ਸੁਨਾਮ : ਸਿਵਲ ਸਰਜਨ ਸੰਗਰੂਰ ਡਾਕਟਰ ਸੰਜੇ ਕਾਮਰਾ ਅਤੇ ਪੀ ਐਚ ਸੀ ਕੌਹਰੀਆਂ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਗਗਨ ਖੀਪਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਸੁਨਾਮ ਨੇੜਲੇ ਪਿੰਡਾਂ ਪਿੰਡ ਚੱਠੇ ਨਕਟੇ ਅਤੇ ਅਕਾਲਗੜ ਵਿਖੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ। ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ ਸੀ ਐਚ ਓ ਜਸਵੀਰ ਕੌਰ ਅਤੇ ਮੈਡਮ ਜਸਵੀਰ ਕੌਰ ਨੇ ਗਲ਼ੀ ਮੁਹੱਲਿਆਂ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਅਤੇ ਘਰ ਘਰ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ। ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਂਦੇ ਹੋਏ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਡੇਂਗੂ ਵਿਰੁੱਧ ਵੱਡੇ ਪੱਧਰ ਤੇ ਮੁਹਿੰਮ ਵਿੱਢੀ ਹੋਈ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਸਾਲ 2023 ਵਿੱਚ ਪੰਜਾਬ ਅੰਦਰ ਡੇਂਗੂ ਦੇ 13500 ਤੋਂ ਉੱਪਰ ਕੇਸ ਦਰਜ ਕੀਤੇ ਗਏ ਸਨ ਅਤੇ 39 ਮੌਤਾਂ ਡੇਂਗੂ ਨਾਲ ਹੋਈਆਂ। ਸਾਲ 2024 ਵਿੱਚ ਇਹ ਅੰਕੜੇ ਘੱਟਕੇ 6260 ਕੇਸ ਅਤੇ 13 ਮੌਤਾਂ ਰਹਿ ਗਈਆ ਸਾਲ 2025 ਵਿੱਚ ਪੰਜਾਬ ਸਰਕਾਰ ਸਰਕਾਰ ਅਤੇ ਸਿਹਤ ਵਿਭਾਗ ਨੇ 1 ਮਈ ਤੋਂ ਡੇਂਗੂ ਵਿਰੁੱਧ ਜਾਗਰੂਕਤਾ ਮਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਆਖਿਆ ਕਿ ਡੇਂਗੂ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਵਿੱਚ ਜਲਨ ਆਦਿ ਹਨ,ਹਾਲਤ ਜਿਆਦਾ ਖਰਾਬ ਹੋਣ ਤੇ ਨੱਕ ਅਤੇ ਮੂੰਹ ਵਿੱਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇੱਕਠਾ ਨਾ ਹੋਣ ਦਿਓ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਨੂੰ ਹਰ ਹਫਤੇ ਸਾਫ ਕਰਦੇ ਰਹਿਣਾ ਚਾਹੀਦਾ ਹੈ। ਪੂਰੀਆ ਬਾਹਾਂ ਵਾਲੇ ਕੱਪੜੇ ਪਹਿਨੇ ਜਾਣ ਮੱਛਰ ਭਜਾਉਣ ਵਾਲੇ ਉਪਕਰਨ ਅਤੇ ਕਰੀਮਾਂ ਦੀ ਵਰਤੋਂ ਕਰੋ ਜੇਕਰ ਫਿਰ ਵੀ ਡੇਂਗੂ ਹੋ ਜਾਂਦਾ ਹੈ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਜਾਕੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਆਸ਼ਾ ਵਰਕਰ ਨਰਿੰਦਰ ਕੌਰ, ਆਂਗਨਵਾੜੀ ਵਰਕਰ ਬਲਜੀਤ ਕੌਰ, ਹੈਲਪਰ ਅਮਨਦੀਪ ਕੌਰ ਸਮੇਤ ਪਿੰਡ ਦੇ ਵਸ਼ਿੰਦੇ ਹਾਜਰ ਸਨ।