ਮਈ 2025 ਦੇ ਪਹਿਲੇ ਦੋ ਹਫ਼ਤਿਆਂ ਵਿੱਚ ਭਾਰਤੀ ਕ੍ਰਿਕਟ ਨੇ ਦੋ ਅਜਿਹੀਆਂ ਵਿਦਾਇਗੀਆਂ ਦੇਖੀਆਂ ਜੋ ਸਿਰਫ਼ ਇੱਕ ਖਿਡਾਰੀ ਦੇ ਖੇਡ ਨੂੰ ਅਲਵਿਦਾ ਆਖਣ ਦੀ ਘੋਸ਼ਣਾ ਨਹੀਂ ਸੀ, ਸਗੋਂ ਇਹ ਵਿਦਾਇਗੀਆਂ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਦੌਰ ਦੇ ਖ਼ਤਮ ਹੋਣ ਦਾ ਐਲਾਨ ਸਨ। ਪਹਿਲਾਂ ਰੋਹਿਤ ਸ਼ਰਮਾ ਅਤੇ ਉਸ ਤੋਂ ਬਾਅਦ ਰਨ ਮਸ਼ੀਨ ਵਿਰਾਟ ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕੀਤੀ ਗਈ। ਇਹ ਦੋਵੇਂ ਨਾਮ ਸਿਰਫ਼ ਮੈਚ ਜਿੱਤਣ ਵਾਲੇ ਖਿਡਾਰੀ ਨਹੀਂ ਸਨ, ਸਗੋਂ ਉਹ ਆਦਰਸ਼ ਸਨ ਜੋ ਹਰ ਨੌਜਵਾਨ ਖਿਡਾਰੀ ਆਪਣੇ ਸੁਪਨਿਆਂ ਵਿੱਚ ਵੇਖਦਾ ਹੈ। ਇਨ੍ਹਾਂ ਦੀ ਸੰਨਿਆਸੀ ਘੋਸ਼ਣਾ ਨੇ ਸਿਰਫ਼ ਪ੍ਰਸ਼ੰਸਕਾਂ ਨੂੰ ਹੀ ਨਹੀਂ, ਸਗੋਂ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। ਇਹ ਵਿਦਾਇਗੀਆਂ ਇਕ ਅਜਿਹੇ ਸਮੇਂ ਹੋਈਆਂ ਜਦੋਂ ਭਾਰਤ ਇੰਗਲੈਂਡ ਨਾਲ ਇੱਕ ਮਹੱਤਵਪੂਰਨ ਟੈਸਟ ਸੀਰੀਜ਼ ਦੀ ਤਿਆਰੀ ਕਰ ਰਿਹਾ ਸੀ। ਇੱਕ ਸਮਝਦਾਰ ਪ੍ਰਸ਼ੰਸਕ ਲਈ ਇਹ ਸਵਾਲ ਲਾਜਮੀ ਬਣਦਾ ਹੈ ਕਿ ਆਖ਼ਿਰ ਕੀ ਹੋਇਆ ਕਿ ਇਹ ਦੋ ਸ਼ਾਨਦਾਰ ਖਿਡਾਰੀ, ਜੋ ਕਿ ਅਜੇ ਵੀ ਆਪਣੇ ਕਰੀਅਰ ਦੇ ਪੱਕੇ ਮੋੜ 'ਤੇ ਸਨ, ਅਚਾਨਕ ਸੰਨਿਆਸ ਦੀ ਘੋਸ਼ਣਾ ਕਰਨ ਲਈ ਮਜਬੂਰ ਹੋਏ? ਕੀ ਇਹ ਉਹਨਾਂ ਦੀ ਆਪਣੀ ਚੋਣ, ਮਜ਼ਬੂਰੀ ਸੀ ਜਾਂ ਕਿਸੇ ਅਦ੍ਰਿਸ਼ ਲੋਬੀ ਦਾ ਦਬਾਅ?
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ - ਇਹ ਦੋਨੋਂ ਨਾਮ ਭਾਰਤੀ ਕ੍ਰਿਕਟ ਦੇ ਮਾਣ ਸਨ। ਜਦੋਂ ਵੀ ਇਹਨਾਂ ਨੇ ਮੈਦਾਨ ਵਿੱਚ ਕਦਮ ਰੱਖਿਆ, ਲੋਕਾਂ ਨੇ ਟੀਵੀ ਸਕ੍ਰੀਨਾਂ 'ਤੇ ਅੱਖਾਂ ਜਮਾ ਲਈਆਂ। ਰੋਹਿਤ ਸ਼ਰਮਾ ਨੇ ਜਿੱਥੇ ਇੱਕ ਦਿਨਾਂ ਮੈਚਾਂ ਵਿੱਚ ਤਿੰਨ ਦੋਹਰੇ ਸੈਂਕੜੇ ਲਾ ਕੇ ਇਕ ਨਵਾਂ ਇਤਿਹਾਸ ਰਚਿਆ, ਉਥੇ ਕੋਹਲੀ ਨੇ ਇੱਕ ਦਿਨਾਂ ਮੈਚਾਂ ਵਿੱਚ 5 1 ਸੈਂਕੜੇ ਲਾ ਕੇ ਸਚਿਨ ਤੇਂਦੂਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ। ਇਹ ਦੋਵੇਂ ਨਾਮ ਨਾ ਸਿਰਫ਼ ਸੰਖਿਆਵਾਂ 'ਚ ਅੱਗੇ ਸਨ, ਸਗੋਂ ਜਜ਼ਬਾਤਾਂ, ਹੌਂਸਲੇ ਅਤੇ ਪ੍ਰੇਰਣਾ ਦੇ ਸਨਮਾਨਿਕ ਚਿਹਰੇ ਵੀ ਸਨ। ਸਚਿਨ ਤੇਂਦੂਲਕਰ ਨੂੰ ਜਿਵੇਂ ਸੰਨਿਆਸ ਦਿੰਦੇ ਸਮੇਂ ਇੱਕ ਪੂਰੀ ਸੀਰੀਜ਼ ਦਾ ਮੌਕਾ ਦਿੱਤਾ ਗਿਆ ਸੀ, ਹਰ ਮੈਚ ਵਿੱਚ ਇਕ ਸ਼ਾਨਦਾਰ ਤਰੀਕੇ ਨਾਲ ਉਨ੍ਹਾਂ ਨੂੰ ਵਿਦਾ ਕੀਤਾ ਗਿਆ, ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇੱਕ ਆਖ਼ਰੀ ਵਾਰ ਉਨ੍ਹਾਂ ਨੂੰ ਖੇਡਦੇ ਦੇਖਣ ਦਾ ਮੌਕਾ ਮਿਲਿਆ। ਪਰ ਰੋਹਿਤ ਅਤੇ ਕੋਹਲੀ ਨੂੰ ਇਹ ਮੌਕਾ ਨਹੀਂ ਮਿਲਿਆ। ਨਾ ਕੋਈ ਆਖ਼ਰੀ ਮੈਚ, ਨਾ ਵਿਦਾਈ ਸਮਾਰੋਹ, ਨਾ ਹੀ ਕੋਈ ਜਜ਼ਬਾਤੀ ਪਲ - ਸਿਰਫ਼ ਸ਼ੋਸ਼ਲ ਮੀਡੀਆ ਅਕਾਊਂਟ ਦੀ ਇੱਕ ਪੋਸਟ ਨਾਲ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਗਿਆ ਜਾਂ ਕਰਵਾ ਦਿੱਤਾ ਗਿਆ। ਇਕ ਖਾਸ ਗੱਲ 36 ਸਾਲਾ ਵਿਰਾਟ ਕੋਹਲੀ ਜੋ ਕਿ ਸਰੀਰਿਕ ਤੌਰ ਤੇ ਅੱਜ ਦੇ 20-22 ਸਾਲ ਦੇ ਨੌਜਵਾਨ ਖਿਡਾਰੀਆਂ ਨੂੰ ਵੀ ਮਾਤ ਦਿੰਦਾ ਹੈ, ਉਸ ਨੇ ਸਚਿਨ ਤੇਂਦੂਲਕਰ ਦੇ ਕਈ ਰਿਕਾਰਡ ਤੋੜ ਦਿੱਤੇ ਹਨ ਅਤੇ ਅਗਰ ਉਸ ਨੂੰ ਵੀ ਸਚਿਨ ਦੇ ਬਰਾਬਰ ਉਮਰ ਤੱਕ ਖੇਡਣ ਦਾ ਮੌਕਾ ਦਿੱਤਾ ਜਾਂਦਾ ਤਾਂ ਕੋਹਲੀ ਨੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸ਼ਖਸ ਦੇ ਲੱਗ-ਭੱਗ ਸਾਰੇ ਰਿਕਾਰਡ ਤੋੜ ਦੇਣੇ ਸਨ। ਪਰ ਸ਼ਾਇਦ ਕ੍ਰਿਕਟ ਨਾਲ ਸੰਬੰਧਿਤ ਲਾਬੀ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋ ਸਕਦੇ ਹਨ ,ਜੋ ਇਹ ਨਹੀਂ ਚਾਹੁੰਦੇ ਹੋਣਗੇ ਕਿ ਕੋਈ ਵੀ ਕ੍ਰਿਕਟ ਦੇ ਭਗਵਾਨ ਦੇ ਸਾਰੇ ਰਿਕਾਰਡ ਤੋੜ ਦੇਵੇ।
ਕੀ ਇਹ ਸਿਰਫ਼ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਨਿਜੀ ਐਲਾਨ ਸੀ ਜਾਂ ਕੋਈ ਹੋਰ ਅੰਦਰੂਨੀ ਮਜ਼ਬੂਰੀ ਸੀ? ਭਾਰਤੀ ਕ੍ਰਿਕਟ ਵਿੱਚ ਕਈ ਵਾਰੀ ਆਖ਼ਰੀ ਚੋਣ ਖਿਡਾਰੀ ਦੀ ਨਹੀਂ ਰਹਿ ਜਾਂਦੀ। ਲੋਬੀਆਂ, ਮੀਡੀਆ ਦਬਾਅ, ਨਵੇਂ ਟੈਲੰਟ ਨੂੰ ਤਿਆਰ ਕਰਨ ਦੀ ਜ਼ਰੂਰਤ - ਇਹ ਸਭ ਉਹ ਕਾਰਨ ਹਨ ਜੋ ਅਕਸਰ ਇਕ ਮਹਾਨ ਖਿਡਾਰੀ ਦੀ ਜਗ੍ਹਾ ਖਤਰੇ ਵਿੱਚ ਪਾ ਦੇਂਦੇ ਹਨ। ਪਰ ਇੱਥੇ ਗੱਲ ਦੋ ਅਜਿਹੇ ਖਿਡਾਰੀਆਂ ਦੀ ਹੋ ਰਹੀ ਹੈ ਜੋ ਹੁਣ ਵੀ ਆਪਣੀ ਬੈਟਿੰਗ ਅਤੇ ਕਪਤਾਨੀ ਨਾਲ ਮੈਚ ਦਾ ਰੁੱਖ ਮੋੜ ਸਕਦੇ ਸਨ। ਅਕਸਰ ਕਿਹਾ ਜਾਂਦਾ ਹੈ ਕਿ ਕ੍ਰਿਕਟ ਭਾਵਨਾ ਦੀ ਖੇਡ ਹੈ। ਖਿਡਾਰੀ ਸਿਰਫ਼ ਬੈਟ ਜਾਂ ਬਾਲ ਨਹੀਂ ਹੁੰਦੇ, ਉਹ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ। ਜਦੋਂ ਵੀ ਕੋਹਲੀ ਨੇ ਅੰਗਰੇਜ਼ ਬੋਲਰਾਂ ਦੇ ਦੰਦ ਖੱਟੇ ਕਰਕੇ ਮੈਚ ਜਿਤਾਇਆ ਜਾਂ ਰੋਹਿਤ ਨੇ ਕਾਫ਼ੀ ਹੱਦ ਤੱਕ ਲੜਦਿਆਂ ਹਾਰ ਨੂੰ ਜਿੱਤ ਵਿੱਚ ਬਦਲਿਆ, ਤਦੋਂ ਲੋਕਾਂ ਨੇ ਆਪਣੇ ਘਰ ਦੇ ਮੈਂਬਰ ਵਾਂਗ ਇਨ੍ਹਾਂ ਨੂੰ ਪਿਆਰ ਦਿੱਤਾ। ਪਰ ਅਚਾਨਕ ਇਕ ਅਜਿਹੀ ਖ਼ਾਮੋਸ਼ੀ ਨਾਲ ਇਹ ਦੋਹੇ ਨਾਇਕ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਗਏ ਜਾਂ ਕਿ ਇਹ ਲੱਗਣ ਲੱਗਾ ਜਿਵੇਂ ਉਹ ਸਿਸਟਮ ਦਾ ਸ਼ਿਕਾਰ ਹੋ ਗਏ।
ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਖੇਡਾਂ ਨੂੰ ਲੈ ਕੇ ਲੋਕਾਂ ਦੀ ਭਾਵਨਾ ਬਹੁਤ ਉੱਚੀ ਹੈ, ਉੱਥੇ ਕਿਸੇ ਵੀ ਖਿਡਾਰੀ ਨੂੰ ਉਨ੍ਹਾਂ ਦੀ ਲਾਜਬਾਬ ਸੇਵਾ ਦੇ ਬਾਵਜੂਦ ਇੰਜ ਖਾਮੋਸ਼ੀ ਨਾਲ ਰਵਾਨਾ ਕਰ ਦੇਣਾ, ਸਿਰਫ਼ ਅਣਉਚਿਤ ਹੀ ਨਹੀਂ, ਸਗੋਂ ਨਿਰਾਦਰ ਵੀ ਹੈ। ਇਹ ਵਿਦਾਇਗੀ ਸਿਰਫ਼ ਰੋਹਿਤ ਜਾਂ ਕੋਹਲੀ ਦੀ ਨਹੀਂ, ਸਗੋਂ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ, ਖੁਸ਼ੀਆਂ ਅਤੇ ਉਤਸ਼ਾਹ ਦੀ ਵੀ ਵਿਦਾਇਗੀ ਸੀ। ਇੱਕ ਹੋਰ ਮੁੱਦਾ ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ, ਉਹ ਇਹ ਹੈ ਕਿ ਕਿਤੇ ਇਹ ਦੋਹਾਂ ਨਾਇਕਾਂ ਦੀ ਸੰਨਿਆਸੀ ਘੋਸ਼ਣਾ ਕਿਸੇ ਤਿਆਰ ਕੀਤੇ ਗਏ ਰਣਨੀਤਕ ਦਬਾਅ ਦਾ ਨਤੀਜਾ ਤਾਂ ਨਹੀਂ ਸੀ? ਕੀ ਕ੍ਰਿਕਟ ਬੋਰਡ ਨੇ ਨਵੇਂ ਚਿਹਰਿਆਂ ਨੂੰ ਅੱਗੇ ਵਧਾਉਣ ਲਈ ਪੁਰਾਣੇ ਨਾਇਕਾਂ ਨੂੰ ਖ਼ਾਮੋਸ਼ੀ ਨਾਲ ਹਟਾਉਣ ਦੀ ਰਣਨੀਤੀ ਤਿਆਰ ਕੀਤੀ ਗਈ? ਜੇ ਅਜਿਹਾ ਹੈ, ਤਾਂ ਇਹ ਤਰੀਕਾ ਭਾਵਨਾਤਮਕ ਤੌਰ 'ਤੇ ਵੀ ਅਤੇ ਪੇਸ਼ਾਵਰ ਤੌਰ 'ਤੇ ਵੀ ਅਣਮਨੋਰੰਜਕ ਹੈ।
ਇਸ ਸਾਰੀ ਘਟਨਾ ਤੋਂ ਇਹ ਸਿੱਖਣਾ ਜਰੂਰੀ ਹੈ ਕਿ ਖਿਡਾਰੀ ਦੀ ਯਾਤਰਾ ਸਿਰਫ਼ ਮੈਦਾਨ ਵਿੱਚ ਹੀ ਨਹੀਂ, ਮੈਦਾਨ ਤੋਂ ਬਾਹਰ ਵੀ ਹੋਣੀ ਚਾਹੀਦੀ ਹੈ। ਸੰਨਿਆਸ ਇੱਕ ਅਜਿਹਾ ਪਲ ਹੁੰਦਾ ਹੈ ਜਦੋਂ ਖਿਡਾਰੀ ਨੂੰ ਉਸਦੇ ਯਤਨਾਂ ਅਤੇ ਯੋਗਦਾਨ ਲਈ ਉਚਿਤ ਮਾਣ ਮਿਲਣਾ ਚਾਹੀਦਾ ਹੈ। ਇਹ ਸਿਰਫ਼ ਤਾਲੀਆਂ ਨਹੀਂ, ਸਗੋਂ ਇਕ ਸੰਸਕਾਰ ਵੀ ਹੈ ਜੋ ਅਗਲੇ ਪੀੜ੍ਹੀ ਦੇ ਖਿਡਾਰੀਆਂ ਨੂੰ ਦਿਖਾਉਂਦਾ ਹੈ ਕਿ ਖੇਡ ਵਿੱਚ ਮਿਹਨਤ ਅਤੇ ਸਮਰਪਣ ਦਾ ਕੀ ਮੁੱਲ ਹੈ। ਇਹ ਲੇਖ ਇਥੇ ਇਹ ਅਰਦਾਸ ਕਰਦੇ ਹੋਏ ਖਤਮ ਕਰਦਾ ਹਾਂ ਕਿ ਭਵਿੱਖ ਵਿੱਚ ਕਿਸੇ ਵੀ ਖਿਡਾਰੀ ਦੀ ਵਿਦਾਇਗੀ, ਖਾਸ ਕਰਕੇ ਐਸੇ ਨਾਇਕਾਂ ਦੀ ਜੋ ਦੇਸ਼ ਦੇ ਗੌਰਵ ਹਨ, ਇੰਜ ਖਾਮੋਸ਼ੀ ਨਾਲ ਨਾ ਹੋਵੇ। ਰੋਹਿਤ ਅਤੇ ਕੋਹਲੀ ਦੀ ਵਿਦਾਇਗੀ ਸਾਡੇ ਲਈ ਸਿਖਿਆ ਹੈ, ਜਿਸ ਰਾਹੀਂ ਅਸੀਂ ਖੇਡਾਂ ਦੇ ਪ੍ਰਤੀ ਆਪਣੇ ਰਵੱਈਏ ਨੂੰ ਬਦਲ ਸਕੀਏ। ਇਹ ਦੋਵੇਂ ਨਾਮ ਭਾਵੇਂ ਹੁਣ ਟੈਸਟ ਕ੍ਰਿਕਟ ਤੋਂ ਅਲਵਿਦਾ ਲੈ ਚੁੱਕੇ ਹਨ ਜਾਂ ਇਹਨਾਂ ਨੂੰ ਅਲਵਿਦਾ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਦੀ ਯਾਦ, ਉਨ੍ਹਾਂ ਦੇ ਰਿਕਾਰਡ ਅਤੇ ਉਨ੍ਹਾਂ ਦੇ ਖੇਡ ਪ੍ਰਤੀ ਜੋਸ਼ ਨੂੰ ਭਾਰਤੀ ਕ੍ਰਿਕਟ ਦੇ ਇਤਿਹਾਸ ਤੋਂ ਹਟਾਇਆ ਨਹੀਂ ਜਾ ਸਕੇਗਾ। ਇਹ ਵਿਦਾਇਗੀ ਦੁਖਦਾਈ ਹੈ, ਪਰ ਉਮੀਦ ਹੈ ਕਿ ਇਹ ਸਿਸਟਮ ਲਈ ਇਕ ਜਾਗਰੂਕਤਾ ਦਾ ਸੁਨੇਹਾ ਹੋਵੇਗੀ। ਬਾਕੀ ਪਾਠਕ ਆਪਣੀ ਰਾਏ ਵਿੱਚ ਦੱਸ ਸਕਦੇ ਹਨ, ਕੀ ਇਹ ਵਿਦਾਇਗੀ ਸਿਰਫ਼ ਸਮੇਂ ਦੀ ਮੰਗ ਸੀ ਜਾਂ ਇਸ ਪਿੱਛੇ ਹੋਰ ਕੋਈ ਕਹਾਣੀ ਲੁਕੀ ਹੋਈ ਹੈ?
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ