ਦੁਨੀਆ ਵਿੱਚ ਕਈ ਹਸਤੀਆਂ ਆਪਣੇ ਕੰਮ ਅਤੇ ਕਿਰਦਾਰ ਕਰਕੇ ਲੋਕਾਂ ਲਈ ਮਿਸਾਲ ਬਣ ਜਾਂਦੀਆਂ ਹਨ। ਇਹ ਮਿਸਾਲਾਂ ਸਿਰਫ ਉਨ੍ਹਾਂ ਦੀ ਕਾਮਯਾਬੀ ਜਾਂ ਦੌਲਤ ਦੇ ਆਧਾਰ ਤੇ ਨਹੀਂ, ਸਗੋਂ ਉਨ੍ਹਾਂ ਦੇ ਚੋਣੇ ਹੋਏ ਮੁੱਲਾਂ, ਨੈਤਿਕਤਾ ਅਤੇ ਜਿੰਦਗੀ ਦੇ ਫੈਸਲਿਆਂ ਰਾਹੀਂ ਬਣਦੀਆਂ ਹਨ। ਅਜਿਹਾ ਹੀ ਇੱਕ ਨਾਂ ਹੈ - ਜੈਕੀ ਚੈਨ, ਜੋ ਕਿ ਚਾਈਨਾ ਅਤੇ ਹੋਲੀਵੁੱਡ ਦਾ ਇੱਕ ਮਸ਼ਹੂਰ ਕਲਾਕਾਰ ਹੈ। ਜਿੱਥੇ ਉਹ ਆਪਣੀ ਐਕਸ਼ਨ ਭਰੀਆਂ ਫਿਲਮਾਂ ਅਤੇ ਸਟੰਟਸ ਲਈ ਜਾਣਿਆ ਜਾਂਦਾ ਹੈ, ਓਥੇ ਹੀ ਉਸ ਦਾ ਇੱਕ ਪਿਤਾ ਹੋਣ ਦੇ ਨਾਤੇ ਲਿਆ ਗਿਆ ਫੈਸਲਾ ਵੀ ਲੋਕਾਂ ਲਈ ਚਿੰਤਨ ਦਾ ਵਿਸ਼ਾ ਬਣ ਗਿਆ। ਇਹ ਫੈਸਲਾ ਸਿਰਫ ਉਸ ਦੇ ਪਰਿਵਾਰਿਕ ਜੀਵਨ ਨਾਲ ਸਬੰਧਤ ਨਹੀਂ ਸੀ, ਸਗੋਂ ਇੱਕ ਸਮਾਜਿਕ ਸੁਨੇਹਾ ਵੀ ਸੀ ਕਿ ਪਿਤਾ ਹੋਣਾ ਮਤਲਬ ਸਿਰਫ ਪਿਆਰ ਨਹੀਂ, ਸਗੋਂ ਸਖਤੀ ਨਾਲ ਸੰਸਕਾਰ ਦੇਣਾ ਵੀ ਹੈ। ਜੈਕੀ ਚੈਨ ਦੀ ਜਿੰਦਗੀ ਦੀ ਕਾਮਯਾਬੀ ਇਕ ਦਿਨ ਦੀ ਕਮਾਈ ਨਹੀਂ ਸੀ। ਉਸਨੇ ਗਰੀਬੀ ਦੇ ਦਿਨ ਵੀ ਦੇਖੇ, ਬਚਪਨ ਵਿੱਚ ਮਸ਼ੱਕਤ ਕੀਤੀ, ਸਿਨੇਮੇ ਦੀ ਦੁਨੀਆ ਵਿੱਚ ਆਪਣੇ ਲਈ ਇੱਕ ਥਾਂ ਬਣਾਉਣ ਲਈ ਅਣਗਿਣਤ ਖ਼ਤਰੇ ਝਲੇ, ਜਿਆਦਾਤਰ ਸਟੰਟ ਆਪਣੇ ਆਪ ਕੀਤੇ। ਉਹ ਸਿਰਫ ਇੱਕ ਕਲਾਕਾਰ ਨਹੀਂ, ਸਗੋਂ ਚੀਨ ਦੀ ਇੱਕ ਨਵੀਂ ਪੀੜ੍ਹੀ ਲਈ ਪ੍ਰੇਰਣਾ ਹੈ। ਜਦੋਂ ਅਜਿਹਾ ਵਿਅਕਤੀ ਆਪਣੇ ਬੱਚੇ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨ ਦਾ ਫੈਸਲਾ ਕਰੇ, ਤਾਂ ਇਹ ਆਮ ਨਹੀਂ ਹੋ ਸਕਦਾ। ਇਹ ਫੈਸਲਾ ਲੋਕਾਂ ਨੂੰ ਹਿਲਾ ਕੇ ਰੱਖ ਸਕਦਾ ਹੈ, ਪਰ ਇਸ ਦੀ ਪਿੱਛੇ ਦੀ ਸੋਚ ਸਿਖਾਉਣ ਵਾਲੀ ਹੈ।
ਸਾਲ 2014 ਵਿੱਚ ਜਦੋਂ ਜੈਕੀ ਚੈਨ "ਫਰੀ ਡਰੱਗ ਲੀਵਿੰਗ" ਕੈਮਪੇਨ ਦੀ ਅਗਵਾਈ ਕਰ ਰਿਹਾ ਸੀ, ਤਾਂ ਉਸ ਸਮੇਂ ਇੱਕ ਖ਼ਬਰ ਨੇ ਮੀਡੀਆ ਨੂੰ ਹਿਲਾ ਦਿੱਤਾ। ਉਸਦਾ ਪੁੱਤਰ, ਜੇਸੀ ਚੈਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਹੋਇਆ ਚੀਨ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਸਿਰਫ ਨਸ਼ੇ ਸਬੰਧੀ ਮਾਮਲਾ ਨਹੀਂ ਸੀ, ਸਗੋਂ ਇਹ ਚੀਨ ਦੇ ਨਸ਼ਾ ਵਿਰੋਧੀ ਕਾਨੂੰਨਾਂ ਦੇ ਤਹਿਤ ਇੱਕ ਗੰਭੀਰ ਅਪਰਾਧ ਸੀ। ਜਦ ਇੱਕ ਪਿਤਾ ਆਪ ਨਸ਼ੇ ਖਿਲਾਫ਼ ਅਭਿਆਨ ਚਲਾ ਰਿਹਾ ਹੋਵੇ ਅਤੇ ਉਸਦਾ ਪੁੱਤਰ ਇਸ ਅਭਿਆਨ ਦੀ ਉਲਟ ਦਿਸ਼ਾ ਵਿੱਚ ਹੋਵੇ, ਤਾਂ ਇਹ ਸਿਰਫ ਪਰਿਵਾਰਕ ਨਹੀਂ, ਸਗੋਂ ਆਤਮਿਕ ਸੱਟ ਹੋ ਸਕਦੀ ਹੈ। ਇਸ ਮਾਮਲੇ ਤੋਂ ਇਲਾਵਾ ਵੀ ਜੇਸੀ ਚੈਨ ਦੇ ਨਾਂ ਕਈ ਅਨੈਤਿਕ ਕਾਰਵਾਈਆਂ ਨਾਲ ਜੋੜੇ ਗਏ। ਜਦੋਂ ਮਸ਼ਹੂਰ ਹਸਤੀਆਂ ਦੇ ਬੱਚੇ ਅਣਗੰਭੀਰ ਹੋ ਜਾਂਦੇ ਹਨ, ਅਕਸਰ ਇਹ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਦੌਲਤ, ਸ਼ੋਹਰਤ ਅਤੇ ਰੁਤਬੇ ਦਾ ਗਲਤ ਫਾਇਦਾ ਚੁੱਕਿਆ। ਅਜਿਹਾ ਹੀ ਕੁਝ ਜੈਕੀ ਚੈਨ ਦੇ ਪੁੱਤਰ ਦੇ ਨਾਲ ਵੀ ਹੋਇਆ। ਇਨ੍ਹਾਂ ਸਭ ਘਟਨਾਵਾਂ ਨੇ ਜੈਕੀ ਚੈਨ ਨੂੰ ਅੰਦਰੋਂ ਬਹੁਤ ਝੰਝੋੜ ਦਿੱਤਾ। ਉਨ੍ਹਾਂ ਨੇ ਪਬਲਿਕ ਤੌਰ ‘ਤੇ ਇਹ ਕਹਿਣ ਵਿੱਚ ਕੋਈ ਹਿਚਕ ਨਹੀਂ ਮਹਿਸੂਸ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਰਹੇ ਹਨ।
ਜੈਕੀ ਚੈਨ ਨੇ ਸਪਸ਼ਟ ਕਿਹਾ ਕਿ "ਜੇਕਰ ਮੈਂ ਆਪਣੇ ਪੁੱਤਰ ਨੂੰ ਸਭ ਤੋਂ ਵਧੀਆ ਸਿੱਖਿਆ, ਸਭ ਤੋਂ ਵਧੀਆ ਮੌਕੇ ਦੇਣ ਦੇ ਬਾਵਜੂਦ ਵੀ ਉਸਨੂੰ ਇੱਕ ਕਾਬਿਲ ਇਨਸਾਨ ਨਹੀਂ ਬਣਾ ਸਕਿਆ, ਤਾਂ ਇਹ ਜਾਇਦਾਦ ਉਸਦੇ ਹੱਥ ਲੱਗਣ ਨਾਲ ਵੀ ਬਰਬਾਦ ਹੀ ਹੋਣੀ ਹੈ।" ਉਸਦੇ ਇਹ ਸ਼ਬਦ ਇੱਕ ਮਾਂ-ਬਾਪ ਦੇ ਰੂਪ ਵਿੱਚ ਅਸਲ ਜ਼ਿੰਮੇਵਾਰੀ ਨੂੰ ਦਰਸਾਉਂਦੇ ਹਨ ਕਿ ਆਪਣੇ ਬੱਚਿਆਂ ਨੂੰ ਸਿਰਫ ਪੈਸਾ ਨਹੀਂ ਦੇਣਾ, ਸਗੋਂ ਸੰਸਕਾਰ ਦੇਣਾ। ਜੈਕੀ ਚੈਨ ਨੇ ਆਪਣੀ 400 ਮਿਲੀਅਨ ਡਾਲਰ ਦੀ ਸੰਪੱਤੀ ਉਹਨਾਂ ਲੋਕਾਂ ਵਿੱਚ ਦਾਨ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਅਸਲ ਵਿੱਚ ਇਸ ਦੀ ਲੋੜ ਹੈ। ਇਹ ਇੱਕ ਕਲਾਕਾਰ ਤੋਂ ਇਲਾਵਾ, ਇੱਕ ਜਿੰਮੇਵਾਰ ਨਾਗਰਿਕ ਦੀ ਸੋਚ ਸੀ। ਕਈ ਮਾਪੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਜਾਣਬੁੱਝ ਕੇ ਨਜ਼ਰ-ਅੰਦਾਜ ਕਰਦੇ ਜਾਂਦੇ ਹਨ, ਉਨ੍ਹਾਂ ਦੀ ਗਲਤ ਹਮਾਇਤ ਕਰਦੇ ਹਨ। ਪਰ ਇਹ ਹਕੀਕਤ ਅੱਖਾਂ ਖੋਲ੍ਹਣ ਵਾਲੀ ਹੈ ਕਿ ਅਜਿਹਾ ਕਰਨਾ ਉਨ੍ਹਾਂ ਬੱਚਿਆਂ ਲਈ ਮਦਦਗਾਰ ਨਹੀਂ, ਸਗੋਂ ਉਨ੍ਹਾਂ ਦੇ ਨਾਸ਼ ਦਾ ਰਾਹ ਬਣਦਾ ਹੈ।
ਜੈਕੀ ਚੈਨ ਨੇ ਜੋ ਕੀਤਾ, ਉਹ ਆਮ ਨਹੀਂ ਹੈ। ਪਰ ਇਹ ਆਮ ਹੋਣਾ ਚਾਹੀਦਾ ਹੈ। ਜੇਕਰ ਇੱਕ ਬੱਚਾ ਆਪਣੀ ਜ਼ਿੰਦਗੀ ਵਿੱਚ ਆਤਮਨਿਰਭਰ ਨਹੀਂ ਹੋ ਸਕਦਾ, ਆਪਣੇ ਅੰਦਰ ਇਮਾਨਦਾਰੀ ਅਤੇ ਨੈਤਿਕਤਾ ਨਹੀਂ ਵਸਾ ਸਕਦਾ, ਤਾਂ ਜਾਇਦਾਦ ਦੇਣ ਨਾਲ ਉਹ ਸੰਭਲਣ ਦੀ ਬਜਾਏ ਹੋਰ ਵਿਗੜੇਗਾ। ਸੰਪੱਤੀ ਦੇ ਨਾਲ ਆਉਂਦੀ ਆਜ਼ਾਦੀ, ਜੇਕਰ ਚਰਿਤਰਹੀਣ ਹੱਥਾਂ ਵਿੱਚ ਚਲੀ ਜਾਵੇ, ਤਾਂ ਉਹ ਵਿਨਾਸ਼ ਦਾ ਕਾਰਨ ਬਣਦੀ ਹੈ। ਮਾਪਿਆਂ ਦੀ ਆਮ ਸੋਚ ਹੁੰਦੀ ਹੈ ਕਿ ਉਹ ਆਪਣਾ ਸਭ ਕੁਝ ਆਪਣੇ ਬੱਚਿਆਂ ਲਈ ਛੱਡ ਕੇ ਜਾਣ। ਪਰ ਇਹ ਵੀ ਸਮਝਣ ਦੀ ਲੋੜ ਹੈ ਕਿ ਜੋ ਪਿਆਰ ਚਰਿਤਰ ਬਣਾਏ, ਉਹੀ ਅਸਲ ਪਿਆਰ ਹੈ। ਚਰਿਤਰਵਾਨ ਬੱਚਾ ਨਾ ਸਿਰਫ ਆਪਣੇ ਲਈ, ਸਗੋਂ ਮਾਪਿਆਂ ਲਈ ਵੀ ਇਜ਼ਤ ਕਮਾਉਂਦਾ ਹੈ। ਜੇਕਰ ਬੱਚਾ ਹੀ ਮਾਪਿਆਂ ਦੇ ਨਾਮ ਨੂੰ ਨੁਕਸਾਨ ਪਹੁੰਚਾਵੇ, ਤਾਂ ਉਹ ਪਿਆਰ ਵੀ ਪਾਸੇ ਹਟਣਾ ਚਾਹੀਦਾ ਹੈ ਜੋ ਅੰਨ੍ਹਾ ਬਣ ਜਾਂਦਾ ਹੈ।
ਜੈਕੀ ਚੈਨ ਦਾ ਇਹ ਫੈਸਲਾ ਸਿੱਧਾ-ਸਿੱਧਾ ਇਹ ਦਰਸਾਉਂਦਾ ਹੈ ਕਿ ਭਵਿੱਖ ਸੰਪੱਤੀ ਨਾਲ ਨਹੀਂ, ਸਗੋਂ ਸੰਸਕਾਰ ਨਾਲ ਬਣਦਾ ਹੈ। ਜਦ ਤੱਕ ਮਾਪੇ ਆਪਣੇ ਬੱਚਿਆਂ ਨੂੰ ਸੰਸਕਾਰ, ਚਰਿੱਤਰ ਅਤੇ ਇਮਾਨਦਾਰੀ ਦੀ ਸਿੱਖਿਆ ਨਹੀਂ ਦਿੰਦੈ, ਤਦ ਤੱਕ ਸੰਪੱਤੀ ਵੀ ਉਨ੍ਹਾਂ ਲਈ ਅਭਿਸ਼ਾਪ ਬਣ ਸਕਦੀ ਹੈ। ਇਸ ਪੂਰੇ ਮਾਮਲੇ ਤੋਂ ਜੋ ਸਿੱਖਣ ਨੂੰ ਮਿਲਦਾ ਹੈ, ਉਹ ਇਹ ਹੈ ਕਿ ਜੇਕਰ ਇੱਕ ਬੱਚਾ ਆਪਣੀ ਜ਼ਿੰਦਗੀ ਦੇ ਸਹੀ ਰਸਤੇ ਨੂੰ ਖੁਦ ਨਹੀਂ ਚੁਣ ਸਕਦਾ, ਅਤੇ ਗਲਤ ਰਸਤੇ 'ਤੇ ਚੱਲ ਪੈਂਦਾ ਹੈ, ਤਾਂ ਮਾਪਿਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਦੀ ਬਜਾਏ, ਉਸਦੇ ਚਰਿਤਰ 'ਤੇ ਧਿਆਨ ਦੇਣਾ ਚਾਹੀਦਾ ਹੈ। ਕਈ ਵਾਰੀ ਪਿਆਰ ਦੇ ਨਾਂ 'ਤੇ ਕੀਤੇ ਫੈਸਲੇ, ਸੰਪੱਤੀ ਦੇ ਨਾਂ 'ਤੇ ਦਿੱਤੀ ਆਜ਼ਾਦੀ, ਅਤੇ ਗਲਤੀਆਂ ਉਤੇ ਚੁੱਪ ਰਹਿਣਾ, ਬੱਚਿਆਂ ਨੂੰ ਠੀਕ ਰਸਤੇ ਤੋਂ ਭਟਕਾ ਦਿੰਦੇ ਹਨ। ਜੈਕੀ ਚੈਨ ਦੁਨੀਆਂ ਲਈ ਸਿਰਫ ਇੱਕ ਐਕਸ਼ਨ ਹੀਰੋ ਨਹੀਂ, ਸਗੋਂ ਇੱਕ ਚੇਤਾਵਨੀ ਭਰੀ ਮਿਸਾਲ ਵੀ ਬਣ ਗਿਆ। ਇੱਕ ਪਿਤਾ ਜਿਸ ਨੇ ਆਪਣੇ ਪਿਆਰ ਦੀ ਆੜ ਵਿੱਚ ਆਪਣੇ ਫਰਜ਼ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ।
ਅੰਤ ਵਿੱਚ ਇਹ ਕਹਿਣਾ ਉਚਿਤ ਹੋਵੇਗਾ ਕਿ ਜੈਕੀ ਚੈਨ ਵਰਗੀਆਂ ਹਸਤੀਆਂ ਦੇ ਫੈਸਲੇ ਸਮਾਜ ਵਿੱਚ ਨਵੀਆਂ ਲਕੀਰਾਂ ਖਿੱਚਦੇ ਹਨ। ਇਹ ਫੈਸਲੇ ਸਾਨੂੰ ਸਿਖਾਉਂਦੇ ਹਨ ਕਿ ਮਾਪਿਆਂ ਦਾ ਫਰਜ਼ ਸਿਰਫ ਰੋਟੀ, ਕੱਪੜਾ ਅਤੇ ਛੱਤ ਤੱਕ ਸੀਮਤ ਨਹੀਂ, ਸਗੋਂ ਆਪਣੇ ਬੱਚਿਆਂ ਵਿੱਚ ਅਸਲ ਇਨਸਾਨੀਅਤ ਦੇ ਗੁਣ ਪੈਦਾ ਕਰਨਾ ਹੈ। ਪੈਸਾ ਇੱਕ ਸਾਧਨ ਹੈ, ਪਰ ਚਰਿੱਤਰ ਹੀ ਅਸਲ ਧਨ ਹੈ। ਮਾਪਿਆਂ ਨੂੰ ਆਪਣੀ ਔਲਾਦ ਦੇ ਭਵਿੱਖ ਲਈ ਸਿਰਫ ਸੰਪੱਤੀ ਨਹੀਂ, ਸਗੋਂ ਸੰਸਕਾਰ ਅਤੇ ਚਰਿੱਤਰ ਦੀ ਵਿਰਾਸਤ ਛੱਡਣੀ ਚਾਹੀਦੀ ਹੈ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ