Friday, May 03, 2024

Articles

ਮੋਬਾਇਲ ਦੀ ਦੁਨੀਆਂ ਤੇ ਇਸਦਾ ਵੱਧਦਾ ਦਾਇਰਾ

April 20, 2024 01:43 PM
SehajTimes

ਅੱਜ ਦੇ ਇਸ ਭੱਜ ਦੋੜ ਵਾਲੇ ਯੁੱਗ ਵਿੱਚ ਮੋਬਾਇਲ ਤੇ ਸ਼ੋਸ਼ਲ਼ ਮੀਡੀਆ ਨੇ ਜਿੰਨਾ ਸਾਡੀ ਜਿੰਦਗੀ ਨੂੰ ਅਸਾਨ ਬਣਾ ਦਿੱਤਾ ਹੈ ਉਨਾਂ ਹੀ ਸਾਡੇ ਨੋਜਵਾਨ ਵਰਗ ਦੀ ਮਾਨਸਿਕਤਾ ਤੇ ਬਹੁਤ ਬੁਰਾ ਪ੍ਰਭਾਵ ਵੀ ਪਾਇਆ ਹੈ। ਕੋਈ ਸ਼ੱਕ ਨਹੀ ਕਿ ਇਹ ਵਿਕਾਸ ਦਾ ਯੁੱਗ ਹੈ ਤੇ ਇਹ ਸਮੇ ਦੀ ਲੋੜ ਵੀ ਹਨ, ਪਰ ਕਿਸ ਹੱਦ ਤੱਕ? ਸਾਡਾ ਸਮਾਜ ਪਹਿਲਾਂ ਹੀ ਨਸ਼ਾ, ਭਰੂਣ ਹੱਤਿਆ,ਦਹੇਜ, ਲੁੱਟ ਖੋਹ, ਬੇਰੁਜ਼ਗਾਰੀ, ਗਰੀਬੀ ਵਰਗੇ ਗੰਭੀਰ ਮਸਲਿਆ ਨਾਲ ਜੂਝ ਰਿਹਾ ਹੈ। ਉਥੇ ਹੁਣ ਮੋਬਾਇਲ ਤੇ ਸ਼ੋਸ਼ਲ ਮੀਡੀਆ ਦੇ ਰਲੇਵੇ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ ਹੈ। ਅੱਜ ਸਮਾਜ ਦਾ ਹਰ ਵਰਗ ਬੱਚੇ, ਨੋਜਵਾਨ, ਵਡੇਰੀ ਉਮਰ ਦੇ ਵਿਅਕਤੀ ਵੀ ਇਸ ਦੀ ਗਰਿਫਤ ਵਿੱਚ ਹਨ। ਸਭ ਤੋ ਬੁਰਾ ਅਸਰ ਸਾਡੀ ਨੋਜਵਾਨ ਪੀੜੀ ਤੇ ਪਿਆ ਹੈ। ਸ਼ੋਸ਼ਲ ਮੀਡੀਆ ਤੇ ਚੱਲੀ ਲਾਈਕ ਵਿਊ ਦੀ ਦੌੜ ਵਿੱਚ ਬਹੁਤ ਹੀ ਨਿਚਲੇ ਦਰਜੇ ਦਾ ਕੰਟੈਂਟ ਸਾਡੇ ਬੱਚਿਆ ਤੇ ਮਾਂਵਾਂ ਭੈਣਾਂ ਦੇ ਮੋਬਾਇਲਾਂ ਤੱਕ ਪਹੁੰਚ ਰਿਹਾ ਹੈ।

ਮੋਬਾਇਲ ਤੇ ਸ਼ੋਸ਼ਲ ਮੀਡੀਆ ਦੀ ਜ਼ਿਆਦਾ ਵਰਤੋ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਬੋਧਿਕ ਪੱਧਰ ਨੂੰ ਵੀ ਚੋਟ ਪਹੁੰਚਾਈ ਹੈ। ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕਾ ਕੰਮ ਕਰਦੇ ਮੈ ਦੇਖਦੀ ਹਾਂ ਕਿ ਬਹੁਗਿਣਤੀ ਮਾਪੇ ਵੀ ਬਰਾਬਰ ਦੇ ਕਸੂਰਵਾਰ ਹਨ। ਉਹਨਾਂ ਕੋਲ ਬੱਚੇ ਦੀ ਪੜਾਈ ਨੂੰ ਲੈ ਕੇ ਸਵਾਲ ਘੱਟ ਤੇ ਮੋਬਾਇਲ ਦੀ ਵਰਤੋ ਦੇ ਗਿਲੇ ਸ਼ਿਕਵੇ ਜ਼ਿਆਦਾ ਹਨ। ਅਸੀ ਅਕਸਰ ਦੇਖਦੇ ਹਾਂ ਕਿ ਸਾਡੇ ਘਰਾਂ ਵਿੱਚ ਛੋਟੀ ਉਮਰੇ ਹੀ ਬੱਚੇ ਨੂੰ ਮੋਬਾਇਲ ਵਰਤੋ ਦੀ ਮਾੜੀ ਆਦਤ ਲੱਗਦੀ ਜਾ ਰਹੀ ਹੈ। ਬੱਚਾ ਨੂੰ ਖਾਣਾ ਖਵਾਉਣ ਤੋ ਲੈ ਕੇ ਪੜਾਈ ਕਰਵਾਉਣ ਤੱਕ ਮੋਬਾਇਲ ਦੇਣ ਦੀ ਜੋ ਰੀਤ ਅਸੀ ਚਲਾ ਰਹੇ ਹਾਂ ਇਹ ਆਉਣ ਵਾਲੇ ਸਮੇ ਵਿੱਚ ਬਹੁਤ ਘਾਤਕ ਸਿੱਧ ਹੋ ਸਕਦੀ ਹੈ। ਕਿਉਕਿ ਸਾਡੇ ਤੋ ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਅੱਗੇ ਚੀਨ, ਜਪਾਨ, ਕੋਰੀਆ ਵਰਗੇ ਦੇਸ਼ਾ ਵਿੱਚ ਇਹ ਹੋਰ ਵੀ ਗੰਭੀਰ ਸਮੱਸਿਆਂ ਹੈ। ਜਿੱਥੇ ਬੱਚਿਆ ਨੂੰ ਮੋਬਾਇਲਾਂ ਤੋ ਦੂਰ ਰੱਖਣ ਲਈ ਰੀ-ਹੈਬਲੀਟੇਸ਼ਨ ਸੈਟਰਾਂ ਵਿੱਚ ਭੇਜਿਆ ਜ਼ਾਦਾ ਹੈ ।

ਸਾਨੂੰ ਮਾਨਸਿਕ ਤੋਰ ਤੇ ਪ੍ਰਭਾਵਿਤ ਕਰਨ ਤੋ ਇਲਾਵਾ ਮੋਬਾਇਲ ਤੇ ਵੱਧ ਰਹੀ ਆਨਲਾਈਨ ਖਾਣੇ ਦੀ ਡਿਮਾਂਡ ਨੇ ਸਾਡੇ ਲੋਕਾ ਦੇ ਖਾਣ ਪੀਣ ਦੇ ਪੱਧਰ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਅਸੀ ਬਿਨਾਂ ਕੁਛ ਦੇਖੇ ਪਰਖੇ ਘਰ ਬੈਠੇ ਕੁਛ ਵੀ ਮੰਗਵਾ ਕੇ ਖਾ ਰਹੇ ਹਾਂ। ਪਟਿਆਲਾ ਸ਼ਹਿਰ ਵਿੱਚ ਪਿਛਲੇ ਦਿਨੀ ਕੇਕ ਖਾਣ ਨਾਲ ਹੋਈ ਬੱਚੀ ਦੀ ਮੋਤ ਇਸਦੀ ਤਾਜ਼ਾ ਉਦਾਹਰਨ ਹੈ। ਇਸ ਤਰਾਂ ਦੀਆਂ ਆਨਲਾਈਨ ਸਰਵਿਸਾਂ ਨੇ ਸਾਡੇ ਬੱਚੇ ਪੰਜੀਰੀ, ਪਿੰਨੀਆਂ, ਦੁੱਧ ਤੇ ਘਰ ਵਿੱਚ ਬਣੀਆਂ ਚੀਜ਼ਾਂ ਤੋ ਦੂਰ ਕਰ ਦਿੱਤੇ ਹਨ। ਜਿਹੋ ਜਿਹਾ ਬਾਹਰਲਾ ਖਾਣਾ ਬੱਚੇ ਰੋਜ਼ਾਨਾ ਖਾ ਰਹੇ ਹਨ ਉਹੋ ਜਿਹਾ ਸੁਭਾਅ ਤੇ ਸਰੀਰਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਜੇ ਇਨਾਂ ਕੁਛ ਸਾਡੇ ਪਾਸ ਘਟ ਰਿਹਾ ਹੈ ਤਾ ਹੱਲ ਕੀ ਹੈ? ਮੇਰੇ ਅਨੁਸਾਰ ਜੇ ਅਸੀ ਕੁਝ ਗੱਲਾਂ ਆਪਣੀ ਜਿੰਦਗੀ ਚ ਲਾਗੂ ਕਰ ਲਈਏ ਤਾ ਬਹੁਤ ਹੱਦ ਤੱਕ ਇਹਨਾਂ ਸਾਰੀਆ ਸਮਸਿੱਆਵਾਂ  ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

  • ਸਭ ਤੋ ਪਹਿਲਾ ਮਾਤਾ ਪਿਤਾ ਨੂੰ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਪਵੇਗੀ। ਮਾਤਾ ਪਿਤਾ ਆਪ ਮੋਬਾਇਲ ਦੀ ਵਰਤੋ ਘੱਟ ਕਰਕੇ ਹੀ ਬੱਚੇ ਦੀ ਵਧ ਰਹੀ ਮੋਬਾਇਲ ਦੀ ਆਦਤ ਨੂੰ ਰੋਕ ਸਕਦੇ ਹਨ।
  • ਛੋਟੀ ਉਮਰ ਤੋ ਹੀ ਬੱਚੇ ਨੂੰ ਗਰਾਊਡ ਜਾਂ ਖੇਡਾਂ ਦੀ ਚੇਟਕ ਲਾ ਦੇਣਾ ਵੀ ਬਹੁਤ ਹੱਦ ਤੱਕ ਬੱਚੇ ਨੂੰ ਮਸ਼ਰੂਫ ਰੱਖਦਾ ਹੈ। ਤਾ ਜੋ ਬੱਚੇ ਕੋਲ ਮੋਬਾਇਲ ਲਈ ਬਹੁਤਾ ਸਮਾਂ ਬਚੇ ਹੀ ਨਾ ।
  • ਬੱਚਿਆਂ ਨਾਲ ਵੱਧ ਤੋ ਵੱਧ ਸਮਾਂ ਬਤੀਤ ਕਰਨਾ ਵੀ ਇਸ ਕੜੀ ਵਿੱਚ ਚੰਗੀ ਕੋਸ਼ਿਸ਼ ਹੋ ਸਕਦੀ ਹੈ।
  • ਸਾਡੇ ਘਰਾਂ ਵਿੱਚ ਪੋਦੇ, ਫਲ, ਸ਼ਬਜ਼ੀਆਂ ਦੀ ਸਾਂਭ ਸੰਭਾਲ ਵਿੱਚ ਬੱਚੇ ਦਾ ਸਹਿਯੋਗ ਲੈਣਾ ਵੀ ਬੱਚੇ ਨੂੰ ਮਸ਼ਰੂਫ ਰੱਖਣ ਦਾ ਇਕ ਵਧੀਆ ਤਰੀਕਾ ਹੈ।

ਅਖੀਰ ਵਿੱਚ ਮੈ ਇਹੀ ਕਹਾਂਗੀ ਕਿ ਜੇ ਸਾਡੇ ਅੰਦਰ ਚੰਗੀ ਇੱਛਾ ਸ਼ਕਤੀ ਹੋਵੇ ਤਾਂ ਅਸੀ ਆਪਣੇ ਬੱਚਿਆ ਦੇ ਨਾਲ ਨਾਲ ਆਪਣੇ ਸਮਾਜ ਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਮੋਬਾਇਲ ਤੇ ਸ਼ੋਸ਼ਲ ਮੀਡੀਆ ਦੀ ਵਰਤੋ ਨੂੰ ਘਟਾ ਸਕਦੇ ਹਾਂ।

 

ਸਰਬਜੀਤ ਕੌਰ

ਸਮਾਜਿਕ ਸਿੱਖਿਆ ਅਧਿਆਪਕਾ

ਸ.ਹ.ਸ. ਭਾਮੀਆਂ ਕਲਾਂ (ਲੁਧਿਆਣਾ)

 

 

Have something to say? Post your comment