ ਕੰਪਨੀ ਤਾਕਤਵਰ ਬਣਾਈ, ਰਿਆਸਤਾਂ ਦੀ ਨਵੀਂ ਨੀਤੀ ਬਣਾਈ। ਧਾਰਮਿਕ ਲਹਿਰਾਂ ਦਾ ਉਭਾਰ ਤੇ ਸਿਖਿਆ ਦੀ ਸ਼ੁਰੂਆਤ ਵਿੱਚ ਪੁਜਾਰੀਆਂ ਤੇ ਮਹੰਤਾਂ ਦੇ ਅਧਿਕਾਰ ਵਧਾ ਦਿੱਤੇ, ਫ਼ੌਜੀ ਯੂਨਿਟਾਂ ਵਿੱਚ ਧਰਮ ਦੇ ਆਧਾਰ ‘ਤੇ ਯੋਜਨਬੰਦੀ, ਧਰਮਾਂ ਨੂੰ ਵੰਡਣਾ ਆਦਿ। ਫਿਰ 1888 ਵਿੱਚ ਖਾਲਸਾ ਦੀਵਾਨ ਨਾਂ ਦੀ ਕੇਂਦਰੀ ਸੰਸਥਾ ਦਾ ਬਣਨਾ, ਖਾਲਸਾ ਕਾਲਜ ਦੀ ਸਥਾਪਨਾ, ਹਿੰਦੂਆਂ ਨੇ ਐਂਗਲੋਵੈਦਿਕ ਸਕੂਲ ਬਣਾਏ। ਨਾਮਧਾਰੀ ਲਹਿਰ ਨਾਲ ਬਸਤੀਵਾਦ ਸਰਕਾਰ ਵਿਰੁੱਧ ਵਿਦਰੋਹ ਸ਼ੁਰੂ, ਸਰਕਾਰ ਨੇ ਪੰਜਾਬ ਲਾਜ਼ ਐਕਟ ਬਣਾਇਆ, ਰੇਲਵੇ ਪੁਲਿਸ ਦਾ ਗਠਨ, ਖੇਤੀ ਸੈਕਟਰ ਦਾ ਨਵਾਂ ਦੌਰ ਸ਼ੁਰੂ, ਮਾਲੀਏ ਦੀ ਵੱਧ ਦਰ ਕਰਕੇ ਛੋਟੇ ਕਿਸਾਨ ਕਰਜ਼ਈ, ਨਿੱਜੀ ਮਾਲਕੀਅਤ ਸ਼ੁਰੂ, ਉਦਯੋਗ ਲਗਾਉਣੇ ਸ਼ੁਰੂ ਹੋਏ, ਸਿਆਸੀ ਸਰਗਰਮੀਆਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਸ਼ੁਰੂ ਕੀਤੀਆਂ, ਲੈਜਿਸਲੇਟਿਵ ਕੌਂਸਲ ਦੀ ਸਥਾਪਤੀ ਨਾਲ ਗਵਰਨਰ ਜਨਰਲ ਸ਼ਕਤੀਸ਼ਾਲੀ ਹੋ ਗਿਆ। ਸਾਰਾਗੜ੍ਹੀ ਦੀ ਜੰਗ ਵਿੱਚ ਸਿੱਖਾਂ ਨੇ ਬਹਾਦਰੀ ਦੇ ਝੰਡੇ ਗੱਡੇ। ਬਸਤੀਵਾਦੀ ਸ਼ਾਸਨ ਦੀ ਪਹਿਲੀ ਅੱਧੀ ਸਦੀ ਵਿੱਚ ਸੁਧਾਰ ਹੋਏ ਪ੍ਰੰਤੂ ਉਨ੍ਹਾਂ ਦਾ ਲੋਕਾਂ ‘ਤੇ ਮਾੜਾ ਪ੍ਰਭਾਵ ਪਿਆ। ਖੇਤੀ ਸੈਕਟਰ ਅਤੇ ਨਵਾਂ ਖੇਤੀ ਕਾਨੂੰਨ ਆਉਣ ਨਾਲ ਕਿਸਾਨੀ ਸ਼ਾਹੂਕਾਰਾਂ ‘ਤੇ ਨਿਰਭਰ ਹੋ ਗਈ। ਉਦਯੋਗਾਂ ਦੇ ਮਸ਼ੀਨੀਕਰਨ ਨਾਲ ਪੁਰਾਣੇ ਉਦਯੋਗ ਖ਼ਤਮ ਹੋ ਗਏ। ਲੋਕਾਂ ਵਿੱਚ ਅਸੰਜਮਤਾ ਪੈਦਾ ਹੋ ਗਈ। ਪਲੇਗ ਨਾਲ ਹਜ਼ਾਰਾਂ ਲੋਕ ਮਰ ਗਏ, ਪੁਲਿਸ ਵਿੱਚ ਹੜਤਾਲ ਹੋ ਗਈ, ਸਿੱਖਾਂ ਦੀਆਂ ਸੰਸਥਾਵਾਂ ਵਿੱਚ ਫੁੱਟ ਪਵਾਈ ਗਈ। ਰਾਸ਼ਟਰਵਾਦੀ ਲਹਿਰ ਤੋਂ ਬਾਅਦ ਬੰਗਾਲ ਨੂੰ ਵੰਡ ਦਿੱਤਾ, ਅਜੀਤ ਸਿੰਘ ਤੇ ਕਿਸ਼ਨ ਸਿੰਘ ਸਰਗਰਮ ਹੋ ਗਏ, ਜਨਤਕ ਜਲਸਿਆਂ ਤੇ ਭਾਸ਼ਣਾਂ ਤੇ ਪਾਬੰਦੀ ਲਾ ਦਿੱਤੀ ਗਈ। ਕਾਂਗਰਸ ਦੇ ਬਰਾਬਰ ਆਲ ਇੰਡੀਆ ਮੁਸਲਮ ਲੀਗ ਦੀ ਸਥਾਪਨਾ ਫਿਰਕੂ ਰੰਗਤ ਦੇਣ ਲਈ ਕੀਤੀ ਗਈ। ਮਿੰਟੋ ਮਾਰਲੇ ਸੁਧਾਰ ਲਹਿਰ ਸ਼ੁਰੂ ਕੀਤੀ ਗਈ। ਲਾਰਡ ਹਾਰਡਿੰਗ ਵਾਇਸਰਾਏ ਬਣਾਏ ਗਏ ਤੇ ਬੰਗਾਲ ਦੀ ਵੰਡ ਰੱਦ ਕਰ ਦਿੱਤੀ, ਵਾਇਸਰਾਏ ਤੇ ਬੰਬ ਸੁੱਟਿਆ ਗਿਆ, ਬੁਨਿਆਦੀ ਢਾਂਚੇ ਵਿੱਚ ਤਬਦੀਲੀਆਂ ਕੀਤੀਆਂ, ਚਨਾਬ ਨਹਿਰ ਅਤੇ ਰੇਲ ਲਾਈਨਾ ਦਾ ਵਿਸਤਾਰ ਕੀਤਾ ਗਿਆ। ਵਿਦੇਸ਼ਾਂ ਵਿੱਚ ਭਾਰਤੀਆਂ ਨਾਲ ਦੁਰਵਿਵਾਰ ਦੇ ਸਿੱਟੇ ਵਜੋਂ ਗ਼ਦਰ ਪਾਰਟੀ ਦੀ ਸਥਾਪਨਾ ਹੋਈ। 1913 ਵਿੱਚ ਗ਼ਦਰ ਅਖ਼ਬਾਰ ਸ਼ੁਰੂ ਕੀਤਾ, ਕਾਮਾਗਾਟਾ ਮਾਰੂ ਘਟਨਾਂ ਨਾਲ ਰੋਸ ਉਤਪਨ ਹੋ ਗਿਆ। ਲਾਹੌਰ ਸ਼ਾਜਸ਼ ਕੇਸ ਵਿੱਚ ਸਜ਼ਾਵਾਂ ਤੇ ਜਾਇਦਾਦਾਂ ਜ਼ਬਤ ਹੋਈਆਂ। ਦੂਜੀ ਸੰਸਾਰ ਜੰਗ ਤੋਂ ਬਾਅਦ ਬਿਪਨ ਚੰਦਰ ਪਾਲ, ਲਾਲਾ ਲਾਜਪਤ ਰਾਏ ਅਤੇ ਬਾਲ ਗੰਗਾਧਰ ਤਿਲਕ ਨੇ 1916 ਵਿੱਚ ਹੋਮ ਰੂਲ ਅੰਦੋਲਨ ਚਲਾਕੇ ਪੰਜਾਬੀਆਂ ਵਿੱਚ ਜੋਸ਼ ਭਰ ਦਿੱਤਾ। ਰੋਲਟ ਐਕਟ, ਜਲਿ੍ਹਆਂ ਵਾਲੇ ਬਾਗ ਦੀਆਂ ਘਟਨਾਵਾਂ, ਕਿਸਾਨੀ ਤੇ ਦਬਾਅ ਅਤੇ ਰੂਸ ਦੇ ਇਨਕਲਾਬ ਨੇ ਖਿਲਾਫਤ ਲਹਿਰ ਤੇਜ ਕਰ ਦਿੱਤੀ।1920 ਵਿੱਚ ਟਰੇਡ ਯੂਨੀਅਨ ਬਣ ਗਈ, ਕਿਰਤੀ ਸ਼੍ਰੇਣੀ ਇੱਕਮੁੱਠ ਹੋ ਗਈ, ਇਨਕਲਾਬ ਅਖ਼ਬਾਰ ਸ਼ੁਰੂ, ਯੂਨੀਅਨ ਪਾਰਟੀ ਦਾ ਗਠਨ, ਕਿਸਾਨ ਤੇ ਮਜ਼ਦੂਰ ਜਮਾਤ ਵਿੱਚ ਬੇਚੈਨੀ, ਕਮਿਊਨਿਸਟ ਪਾਰਟੀ ਦੀ ਸਥਾਪਨਾ ਵਿੱਚ ਪੰਜਾਬ ਦਾ ਯੋਗਦਾਨ ਗੌਲਣਯੋਗ ਸੀ। ਗਰਮ ਖਿਆਲੀ ਨੌਜਵਾਨਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸ਼ੀਏਸ਼ਨ ਦੂਜੇ ਪਾਸੇ ਆਰ.ਐਸ.ਐਸ ਤੇ ਜਨ ਸੰਘ ਬਣ ਗਏ। ਇਸੇ ਸਮੇਂ ਜਾਤੀਵਾਦਕ ਸਰਗਰਮੀਆਂ ਸ਼ੁਰੂ ਹੋਈਆ, ਦਲਿਤਾਂ ਨੇ ਧਰਮ ਪ੍ਰਾਇਮਰੀ ਸਕੂਲ ਖੋਲਿ੍ਹਆ, ਖੱਬੀ ਲਹਿਰ ਲਈ ਇਹ ਚੁਣੌਤੀ ਸੀ। ਨੌਜਵਾਨ ਸਭਾ ਬਣੀ, ਜਿਸਦੇ ਪ੍ਰਧਾਨ ਗੁਰੂ ਦੱਤ ਤੇ ਭਗਤ ਸਿੰਘ ਜਨਰਲ ਸਕੱਤਰ ਬਣੇ। ਕਿਰਤੀ ਕਿਸਾਨ ਪਾਰਟੀ ਵੀ ਬਣ ਗਈ। ਪਰਜਾਮੰਡਲ ਦਾ ਮੁੱਢ 1927 ਵਿੱਚ ਬੱਝ ਗਿਆ। ਹਿੰਦੁਸਤਾਨ ਰਿਪਬਲਿਕਨ ਪਾਰਟੀ ਨੇ ਨਵਾਂ ਨਾਮ ਹਿੰਦੁਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖ ਲਿਆ। ਸਾਈਮਨ ਕਮਿਸ਼ਨ ਦੇ ਵਿਰੋਧ ਕਰਦਿਆਂ ਲਾਲਾ ਲਾਜਪਤ ਰਾਏ ਦੀ ਬਾਅਦ ਵਿੱਚ ਮੌਤ ਹੋ ਗਈ। ਭਗਤ ਸਿੰਘ ਹੋਰਾਂ ਨੇ ਬਦਲਾ ਲੈਣ ਦੀ ਠਾਣ ਲਈ। ਕਾਂਗਰਸ ਨੇ ਡੋਮੀਨੀਅਨ ਰਾਜ ਦਾ ਦਰਜਾ ਦੇਣ ਦੀ ਮੰਗ ਰੱਖ ਦਿੱਤੀ। ਇੰਡਸਟਰੀਅਲ ਡਿਸਪਿਊਟ ਐਕਟ ਤੇ ਪਬਲਿਕ ਸੇਫਟੀ ਬਿਲ ਦੇ ਵਿਰੋਧ ਕਰਕੇ ਪੰਜਾਬ ਵਿੱਚੋਂ ਖੱਬੇ ਪੱਖੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ। ਕਾਂਗਰਸ ‘ਤੇ ਖੱਬੇ ਪੱਖੀਆਂ ਦਾ ਦਬਾਅ ਵੱਧ ਗਿਆ। ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਨਾਲ ਸਿਆਸੀ ਹਾਲਤਾਂ ਵਿੱਚ ਪਰਿਵਰਤਨ ਆਇਆ। ਗੋਲਮੇਜ਼ ਕਾਨਫਰੰਸਾਂ ਦੀ ਰਾਜਨੀਤੀ ਸ਼ੁਰੂ ਹੋ ਗਈ। ਸਿਵਲ ਨਾ ਫੁਰਮਾਨੀ ਲਹਿਰ ਮੱਠੀ ਪੈ ਗਈ,7 ਅਪ੍ਰੈਲ 1934 ਨੂੰ ਵਾਪਸ ਲੈ ਲਈ। ਖੱਬੇ ਪੱਖੀ ਗਰੁਪ ਆਪੋ ਆਪਣੀ ਡਫਲੀ ਵਜਾ ਰਹੇ ਸਨ, ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦਾ ਗਠਨ ਹੋਇਆ। ਚੌਥੇ ਅਧਿਆਇ ਵਿੱਚ ਸਮਾਨਾਂਤਰ ਖੱਬੀ ਲਹਿਰ ਦੀ ਜਦੋਜਹਿਦ ਵਿੱਚ ਇਨਕਲਾਬ ਅਤੇ ਕਿਰਤੀ ਅਖ਼ਬਾਰ ਸ਼ੁਰੂ ਹੋਏ, ਮਜ਼ਦੂਰ ਯੂਨੀਅਨ ਗਠਿਤ, ਕਾਂਗਰਸ ਅਤੇ ਸੀ.ਪੀ.ਆਈ ਨੇ ਟਰੇਡ ਯੂਨੀਅਨ ਗਠਿਤ ਕੀਤੀਆਂ, ਜਲਿ੍ਹਆਂ ਵਾਲੇ ਬਾਗ ਦੀ ਘਟਨਾ ਨੇ ਰਾਸ਼ਟਰਵਾਦੀ ਉਭਾਰ ਪੈਦਾ ਕੀਤਾ ਤੇ ਨਾਮਿਲਵਰਤਨ ਲਹਿਰ ਰਾਹੀਂ ਸਵਦੇਸ਼ੀ ਦਾ ਪ੍ਰਚਾਰ ਆਰੰਭਿਆ। ਖਾਲਸਾ ਅਖ਼ਬਾਰ ਦਾ ਨਾਮ ਬਦਲਕੇ ਅਕਾਲੀ ਅਖ਼ਬਾਰ ਕੀਤਾ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ। ਅਕਾਲੀ ਦਲ ਦੀ ਨਰਮ ਨੀਤੀ ਕਰਕੇ ਬੱਬਰ ਅਕਾਲੀ ਹੋਂਦ ਵਿੱਚ ਆਏ, ਬੱਬਰ ਅਕਾਲੀ ਦੋਆਬਾ ਅਖ਼ਬਾਰ ਸ਼ੁਰੂ ਕੀਤਾ। ਬੱਬਰ ਅਕਾਲੀ ਸ਼ਾਜ਼ਸ ਕੇਸ ਵਿੱਚ ਫਾਂਸੀ ਤੇ ਹੋਰ ਸਜ਼ਾਵਾਂ ਹੋਈਆਂ। ਚੌਰਾ-ਚੌਰੀ ਦੀ ਘਟਨਾ ਤੋਂ ਬਾਅਦ ਗਾਂਧੀ ਨੇ ਨਾਮਿਲਵਰਤਨ ਲਹਿਰ ਬੰਦ ਕਰ ਦਿੱਤੀ। ਇਨਕਲਾਬੀ ਕ੍ਰਾਂਤੀਕਾਰੀਆਂ ਤੇ ਸਰਕਾਰ ਨੇ ਸਿਕੰਜਾ ਕਸ ਦਿੱਤਾ। ਨੌਜਵਾਨ ਭਾਰਤ ਸਭਾ ਨੇ ਆਪਣੀ ਵਿਦਿਆਰਥੀਆਂ ਦੀ ਜਥੇਬੰਦੀ 1928 ਵਿੱਚ ਗਠਿਤ ਕੀਤੀ। ਜੇ.ਪੀ.ਸਾਂਡਰਸ ਦੀ ਹੱਤਿਆ, ਅਸੈਂਬਲੀ ਵਿੱਚ ਬੰਬ ਧਮਾਕਾ, ਵਾਇਸਰਾਏ ਦਾ ਡੱਬਾ ਲੰਘਣ ਤੋਂ ਬਾਅਦ ਧਮਾਕਾ, ਨੌਜਵਾਨ ਸਭਾ ਤੇ ਪਾਬੰਦੀ, ਭਗਤ ਸਿੰਘ ਸਮੇਤ ਨੌਜਵਾਨਾ ਦੀਆਂ ਗ੍ਰਿਫ਼ਤਾਰੀਆਂ ਅਤੇ ਭਗਤ ਸਿੰਘ ਰਾਜ ਗੁਰੂ ਤੇ ਸੁਖਦੇਵ ਨੂੰ ਫਾਂਸੀ ਦੀਆਂ ਸਜ਼ਾਵਾਂ ਹੋਈਆਂ। ਗਾਂਧੀ ਇਰਵਨ ਸਮਝੌਤਾ ਇੱਕ ਕਿਸਮ ਨਾਲ ਨੌਜਵਾਨਾ ਦੇ ਵਿਰੁੱਧ ਸੀ। ਫਾਂਸੀ ਦੇ ਵਿਰੁੱਧ ਸ਼ਰਧਾਂਜ਼ਲੀ ਸਮਾਗਮ ਅੱਚਰਵਾਲ ‘ਦੇਸ਼ ਭਗਤ ਮੇਲੇ’ ਦੇ ਨਾਂ ‘ਤੇ ਕੀਤਾ। ਨੌਜਵਾਨ ਸਭਾ ਤੋਂ ਪਾਬੰਦੀ ਤਾਂ ਹਟਾ ਲਈ ਪ੍ਰੰਤੂ ਜਥੇਬੰਦੀਆਂ ਨੇਤਾਵਾਂ ਤੋਂ ਵਿਹੂਣੀਆਂ ਹੋ ਗਈਆਂ। ਕਿਰਤੀ ਤੇ ਨੌਜਵਾਨ ਇੱਕਮਤ ਹੋ ਗਏ। ਪੰਜਵਾਂ ਅਧਿਆਇ ਸੀ.ਪੀ.ਆਈ. ਪੰਜਾਬ ਦੇ ਗਠਨ ਤੋਂ ਲੋਕ ਯੁੱਧ ਦੀ ਨੀਤੀ ਦਾ ਸਫ਼ਰ ਸ਼ੁਰੂ ਹੋਇਆ। ਜੁਲਾਈ 1934 ਵਿੱਚ ਸਰਕਾਰ ਨੇ ਸੀ.ਪੀ.ਆਈ. ਤੇ ਪਾਬੰਦੀ ਲਾ ਦਿੱਤੀ। ਇਸ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਵਿੱਚ ਕਾਟੋਕਲੇਸ਼ ਜ਼ਾਰੀ ਰਿਹਾ। ‘ਸੂਬਾਈ ਸਾਮਰਾਜ ਵਿਰੋਧੀ ਲੀਗ’, ‘ਸ਼ਹਿਨੀਅਤ ਵਿਰੋਧੀ ਲੀਗ’, ਪੀਪਲਜ਼ ਆਰਮੀ ਅਤੇ ਹੋਰ ਕਈ ਯੂਨੀਅਨ ਕਾਇਮ ਹੋ ਗਈਆਂ। 1935 ਵਿੱਚ ਪਾਰਟੀ ਲਿਬਰਲ ਹੋ ਕੇ ਸਰਮਾਏਦਾਰ ਜਮਾਤਾਂ ਨਾਲ ਮਿਲਕੇ ਕੰਮ ਕਰਨ ਲੱਗ ਗਈ। ਫਿਰ ਕਮਿਊਨਿਸਟਾਂ ਤੇ ਸ਼ੋਸ਼ਲਿਟਾਂ ਦਾ ਤਾਲ ਮੇਲ ਹੋ ਗਿਆ। 1937 ਦੀਆਂ ਚੋਣਾ ਕਿਰਤੀਆਂ ਤੇ ਕਮਿਊਨਿਸਟਾਂ ਨੇ ਕਾਂਗਰਸ ਵਿੱਚ ਰਹਿਕੇ ਦੇਸ਼ ਭਗਤ ਚੋਣ ਬੋਰਡ ਬਣਾਕੇ ਲੜੀਆਂ। ਯੂਨੀਅਨਿਸਟ ਪਾਰਟੀ ਦੀ ਸਰਕਾਰ ਬਣੀ। ਕਮਿਊਨਿਸਟ ਨਾਂ ਦਾ ਪੇਪਰ ਕੱਢਿਆ, ਕਾਂਗਰਸ ਵਿੱਚ ਸੁਭਾਸ਼ ਚੰਦਰ ਬੋਸ ਦਾ ਦਬਦਬਾ ਹੋ ਗਿਆ। ਦੂਜੀ ਸੰਸਾਰ ਜੰਗ ਦੇ ਵਿਰੋਧ ਵਜੋਂ ਹੜਤਾਲ ਵਿੱਚ 99000 ਮਜ਼ਦੂਰਾਂ ਨੇ ਭਾਗ ਲਿਆ। ਡਿਫ਼ੈਂਸ ਆਫ ਇੰਡੀਆ ਐਕਟ ਲਾਅ ਅਧੀਨ ਮਾਰਸ਼ਲ ਲਾਅ ਲਾਗੂ ਕਰਕੇ ਪਾਰਟੀ ‘ਤੇ ਤਸ਼ੱਦਦ ਕੀਤਾ। ਖੱਬੇ ਪੱਖੀਆਂ ਦੇ ਜੇਲ੍ਹਾਂ ਵਿੱਚ ਹੋਣ ਕਰਕੇ ਫ਼ਿਰਕਾਪ੍ਰਸਤੀ ਵੱਧ ਗਈ। 1942 ਵਿੱਚ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਨਾ ਹੋਣ ਲਈ ਕਿਹਾ। ਕਿਰਤੀ ਕਿਸਾਨ ਪਾਰਟੀ ਨੇ ਆਪਣਾ ਸੰਘਰਸ਼ ਜ਼ਾਰੀ ਰੱਖਿਆ। ਕਾਂਗਰਸ ਨਾਲ ਰਲਕੇ ਕੰਮ ਕਰਦਿਆਂ ਵੀ ਕਿਰਤੀਆਂ ‘ਤੇ ਸਖ਼ਤਾਈ ਰਹੀ। ਯੂਨੀਅਨਿਸਟ ਪਾਰਟੀ ਦੀ ਸਰਕਾਰ ਨੇ ਕਿਰਤੀਆਂ ਤੇ ਪ੍ਰਭਾਵ ਪਾ ਕੇ ਸਿਕੰਜਾ ਕਸਿਆ। ਫਿਰ ਕਿਰਤੀਆਂ ਨੇ ਮੇਰਠ ਮੁੱਖ ਦਫ਼ਤਰ ਬਣਾ ਲਿਆ। ਕਿਰਤੀ ਫ਼ਿਰਕਾਪ੍ਰਸਤੀ ਦੇ ਵਿਰੁੱਧ ਸਨ। ਯੁਗਪਲਟਾਊ ਦਲ ਦੀਆਂ ਸਰਗਰਮੀਆਂ ਤੋਂ ਸਰਕਾਰ ਦੁਖੀ ਸੀ, ਉਸਤੇ ਨਜ਼ਰ ਰੱਖ ਰਹੀ ਸੀ। ਛੇਵਾਂ ਅਧਿਆਇ ਵਿੱਚ ਕਿਰਤੀ ਕਮਿਊਨਿਸਟ ਏਕਤਾ ਦਾ ਦੌਰ ਵਿੱਚ ਦੋਹਾਂ ਪਾਰਟੀਆਂ ਵਿੱਚ ਬੜੀਆਂ ਮੀਟਿੰਗਾਂ ਤੇ ਜਦੋਜਹਿਦ ਤੋਂ ਬਾਅਦ ਏਕਤਾ ਹੋਈ। ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਚਲਾਇਆ ਤੇ 1942 ਵਿੱਚ ਹੀ ਕਰੋ ਜਾਂ ਮਰੋ ਦੇ ਮਤੇ ਤੇ ਪੁਜ ਗਈ। ਕਮਿਊਨਿਸਟ ਪਾਰਟੀ ਨੇ ਬਰਤਾਨਵੀ ਸਰਕਾਰ ਨੂੰ ਕਾਂਗਰਸ ਨੂੰ ਕੁਚਲਣ ਤੋਂ ਵਰਜਿਆ। ਸੀ.ਪੀ.ਆਈ.ਤੇ ਕਾਂਗਰਸ ਵਿੱਚ ਖਟਾਸ, ਖੱਬਿਆਂ ਲਈ ਦਿਕਤਾਂ ਰਹੀਆਂ। ਬੰਗਾਲ ਵਿੱਚ ਅਕਾਲ ਪਿਆ, ਸ਼ੁਭਾਸ਼ ਚੰਦਰ ਬੋਸ ਤੇ ਖੱਬੇ ਪੱਖੀਆਂ ਵਿੱਚ ਸਾਂਝ ਰਹੀ, ਪ੍ਰੰਤੂ ਫਾਰਵਰਡ ਬਲਾਕ ਵੀ ਬਣ ਗਿਆ। ਗਾਂਧੀ ਦੀ ਨਰਮ ਪਾਲਿਸੀ ਕਰਕੇ ਉਹ ਵੱਖਰਾ ਹੋ ਗਿਆ। ਸ਼ੁਭਾਸ਼ ਚੰਦਰ ਬੋਸ ਨੂੰ ਕਮਿਊਨਿਸਟਾਂ ਨੇ ਰੂਸ ਪਹੁੰਚਾਉਣ ਵਿੱਚ ਮਦਦ ਕੀਤੀ, ਜਦੋਂ ਜਰਮਨੀ ਤੇ ਰੂਸ ਵਿੱਚ ਉਹ ਸਫਲ ਨਾ ਹੋਇਆ ਤਾਂ ਆਜ਼ਾਦ ਹਿੰਦ ਫ਼ੌਜ ਬਣਾ ਲਈ ਤੇ ਭਾਰਤ ਆ ਕੇ ਰੂਪੋਸ਼ ਹੋ ਗਿਆ। ਸੱਤਵੇਂ ਅਧਿਆਇ ਬਸਤੀਵਾਦ ਤੋਂ ਛੁਟਕਾਰੇ ਦੇ ਆਖ਼ਰੀ ਵਰ੍ਹੇ ਵਿੱਚ ਦੇਸ਼ ਦੇ ਪਰਜਾਤੰਤਰ ਦੀ ਰੂਪ ਰੇਖਾ ਬਾਰੇ ਖੱਬੇ ਪੱਖੀਆਂ, ਕਾਂਗਰਸ ਅਤੇ ਮੁਸਲਮ ਲੀਗ ਵੱਲੋਂ ਦੱਸੇ ਗਏ ਵਿਚਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਗਾਂਧੀ ਵੱਲੋਂ ਜਿਨਾਹ ਨੂੰ ਮਿਲਣਾ ਤੇ ਕਾਇਦੇਆਜਮ ਕਹਿਣ ਨਾਲ ਜਿਨਾਹ ਦਾ ਰੁੱਖ ਬਦਲ ਗਿਆ ਤੇ ਉਸਦੇ ਦੇ ਅੜੀਅਲ ਰਵੱਈਏ ਕਰਕੇ ਦੇਸ਼ ਦੀ ਵੰਡ ਹੋਣ ਬਾਰੇ ਦੱਸਿਆ ਗਿਆ ਹੈ। ਡਾ.ਸਰਬਜੀਤ ਕੰਗਨੀਵਾਲ ਦੀ ਇਹ ਪੁਸਤਕ ਲਾਜਵਾਬ ਦੇਣ ਹੈ।
ਸੰਪਰਕ ਸਰਬਜੀਤ ਕੰਗਣੀਵਾਲ: 9780036118
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਉਜਾਗਰ ਸਿੰਘ