Sunday, April 28, 2024
BREAKING NEWS
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਟੀਵੀ ਲੜੀਵਾਰ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਦਾ ਸੋਢੀ ਹੋਇਆ ਲਾਪਤਾਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀਹੀਟਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਜਾਵੇ : ਅਨੁਰਾਗ ਅਗਰਵਾਲSRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਗਾਜੇਵਾਸ ਪਲਿਸ ਚੌਂਕੀ ਦਾ ਚਾਰਜ ਸੰਭਾਲਿਆ

Articles

ਔਰਤ ਦਿਵਸ ‘ਤੇ ਵਿਸ਼ੇਸ਼

March 08, 2024 02:15 PM
ਪ੍ਰੋ.ਗਗਨਦੀਪ ਕੌਰ ਧਾਲੀਵਾਲ
ਔਰਤ ਦਿਵਸ ‘ਤੇ ਵਿਸ਼ੇਸ਼
ਮਹਾਨ ਔਰਤਾਂ ਇੰਝ ਵੀ ਹੁੰਦੀਆਂ ਹਨ………
 
8 ਮਾਰਚ ਦਾ ਦਿਨ ਜੋ ਕਿ ਔਰਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵੱਖ-ਵੱਖ ਲੇਖਕਾਂ ਦੁਆਰਾ ਮਹਾਨ ਔਰਤਾਂ ਦੇ ਬਾਰੇ ਕਈ ਲੇਖ ਲਿਖੇ ਜਾਂਦੇ ਹਨ ਉਹਨਾਂ ਦੇ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਜੋ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਮੱਲਾਂ ਮਾਰ ਚੁੱਕੀਆਂ ਹਨ ਜਾਂ ਮਾਰ ਰਹੀਆਂ ਹਨ। ਔਰਤ ਦਿਵਸ ਦੇ ਇਸ ਮੌਕੇ ‘ਤੇ ਮੈਂ ਇੱਕ ਘਰੇਲੂ ਜ਼ਿੰਦਗੀ ਜਿਊਣ ਵਾਲੀ ਔਰਤ ਜਿਸਨੇ ਵੱਖ-ਵੱਖ ਮੁਸ਼ਕਿਲਾਂ ਨਾਲ ਲੜਦੀ ਹੋਈ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਪੁੱਤ - ਪੋਤਿਆਂ- ਪੋਤੀਆਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਨੂੰ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ ਬਾਰੇ ਗੱਲ ਕਰਨ ਜਾ ਰਹੀ ਹਾਂ। ਮੇਰੀ ਆਪਣੀ ਸਵਰਗਵਾਸੀ ਦਾਦੀ ਮਹਿੰਦਰ ਕੌਰ ਜੀ ਦੀ ਜੋ ਕਿ ਇਸ ਦੁਨੀਆਂ ਵਿੱਚ ਨਹੀਂ ਹਨ । ਮੈਂ ਜਿੰਨਾ ਸਮਾਂ ਵੀ ਆਪਣੀ ਦਾਦੀ ਨਾਲ ਬਿਤਾਇਆ, ਮੈਂ ਉਹਨਾਂ ਨੂੰ ਦੁੱਖ ਦੇ ਵਿੱਚ ਹਮੇਸ਼ਾ ਹਿੰਮਤ ਨਾਲ ਲੜਦਿਆਂ ਹੋਇਆ ਵੇਖਿਆ । ਕਦੇ ਵੀ ਮੈਂ ਉਹਨਾਂ ਦੇ ਮੱਥੇ ‘ਤੇ ਕੋਈ ਸ਼ਿਕਾਇਤ ਨਹੀਂ ਦੇਖੀ ਸੀ । ਹਮੇਸ਼ਾ ਇਹ ਕਹਿੰਦੇ ਸੁਣਿਆ ਸੀ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ । ਦਾਦੀ ਨੂੰ ਯਾਦ ਕਰਦਿਆਂ ਕਦੇ-ਕਦੇ ਮਨ ਭਰ ਆਉਂਦਾ ਹੈ ਅੱਜ ਜੋ ਮੈਂ ਕੁਝ ਵੀ ਲਿਖਿਆ ਹੁਣ ਤੱਕ ਮੇਰੇ ਆਰਟੀਕਲ,ਲੇਖ ਛਪ ਚੁੱਕੇ ਹਨ ,ਉਹਨਾਂ ਵਿੱਚ ਜ਼ਿਆਦਾਤਰ ਝਲਕ ਮੇਰੀ ਦਾਦੀ ਮਾਂ ਦੀ ਦਿਖਾਈ ਦਿੰਦੀ ਹੈ ਕਿਉਂਕਿ ਜਦੋਂ ਤੋਂ ਮੈਨੂੰ ਲਿਖਣ ਦੀ ਚੇਟਕ ਲੱਗੀ ਹੈ । ਮੈਂ ਆਪਣੀ ਦਾਦੀ ਮਾਂ ਦੇ ਕੋਲੋਂ ਹੀ ਇਹ ਸਾਰੇ ਸ਼ਬਦ ਲਏ ਹਨ । ਜਦੋਂ ਵੀ ਮੈਂ ਕੁਝ ਲਿਖਣਾ ਹੁੰਦਾ ਪੰਜਾਬ ਬਾਰੇ,ਸੱਭਿਆਚਾਰ ਬਾਰੇ ਤਾਂ ਮੈਂ ਆਪਣੀ ਦਾਦੀ ਦੇ ਕੋਲ ਬੈਠ ਕੇ ਉਹਨਾਂ ਤੋਂ ਗੱਲਾਂ ਸੁਣੀ ਜਾਣੀਆਂ ਤੇ ਉਹਨਾਂ ਨੂੰ ਆਪਣੀ ਕਲਮ ਦੀ ਨੁੱਕਰੇ ਉਤਾਰੀ ਜਾਣਾ । ਔਰਤ ਦਿਵਸ ‘ਤੇ ਸਾਰੀਆਂ ਹੀ ਔਰਤਾਂ ਜੋ ਕਿ ਨੌਕਰੀ ਕਰਦੀਆਂ ਹਨ ਜਾਂ ਕਿਸੇ ਵੀ ਖੇਤਰ ‘ਚ ਅੱਗੇ ਹਨ ਉਹਨਾਂ ਬਾਰੇ ਹੀ ਦੱਸਿਆ ਜਾਂਦਾ ਘਰੇਲੂ ਔਰਤ ਦੀ ਸੰਘਰਸ਼ਮਈ ਜ਼ਿੰਦਗੀ ਬਾਰੇ ਬਹੁਤ ਘੱਟ ਲਿਖਿਆ ਜਾਂਦਾ ਹੈ। ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਔਰਤ ਦਿਵਸ ਦੇ ਇਸ ਮੌਕੇ ‘ਤੇ ਘਰੇਲੂ ਮਹਾਨ ਔਰਤ ਨੂੰ  ਵੀ ਜਾਣੂ ਕਰਵਾਇਆ ਜਾਵੇ । ਮੈਂ ਗੱਲ ਕਰਦੀ ਹਾਂ ਆਪਣੀ ਦਾਦੀ ਮਾਂ ਦੀ । ਜਿੰਨਾਂ ਕੁ ਮੈਂ ਉਸ ਸਮੇਂ ਤੋਂ ਵੀ ਦਾਦੀ ਮਾਂ ਨੂੰ ਜਾਣਿਆ ਭਾਵ ਜਦੋਂ ਤੋਂ ਮੇਰੀ ਸੁਰਤ ਸੰਭਲੀ,ਇੱਕ ਬੱਚੇ ਨੂੰ ਅਹਿਸਾਸ ਹੁੰਦਾ ਹੈ ਗੱਲਾਂ ਸਮਝ ਆਉਣ ਲੱਗਦੀਆਂ ਹਨ । ਉਹ ਗੱਲਾਂ ਤੁਹਾਡੇ ਨਾਲ ਜਾਣੂ ਕਰਵਾ ਰਹੀ ਹਾਂ । ਦਾਦੀ ਮੈਨੂੰ ਦੱਸਿਆ ਕਰਦੀ ਸੀ ਕਿ ਤੇਰੀਆਂ ਦੋ ਭੂਆਂ ,ਤੇਰੇ ਪਾਪਾ,ਤੇਰਾ ਤਾਇਆ ਬਿਲਕੁਲ ਛੋਟੇ -ਛੋਟੇ ਸਨ, ਜਦੋਂ ਤੇਰੇ ਦਾਦਾ ਜੀ ਦੀ ਮੌਤ ਹੋ ਗਈ ਸੀ । ਮੇਰੇ ਦਾਦਾ ਜੀ ਪੇਸ਼ੇ ਪੱਖੋਂ ਸਰਕਾਰੀ ਡਰਾਈਵਰ ਸਨ ਤੇ ਅਚਾਨਕ ਉਹਨਾਂ ਨਾਲ ਇਸ ਤਰਾਂ ਹਾਦਸਾ ਵਾਪਰ ਜਾਂਦਾ ਹੈ ਕਿ ਚਾਹ ਕੇ ਵੀ ਕੁਝ ਨਹੀਂ ਕਰ ਸਕੇ। ਦਾਦੀ ਨੇ ਦੱਸਿਆ ਕਿ ਦਾਦਾ ਜੀ ਦੀ ਮੌਤ ਦਾ ਕਾਰਨ ਬੱਸ ਦੀ ਪਟੀ ਟੁੱਟਣਾ ਸੀ । ਹਾਦਸੇ ਤੋਂ ਬਚਣ ਲਈ ਦਾਦਾ ਜੀ ਨੇ ਚੱਲਦੀ ਬੱਸ ਵਿੱਚੋਂ ਛਾਲ ਵੀ ਮਾਰੀ ਸੀ ਪਰ ਹੋਣੀ ਨੂੰ ਕੌਣ ਟਾਲ ਸਕਦਾ ਸੀ । ਰੱਬ ਦੀ ਮਰਜ਼ੀ ਅੱਗੇ ਤਾਂ ਕਿਸੇ ਦੀ ਨਹੀਂ ਚੱਲਦੀ । ਜਿੱਧਰ ਉਹਨਾਂ ਨੇ ਛਾਲ ਮਾਰੀ ਬੱਸ ਦਰੱਖਤ ਦੇ ਵਿੱਚ ਟਕਰਾ ਕੇ ਉਹਨਾਂ ਵਾਲੀ ਸਾਈਡ ਹੀ ਚਲੀ ਗਈ । ਮੰਦਭਾਗੀ ਘਟਨਾ ਘਟੀ ਬੱਸ ਦਾਦਾ ਜੀ ਦੇ ਪੂਰੇ ਸਰੀਰ ਉੱਪਰ ਦੀ ਲੰਘ ਕੇ ਹੀ ਰੁਕੀ । ਜਦੋਂ ਤੇਰੇ ਦਾਦਾ ਜੀ ਦੀ ਲਾਸ਼ ਘਰ ਆਈ ਤਾਂ ਇੱਕ ਗੱਠੜੀ ਬੰਨ ਕੇ ਹੀ ਆਈ ਸੀ।ਮੂੰਹ ਤੱਕ ਨਹੀਂ ਦੇਖਣ ਦਿੱਤਾ ਸੀ। ਇਹਨਾਂ ਕਹਿੰਦਿਆਂ ਹੀ ਦਾਦੀ ਜੀ ਦੀਆਂ ਅੱਖਾਂ ਵਿੱਚੋਂ ਪਾਣੀ ਬਹਿ ਤੁਰਿਆ । ਔਰਤ ਦੇ ਲਈ ਇਹ ਦੁੱਖ ਸਹਿਣਾ ਕਰਨਾ ਬਹੁਤ ਔਖਾ ਏ ਜੀਹਦੇ ਚਾਰੇ ਬੱਚੇ ਛੋਟੇ -ਛੋਟੇ ਹੋਣ । ਦਾਦਾ ਜੀ ਦੀ ਉਮਰ ਵੀ ਕੋਈ ਜਿਆਦਾ ਨਹੀਂ ਸੀ 30 -31 ਸਾਲ ਦੀ ਉਮਰ ਸੀ । ਦਾਦੀ ਵੀ ਉਸ ਸਮੇਂ 32-33 ਵਰ੍ਹਿਆਂ ਦੇ ਸਨ । ਔਰਤ ਦੇ ਸਿਰ ‘ਤੇ ਏਨੀ ਵੱਡੀ ਜਿੰਮੇਵਾਰੀ ਦਾ ਹੋਣਾ ਇੱਕ ਔਰਤ ਦੇ ਸਿਰ ਤੇ ਪਤੀ ਨਾ ਹੋਣਾ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਪੜ੍ਹਾਉਣਾ ਲਿਖਾਉਣਾ ਬਹੁਤ ਵੱਡੀ ਚੁਣੌਤੀ ਹੁੰਦੀ ਹੈ । ਸਮਾਂ ਲੰਘਿਆ ਦਾਦੀ ਨੇ ਦੱਸਿਆ ਕਿ ਤੇਰੇ ਪਾਪਾ ਨੂੰ ਨਾਨਕੇ ਘਰ ਭੇਜਿਆ ਜਿੱਥੇ ਉਹ ਮੱਝਾਂ ਚੁਰਾਉਂਦੇ ਸਨ । ਉਸ ਸਮੇਂ ਉਹਨਾਂ ਦੀ ਉਮਰ 12-13 ਕੁ ਸਾਲਾਂ ਦੀ ਸੀ। ਤੇ ਉਸ ਸਮੇਂ ਘਰ ਦੇ ਹਾਲਾਤ ਬਹੁਤ ਮਾੜੇ ਸੀ । ਇੱਕ ਔਰਤ ਲਈ ਪਰਿਵਾਰ ਨੂੰ ਪਾਲਣਾ ਕਿੰਨਾ ਔਖਾ ਹੁੰਦਾ ਹੈ । ਦਾਦੀ ਜੀ ਨੇ  ਤਾਇਆ ਜੀ ਨੂੰ ਪੜ੍ਹਾ ਕੇ ਬਿਜਲੀ ਬੋਰਡ ਵਿੱਚ ਭਰਤੀ ਕਰਵਾ ਦਿੱਤਾ ਸੀ । ਮੇਰੇ ਪਾਪਾ ਅਨਪੜ੍ਹ ਹੀ ਸਨ ਜਦੋਂ ਪਾਪਾ ਬਾਲਗ਼ ਹੋਏ ਤਾਂ ਬਾਪੂ ਦੀ ਥਾਂ ਨੌਕਰੀ ਲਈ ਟ੍ਰੇਨਿੰਗ ਭੇਜਿਆ ਗਿਆ । ਤਾਇਆ ਜੀ ਨੂੰ ਵੀ ਕਿਤੇ ਲਾਮੀ ਪਿੰਡ ਭੇਜ ਦਿੱਤਾ ਗਿਆ ਤੇ ਘਰ ਵਿੱਚ ਸਿਰਫ ਦੋ ਮੈਂਬਰ ਭੂਆ ‘ਤੇ ਦਾਦੀ ਹੀ ਸਨ । ਅਕਸਰ ਹੀ ਸੁਣਿਆ ਦੇਖਿਆਂ ਕਿ ਪਹਿਲਾਂ ਵੀ ਘਰਾਂ ਦੇ ਵਿੱਚ ਜਮੀਨਾਂ ਨੂੰ ਲੈ ਕੇ ਝਗੜੇ ਹੁੰਦੇ ਸਨ ਜਿਸ ਤਰ੍ਹਾਂ ਹੁਣ ਵੀ ਹੁੰਦੇ ਹਨ । ਬਾਕੀ ਗੱਲ ਇਹ ਵੀ ਸੀ ਕਿ ਦਾਦੀ ਜੀ ਦੀ ਸੱਸ ਬੜੇ ਅੜਬ ਸੁਭਾਅ ਦੀ ਸੀ । ਦਾਦੀ ਨੇ ਉਹਨਾਂ ਦੀਆਂ ਵਧੀਕੀਆਂ ਝੱਲੀਆ ‘ਤੇ ਤੇ ਅੰਤ ਵਿੱਚ ਉਹਨਾਂ ਨੂੰ ਦਾਦੀ ਨੇ ਹੀ ਹੀ ਸੰਭਾਲਿਆ । ਦਾਦੀ ਨੇ ਜੋ ਵੀ ਜ਼ਮੀਨ ਹਾਸਿਲ ਕੀਤੀ ਇਕੱਲੀ ਨੇ ਕਚਹਿਰੀ ਝਗੜ ਕੇ ਕੇਸ ਜਿੱਤ ਕੇ ਜ਼ਮੀਨ ਹਾਸਿਲ ਕੀਤੀ । ਦਾਦੀ ਨੇ ਪੈਦਲ ਤੁਰ ਕੇ ਖੇਤ ਜਾਣਾ,ਰਾਤਾਂ ਨੂੰ ਨੱਕੇ ਮੋੜਨੇ ਪਾਣੀ ਵੱਢਣਾ। ਇੱਕ ਔਰਤ ਲਈ ਖੇਤੀ ਕਰਨੀ ਬਹੁਤ ਵੱਡੀ ਗੱਲ ਹੈ ਭੂਆ ਹੁਣੀਆਂ ਵੀ ਖੇਤ ਜਾਂਦੀਆਂ ਰਾਤਾਂ ਤੱਕ ਨੱਕੇ ਮੋੜਦੀਆਂ । ਦਾਦੀ ਨੇ ਦੱਸਿਆ ਕਿ ਮੈਨੂੰ ਖੇਤ ਜ਼ਮੀਨ ਵਾਹੁਣ ਤੋਂ ਰੋਕਿਆਂ ਜਾਂਦਾ ਸੀ ਡਰਾਇਆ ਧਮਕਾਇਆ ਤੰਗ ਕੀਤਾ ਜਾਂਦਾ ਸੀ । ਪਰ ਦਾਦੀ ਨੇ ਹਾਰ ਨਹੀਂ ਮੰਨੀ ਸੀ । ਦਾਦੀ ਨੂੰ ਵਸਣ ਨਹੀਂ ਦਿੱਤਾ ਗਿਆ ਸੀ । ਪਰ ਦਾਦੀ ਦੀ ਏਨੀ ਵੱਡੀ ਦਲੇਰੀ ਸੀ ਕਿ ਉਹ ਕਹਿੰਦੀ ਹੁੰਦੀ ਸੀ ਆਜੋ ਜੋ ਆਉਂਦਾ ਚਹਿਲਾਂ ਦੀ ਧੀ ਹਾਂ । ਹਿੰਮਤ ਵਾਲੀ ਔਰਤ ਸੀ ਦਾਦੀ ਅੱਗੇ ਕੋਈ ਖੰਘਦਾ ਵੀ ਨਹੀਂ ਸੀ । ਮਰਦ ਦਾ ਛਾਇਆ ਸਿਰ ਉੱਪਰ ਨਾ ਹੋਣਾ ਇੱਕ ਘਰ ਦੇ ਵਿੱਚ ਔਰਤ ਲਈ ਬਹੁਤ ਵੱਡੀ ਚੁਨੌਤੀ ਹੁੰਦੀ ਹੈ। ਫਿਰ ਸ਼ਰੀਕ ਵੀ ਜਿਊਂਣ ਨਹੀਂ ਦਿੰਦੇ ਸਨ । ਦਾਦੀ ਨੇ ਦੱਸਿਆ ਕਿ ਕਿਵੇਂ ਮੇਰੇ ਪੈਰ ਨਹੀ ਲੱਗਣ ਦਿੰਦੇ ਸੀ ਹਿੱਕ ਦੇ ਜ਼ੋਰ ਨਾਲ ਰਹੀ ਸੀ । ਦਾਦੀ ਅੱਗੇ ਏਨੇ ਵੱਡੇ ਕੰਮ ਕਰਨ ਵਾਲੇ ਪਏ ਸਨ ਕੁੜੀਆਂ ਵੀ ਸਹੁਰੇ ਘਰ ਤੋਰਨੀਆਂ ਸਨ । ਜੋ ਜ਼ਿੰਦਗੀ ਦਾਦੀ ਨੇ ਹੰਢਾਈ ਉਹ ਮਰਦੇ ਦਮ ਯਾਦ ਕਰਦੀ ਰਹੀ । ਦਾਦੀ ਕਹਿੰਦੀ ਹੁੰਦੀ ਸੀ ਤੇਰਾ ਦਾਦਾ ਰੋਟੀ ਜੋਗੀ ਕਰ ਗਿਆ । ਇਹ ਸਭ ਗੱਲਾਂ ਦਾਦੀ ਦੇ ਮੂੰਹੋਂ ਸੁਣੀਆ ਸਨ,ਸਮਝੀਆਂ ਸਨ ਤੇ ਦਾਦੀ ਦੀ ਅੰਦਰਲੀ ਪੀੜਾ ਮੈਂ ਬਿਲਕੁਲ ਕੋਲ ਤੋਂ ਮਹਿਸੂਸ ਕੀਤੀ ਹੈ । ਕਿ ਅੱਲੜੇ ਵਰੇਸ ਉਮਰ ਵਿੱਚ ਵਿਧਵਾ ਦਾ ਸੰਤਾਪ ਹੰਢਾਉਣਾ ਕਿੰਨਾ ਔਖਾ ਏ । ਦਾਦੀ ਜਦੋਂ ਵੀ ਕਦੇ ਦੁੱਖ ਤਕਲੀਫ ਵਿੱਚ ਹੁੰਦੀ ਸੀ ਮੈਂ ਹਮੇਸ਼ਾ ਹੀ ਉਨ੍ਹਾਂ ਨੂੰ ਹੱਥ ਵਿੱਚ ਮਾਲਾ ਫੜ ਕੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਦੇਖਿਆ । ਕਦੇ ਵੀ ਰੱਬ ਨੂੰ ਸ਼ਿਕਾਇਤ ਨਹੀਂ ਕਰਦੇ ਸੀ । ਕਦੇ ਮਾੜਾ ਵੀ ਨਹੀਂ ਬੋਲਦੇ ਸਨ । ਉਹਨਾਂ ਨੇ ਹਮੇਸ਼ਾ ਇੱਕੋ ਗੱਲ ਕਹਿਣੀ ਬਸ ਪਰਮਾਤਮਾ ਚੰਗਾ ਹੀ ਕਰੂਗਾ । ਅੱਜ ਵੀ ਦਾਦੀ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਹਨ ਕਿਉਂਕਿ ਦਾਦੀ ਮਾਂ ਨੇ ਜੋ ਦੁੱਖ ਸੰਤਾਪ ਹੰਢਾਇਆ ਉਹਨਾਂ ਤੋੰ ਮੈਂ ਕੰਨੀ ਸੁਣਿਆ । ਮੈਂ ਜਦੋਂ ਦਾਦੀ ਕੋਲ ਬੈਠ ਜਾਣਾ ਉਹਨਾਂ ਨੂੰ ਕਹਿ ਦੇਣਾ ਦਾਦੀ ਪੁਰਾਣੀਆਂ ਗੱਲਾਂ ਸੁਣਾਓ, ਪੁਰਾਣਾ ਪੰਜਾਬ ਕਿਹੋ ਜਿਹਾ ਹੁੰਦਾ ਸੀ, ਸੰਨ  47  ਵਿੱਚ ਕੀ ਹੋਇਆ ਸੀ ? ਦਾਦੀ ਨੇ ਮੇਰੇ ਮੂਹਰੇ ਹੱਥ ਜੋੜਨੇ ਪੁੱਤ ਕੁੱਝ ਨਾ ਪੁੱਛ ਚੁੱਪ ਕਰ ਇਹ ਕਹਿ ਕੇ ਰੋਣ ਲੱਗ ਜਾਂਦੇ ਸਨ । ਦਾਦੀ ਫਿਰ ਰੋਂਦੇ ਰੋਂਦੇ ਦੱਸਦੇ ਹੁੰਦੇ ਸੀ ਆਪਣੇ ਆਪ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਔਰਤਾਂ ਨੇ ਖੂਹਾਂ , ਨਹਿਰਾਂ ਵਿੱਚ ਛਾਲਾਂ ਮਾਰੀਆਂ ਸਨ । ਕਿਸ ਤਰ੍ਹਾਂ ਦਰਿੰਦੇ ਲੋਕ ਔਰਤਾਂ ਨੂੰ ਘਰੋਂ ਚੁੱਕ ਕੇ ਲੈ ਜਾਂਦੇ ਸੀ । ਜੇ ਦਾਦੀ ਹੁਣ ਹੁੰਦੇ ਤਾਂ ਸ਼ਾਇਦ ਹੋਰ ਗੱਲਾਂ ਵੀ ਮੈਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣ ਪਾਉਂਦੀ । ਦਾਦੀ ਦੀ ਦਲੇਰੀ ਲਈ ਮੇਰੇ ਕੋਲ ਸ਼ਬਦ ਬਹੁਤ ਥੋੜ੍ਹੇ ਹਨ। ਉਹਨਾਂ ਨੇ ਕਿਸ ਤਰ੍ਹਾਂ ਕਚਹਿਰੀਆਂ ਵਿੱਚ ਜਾ-ਜਾ ਕੇ ਆਪਣੇ ਧੀਆਂ ਪੁੱਤਰਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਤੇ ਅੱਗੇ ਉਹਦੇ ਪੋਤੇ ਪੋਤੀਆਂ ਨੂੰ ਨੌਕਰੀ ਦੇ ਯੋਗ ਬਣਾਇਆ । ਜੇ ਦਾਦੀ ਉਸ ਸਮੇਂ ਹਾਰ ਜਾਂਦੇ ਸਾਇਦ ਸਾਡੀ ਸਾਰਿਆਂ ਦੀ ਜ਼ਿੰਦਗੀ ਕੁੱਝ ਹੋਰ ਹੀ ਹੋਣੀ ਸੀ । ਮੈਂ ਅੱਜ ਜੋ ਵੀ ਹਾਂ ਤੁਹਾਡੇ ਸਾਹਮਣੇ ਹਾਂ ਉਹਨਾਂ ਦੀ ਬਦੌਲਤ ਹੀ ਹਾਂ । ਅੱਜ ਵੀ ਦਾਦੀ ਦਾ ਨਾਂ ਮਹਿੰਦਰ ਕੌਰ ਸਦਾ ਚਮਕਦਾ ਰਹੇਗਾ । ਦਾਦੀ ਸਾਡੇ ਚੇਤਿਆਂ ਵਿੱਚ ਹਮੇਸ਼ਾ ਜਿਊਂਦੀ ਰਹੇਗੀ । ਮੇਰੀ ਜਿੰਦਗੀ ਦਾ ਸਭ ਤੋਂ ਪ੍ਰੇਰਨਾ ਸਰੋਤ ਸੋਮਾ ਮੇਰੇ ਦਾਦੀ ਮਾਂ ਜਿੰਨਾਂ ਨੇ ਇਕੱਲਿਆਂ ਵਿਚਰਨਾ ਸਿਖਾਇਆ ,ਕਿਸ ਤਰ੍ਹਾਂ ਜ਼ਿੰਦਗੀ ਜਿਉਣੀ ਹੈ ,ਕਿਸ ਤਰ੍ਹਾਂ ਦੂਜਿਆਂ ਦਾ ਭਲਾ ਕਰਨਾ ਹੈ, ਕਿਸ ਤਰ੍ਹਾਂ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਹੈ, ਮੁਸੀਬਤਾਂ ਨਾਲ ਕਿਸ ਤਰ੍ਹਾਂ ਲੜਨਾ ਹੈ ਇਹ ਸਭ ਕੁਝ ਮੇਰੀ ਦਾਦੀ ਮਾਂ ਦੀ ਦਿੱਤੀ ਹੋਈ ਦੇਣ ਹੈ । ਅੱਜ ਔਰਤ ਦਿਵਸ ‘ਤੇ  ਮੈਂ ਆਪਣੀ ਦਾਦੀ ਮਾਂ ਨੂੰ ਸਲਾਮ ਕਰਦੀ ਹਾਂ । ਮੈਨੂੰ ਹਮੇਸ਼ਾ ਮਾਣ ਰਹੇਗਾ ਮੈਨੂੰ ਅਜਿਹੀ ਦਲੇਰ ਔਰਤ ਦੀ ਪੋਤੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ । ਕਾਸ਼ ! ਦਾਦੀ ਅੱਜ ਹੁੰਦੀ ਤੇ ਮੇਰੇ ‘ਚ ਹੋਰ ਦਲੇਰੀ ਭਰਦੀ ਮੈਨੂੰ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੋ ਕਿ ਮੇਰੀ ਪ੍ਰੇਰਨਾ ਦਾ ਸਰੋਤ ਬਣਦਾ । ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਦਾਦੀ ਦਾਦਾ ਜਿੰਨਾਂ ਦੇ ਘਰ ਵਿੱਚ ਵੱਡੇ ਬਜ਼ੁਰਗ ਹਨ, ਇਹ ਆਪਣੇ ਲਈ ਅਣਮੁੱਲਾ ਖਜ਼ਾਨਾ ਹਨ । ਆਪਣੇ ਬੱਚਿਆਂ ਨੂੰ ਦਾਦਾ ਦਾਦੀ ਕੋਲ ਬੈਠਣ ਦਾ ਸਮਾਂ ਜ਼ਰੂਰ ਦੇਵੋ । ਜੋ ਦਾਦਾ ਦਾਦੀ ਗੱਲਾਂ ਸਿਖਾ ਸਕਦੇ ਹਨ ਬੱਚਿਆਂ ਨੂੰ ਨੈਤਿਕ ਗੁਣ ਦੇ ਸਕਦੇ ਹਨ, ਉਹ ਮੋਬਾਈਲ ਟੀਵੀ ਨਹੀਂ ਦੇ ਸਕਦੇ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਦਾਦਾ ਦਾਦੀ ਦਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਦਾਦਾ ਦਾਦੀ ਅਤੇ ਮਾਤਾ ਪਿਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਇਸ ਤੋਂ ਵੱਡਾ ਤੇ ਕੀਮਤੀ ਖਜ਼ਾਨਾ ਤੁਹਾਡੇ ਕੋਲ ਕੋਈ ਹੋਰ ਨਹੀਂ ਹੋ ਸਕਦਾ । ਸੱਚ ਜਾਣਿਓ ਜੇ ਇਹ ਕੀਮਤੀ ਖਜ਼ਾਨਾ ਤੁਹਾਡੇ ਹੱਥੋਂ ਖੁੰਝ ਗਿਆ ਤਾਂ ਪਛਤਾਵੇ ਤੋਂ ਬਿਨਾਂ ਤੁਹਾਡੇ ਪੱਲੇ ਕੁੱਝ ਨਹੀਂ ਰਹੇਗਾ।
 
ਅਸਿਸਟੈਂਟ ਪ੍ਰੋਫੈਸਰ 
ਗਗਨਦੀਪ ਕੌਰ ਧਾਲੀਵਾਲ

Have something to say? Post your comment