ਬਰਨਾਲਾ : ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਬਚਣ ਲਈ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਕੋਰੋਨਾ ਸਬੰਧੀ ਟੈਸਟਿੰਗ ਕਰਵਾਉਣ ਲਈ ਕੀਤੀ ਅਪੀਲ ਤਹਿਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕੀਤੇ ਗਏ ਸਮੇਂ-ਸਮੇਂ ਉਪਰਾਲਿਆਂ ਸਦਕਾ ਕੋਰੋਨਾ ਟੈਸਟਿੰਗ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋਣ ਲੱਗਿਆ ਹੈ। ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕਰੋਨਾ ਵਾਇਰਸ ਵਿਰੁੱਧ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗ ਪਿਆ ਹੈ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਲੱਗੇ ਕਰੋਨਾ ਟੈਸਟਿੰਗ ਕੈਂਪ ਦੇ ਦੌਰੇ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਸਰਕਾਰੀ ਹਸਪਤਾਲਾਂ ’ਚ ਜਿੱਥੇ ਕੋਰੋਨਾ ਸਬੰਧੀ ਟੈਸਟ ਹੋ ਰਹੇ ਹਨ, ’ਚ ਲੋਕਾਂ ਵੱਲੋਂ ਖੁਦ ਪਹੁੰਚ ਕੇ ਸਵੈਇੱਛਤ ਆਪਣੇ ਟੈਸਟ ਕਰਵਾਏ ਜਾ ਰਹੇ ਹਨ, ਜਿਸ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਜ਼ਿਲ੍ਹਾ ਵਾਸੀ ਕੋਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਹੋ ਚੁੱਕੇ ਹਨ ਅਤੇ ਇਸ ਬਿਮਾਰੀ ’ਤੇ ਨਿਜਾਤ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਸਥਾਨਕ ਗੁਰਦੁਆਰਾ ਸ੍ਰੀ ਪ੍ਰਗਟ ਸਰ ਸਾਹਿਬ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਕੋਰੋਨਾ ਸਬੰਧੀ ਲਗਵਾਏ ਗਏ ਕੈਂਪਾਂ ਦਾ ਦੌਰਾ ਵੀ ਕੀਤਾ ਗਿਆ। ਅੱਜ ਇਨ੍ਹਾਂ ਕੈਂਪਾਂ ’ਚ ਗੁਰਦੁਆਰਾ ਸ੍ਰੀ ਪ੍ਰਗਟ ਸਰ ਸਾਹਿਬ ਵਿਖੇ 50 ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ 77 ਵਿਅਕਤੀਆਂ ਨੇ ਸੈਂਪਲ ਦਿੱਤੇ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਟੈਸਟ ਕਰਵਾਉਣ ਵਾਲੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ ਅਤੇ ਕਿਹਾ ਕਿ ਕੋਰੋਨਾ ਸਬੰਧੀ ਟੈਸਟ ਬਹੁਤ ਹੀ ਸੁਖਾਲਾ ਹੁੰਦਾ ਹੈ ਅਤੇ ਇਸ ਨਾਲ ਟੈਸਟ ਕਰਵਾਉਣ ਵਾਲੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਡਿਪਟੀ ਕਮਿਸ਼ਨਰ ਵੱਲੋਂ ਕੈਂਪ ’ਚ ਪਹੁੰਚੇ ਲੋਕਾਂ ਨੂੰ ਕਿਹਾ ਕਿ ਉਹ ਹੋਰਨਾਂ ਲੋਕਾਂ ਨੂੰ ਵੀ ਕੋਰੋਨਾ ਸਬੰਧੀ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਕੋਰੋਨਾ ਸਬੰਧੀ ਟੈਸਟਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਜ਼ਿਲ੍ਹੇ ’ਚ ਹੋਰ ਸਥਾਨਾਂ ’ਤੇ ਵੀ ਅਜਿਹੇ ਕੈਂਪ ਹੋਰ ਲਗਾਏ ਜਾਣਗੇ ਤਾਂ ਜੋ ਅਸੀਂ ਟੈਸਟਿੰਗ ਦੀ ਗਿਣਤੀ ’ਚ ਹੋਰ ਵਾਧਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਧਾਰਮਿਕ ਆਗੂ, ਸਮਾਜ-ਸੇਵੀ ਸੰਸਥਾਂਵਾਂ, ਯੂਥ ਕਲੱਬ, ਜੀਓਜੀ ਆਦਿ ਵੀ ਇਸ ਮੁਹਿੰਮ ’ਚ ਚੰਗੀ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਸਿਹਤ ਵਿਭਾਗ ਵੱਲੋਂ ਕੋਰੋਨਾ ਟੈਸਟ ਸਬੰਧੀ ਇੱਕ ਕੰਟਰੋਲ ਰੂਮ ਨੰਬਰ ਵੀ ਸਥਾਪਿਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਦੇ ਸੰਪਰਕ ਨੰਬਰ 01679-234777 ’ਤੇ ਰਾਬਤਾ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਖੰਘ, ਜ਼ੁਕਾਮ, ਬੁਖ਼ਾਰ ਆਦਿ ਦੇ ਲੱਛਣ ਹੋਣ ਤਾਂ ਤੁਰੰਤ ਆਪਣੇ ਨਜ਼ਦੀਕੀ ਦੇ ਹਸਪਤਾਲ ’ਚ ਜਾ ਕੇ ਆਪਣੇ ਟੈਸਟ ਕਰਵਾਏ ਜਾਣ। ਸਮੇਂ-ਸਿਰ ਟੈਸਟਿੰਗ ਕਰਵਾਉਣ ’ਤੇ ਇਸ ਕੋਰੋਨਾ ਦੀ ਬਿਮਾਰੀ ਨੂੰ ਅੱਗੇ ਫ਼ੈਲਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਟੈਸਟ ਕਰਵਾਉਣ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਹ ਆਪਣੇ ਘਰ ’ਚ ਹੀ ਇਕਾਂਤਵਾਸ ਹੋ ਕੇ ਆਪਣਾ ਇਲਾਜ਼ ਕਰਵਾ ਸਕਦਾ ਹੈ। ਸਮੇਂ-ਸਿਰ ਟੈਸਟਿੰਗ ਕਰਵਾਉਣ ਨਾਲ ਜਿੱਥੇ ਅਸੀਂ ਆਪਣੇ-ਆਪ ਨੂੰ ਬਚਾ ਸਕਦੇ ਹਾਂ, ਉਥੇ ਹੀ ਅਸੀਂ ਆਪਣੇ ਪਰਿਵਾਰ, ਆਂਢ-ਗੁਆਂਢ, ਗਲੀ/ਮਹੱਲੇ, ਰਿਸਤੇਦਾਰਾਂ ਆਦਿ ’ਚ ਵੀ ਇਸ ਬਿਮਾਰੀ ਦੇ ਫ਼ੈਲਾਅ ਨੂੰ ਮਾਤ ਦੇ ਕੇ ਸਕਦੇ ਹਾਂ।