Thursday, May 09, 2024
BREAKING NEWS
ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂਸਿਸੋਦੀਆਂ ਦੀ ਜ਼ਮਾਨਤ ਪਟੀਸ਼ਨ ’ਤੇ 13 ਮਈ ਨੂੰ ਸੁਣਵਾਈ ਹੋਵੇਗੀਭਾਰਤੀਆਂ ਨੂੰ ਰੂਸ ਯੂਕਰੇਨ ਜੰਗ ’ਚ ਭੇਜਣ ਵਾਲੇ 4 ਦੋਸ਼ੀ ਗ੍ਰਿਫ਼ਤਾਰਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾਨ, ਭਰਾ-ਭਾਬੀ ‘ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਕਾਂਗਰਸ ਨੂੰ ਝਟਕਾ, ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

Articles

ਬੱਚੇ ਦੇ ਸਰਵਪੱਖੀ ਵਿਕਾਸ ਦਾ ਆਧਾਰ ਹੈ : ਬਾਲ-ਸਭਾ

January 10, 2024 02:50 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
' ਬਾਲ - ਸਭਾ ' ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਬੱਚਿਆਂ ਦਾ ਇਕੱਠ ਜਾਂ ਬੱਚਿਆਂ ਦੀ ਸਭਾ। ਬਾਲ - ਸਭਾ ਅਕਸਰ ਸਰਕਾਰੀ ਸਕੂਲਾਂ ਵਿੱਚ ਹਰ ਸ਼ਨੀਵਾਰ ਬਾਅਦ ਦੁਪਹਿਰ ਕਰਵਾਈ ਜਾਂਦੀ ਹੈ। ਜਿਵੇਂ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਹੋਰ ਗਤੀਵਿਧੀਆਂ , ਪੜ੍ਹਾਈ , ਖੇਡਾਂ ਆਦਿ ਵਿਦਿਆਰਥੀ ਦਾ ਹਰਸੰਭਵ ਵਿਕਾਸ ਕਰਦੀਆਂ ਹਨ ; ਬਿਲਕੁਲ ਉਸੇ ਤਰ੍ਹਾਂ ਬਾਲ - ਸਭਾ ਵੀ ਬੱਚੇ ਦੇ ਸਰਬਪੱਖੀ ਵਿਕਾਸ ਨੂੰ ਨੇਪਰੇ ਚਾੜ੍ਹਨ ਲਈ ਅਹਿਮ ਰੋਲ ਅਦਾ ਕਰਦੀ ਹੈ। ਬਾਲ - ਸਭਾ ਵਿੱਚ ਵਿਦਿਆਰਥੀ ਕਵਿਤਾਵਾਂ , ਗੀਤ - ਸੰਗੀਤ , ਚੁਟਕੁਲੇ , ਬਾਲ - ਕਹਾਣੀਆਂ , ਘਟਨਾਵਾਂ , ਆਪਬੀਤੀ ਗੱਲ , ਤਰ੍ਹਾਂ - ਤਰ੍ਹਾਂ ਦੀਆਂ ਕਹਾਣੀਆਂ ਆਦਿ ਸੁਣ ਕੇ ਤੇ ਸੁਣਾ ਕੇ , ਨਾਟਕ , ਭੰਗੜੇ , ਗਿੱਧੇ ਆਦਿ ਦੀ ਪੇਸ਼ਕਾਰੀ ਕਰਕੇ ਅਤੇ ਹੋਰ ਕਿਰਿਆਵਾਂ ਕਰਕੇ , ਦੇਖ ਕੇ , ਸੁਣ ਕੇ ਅਤੇ ਅਨੁਭਵ ਕਰਕੇ ਵਿਦਿਆਰਥੀ ਨਵੇਂ - ਨਰੋਏ ਗਿਆਨ ਤੋਂ ਜਾਣੂੰ ਤਾਂ ਹੁੰਦੇ ਹੀ ਹਨ ; ਨਾਲ ਹੀ ਉਹਨਾਂ ਅੰਦਰਲੀ ਕਲਪਨਾ ਦੀ ਉਡਾਰੀ ਵੀ ਖੰਭ ਲਾ ਕੇ ਉਡਾਨ ਭਰ ਲੈਂਦੀ ਹੈ , ਜੋ ਕਿ ਬੱਚਿਆਂ ਲਈ ਜੀਵਨ ਵਿੱਚ ਆਸਵੰਦ ਹੋਣ ਅਤੇ ਸਫਲ ਹੋਣ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਉਹਨਾਂ ਦੇ ਅੰਦਰ ਕਰਦੀ ਹੈ। ਇਸ ਦੇ ਨਾਲ - ਨਾਲ ਬਾਲ - ਸਭਾ ਦਾ ਸਕੂਲ ਵਿਦਿਆਰਥੀਆਂ ਨੂੰ ਸਭ ਤੋਂ ਵੱਡਾ ਲਾਭ ਜੋ ਹਾਸਲ ਹੁੰਦਾ ਹੈ ਉਹ ਹੈ : ਆਤਮ - ਵਿਸ਼ਵਾਸ ਨਾਲ ਸਵੈ - ਪ੍ਰਗਟਾਵੇ ਦੇ ਗੁਣ ਦਾ ਵਿਕਾਸ ਹੋਣਾ। ਬੱਚੇ ਅੰਦਰ ਰੰਗਮੰਚ /ਸਟੇਜ 'ਤੇ ਜਾਂ ਸਮਾਜ ਵਿੱਚ ਆਪਣੇ ਵਿਚਾਰ ਬੋਲ ਕੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਪ੍ਰਪੱਕਤਾ ਪੈਦਾ ਹੋ ਜਾਂਦੀ ਹੈ। ਬਾਲ - ਸਭਾ ਵਿੱਚ ਭਾਗੀਦਾਰੀ ਨਾਲ ਜਿੱਥੇ ਵਿਦਿਆਰਥੀਆਂ ਦੀ ਆਪਸੀ ਸਾਂਝ ਮਜਬੂਤ ਹੁੰਦੀ ਹੈ , ਉੱਥੇ ਹੀ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ ਅਤੇ ਇਹਨਾਂ ਵਿੱਚ ਅਜੋਕੇ ਸਮੇਂ ਦੀ ਜਰੂਰਤ ਅਨੁਸਾਰ ਦੋਸਤਾਨਾ ਮਾਹੌਲ ਵੀ ਸੁੱਤੇ - ਸਿੱਧ ਹੀ ਸੁਰਜੀਤ ਹੋ ਜਾਂਦਾ ਹੈ। ਬਾਲ - ਸਭਾ ਦੀਆਂ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅੰਦਰ ਆਪਣੇ ਵਿਰਸੇ , ਸੱਭਿਆਚਾਰ ਆਦਿ ਵਿਸ਼ਿਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਅਧਿਆਪਕਾਂ ਨੂੰ ਵੀ ਬਾਲ - ਸਭਾ ਵਿੱਚ ਬੱਚਿਆਂ ਵਾਂਗ ਆਪਣੀ ਭਾਗੀਦਾਰੀ ਕਿਸੇ ਨਾ ਕਿਸੇ ਰੂਪ ਵਿੱਚ ਤੇ ਕਿਸੇ ਪੇਸ਼ਕਾਰੀ ਰਾਹੀਂ ਜਰੂਰ ਦਰਜ ਕਰਵਾਉਂਦੇ ਰਹਿਣਾ ਚਾਹੀਦਾ ਹੈ। ਬਾਲ - ਸਭਾ ਇੱਕ - ਦੂਸਰੇ ਲਈ ਜਾਣਕਾਰੀ ਮੁਹੱਈਆ ਕਰਵਾਉਣ ਦਾ ਇੱਕ ਨਵਾਂ ਜਰੀਆ ਵੀ ਬਣਦੀ ਹੈ। ਬਾਲ - ਸਭਾ ਦੇ ਦੌਰਾਨ ਅਧਿਆਪਕ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ - ਤਜਰਬੇ , ਨੈਤਿਕ ਸਿੱਖਿਆ ਦੀਆਂ ਗੱਲਾਂ ਅਤੇ ਜੀਵਨ ਵਿੱਚ ਕੰਮ ਆਉਣ ਵਾਲੀਆਂ ਜੀਵਨਦਾਇਕ ਗੱਲਾਂ ਆਪਣੇ ਵਿਦਿਆਰਥੀਆਂ ਨਾਲ ਜਰੂਰ ਹੀ ਸਾਂਝੀਆਂ ਕਰੇ। ਬਾਲ - ਸਭਾ ਵਿਸ਼ੇ ਜਾਂ ਪੜ੍ਹਾਈ ਤੋਂ ਬਾਹਰਲੀ ਦੁਨੀਆ ਬਾਰੇ ਵਿਦਿਆਰਥੀਆਂ ਨੂੰ ਜਿੱਥੇ ਹਕੀਕੀ ਜੀਵਨ ਲਈ ਤਿਆਰ ਕਰਦੀ ਹੈ , ਉੱਥੇ ਹੀ ਸਵੈ - ਪ੍ਰਗਟਾਵੇ ਦੀ ਹਿੰਮਤ , ਅਭਿਆਸ ਤੇ ਆਦਤ ਪਾ ਕੇ ਜਮਾਤ ਦੇ ਨੀਰਸਤਾ ਭਰੇ ਮਾਹੌਲ ਨੂੰ ਵੀ ਖਤਮ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀ ਹੈ ; ਜੋ ਕਿ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ। ਜੇਕਰ ਅਧਿਆਪਕ ਆਪਣੇ ਪੱਧਰ 'ਤੇ ਬਾਲ - ਸਭਾ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ , ਪ੍ਰਸ਼ੰਸਾ ਅਤੇ ਹੋਰ ਉਪਰਾਲੇ ਕਰੇ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ। ਭਾਵੇਂ ਕਿ ਵੱਖ - ਵੱਖ ਤਰ੍ਹਾਂ ਦੀ ਤਕਨੀਕ ਨੇ ਵੀ ਅੱਜ ਸਕੂਲਾਂ ਅੰਦਰ ਤਰੱਕੀ ਕਰ ਲਈ ਹੈ , ਪਰ ਹਫਤਾਵਾਰੀ ਬਾਲ - ਸਭਾ ਦੀ ਅਹਿਮੀਅਤ ਅੱਜ ਵੀ ਘੱਟ ਨਹੀਂ ਹੋਈ ਤੇ ਬਾਲ - ਸਭਾ ਨੂੰ ਅੱਖੋਂ - ਪਰੋਖੇ ਨਹੀਂ ਕੀਤਾ ਜਾ ਸਕਦਾ। ਬਾਲ - ਸਭਾ ਨੂੰ ਕਦੇ ਵੀ ਸਮੇਂ ਦੀ ਵਿਅਰਥਤਾ ਨਹੀਂ ਸਮਝਣਾ ਚਾਹੀਦਾ। ਬਾਲ - ਸਭਾ ਬੱਚੇ ਦੇ ਸਰਬਪੱਖੀ ਵਿਕਾਸ ਦਾ ਆਧਾਰ ਹੈ। ਇਹ ਵਿਦਿਆਰਥੀਆਂ ਦੇ ਅੰਦਰ ਛੁਪੀਆਂ ਹੋਈਆਂ ਕੋਮਲ - ਕਲਾਵਾਂ , ਵਿਚਾਰਾਂ , ਵਿਸ਼ਿਆਂ , ਰੁਚੀਆਂ ,  ਧਾਰਨਾਵਾਂ ਨੂੰ ਬਾਹਰ ਕੱਢਣ ਲਈ ਯੋਗ ਉਪਰਾਲੇ ਕਰਕੇ ਅਹਿਮ ਰੋਲ ਅਦਾ ਕਰਦੀ ਹੈ। ਬਾਲ - ਸਭਾ ਦੇ ਦੌਰਾਨ ਵਿਦਿਆਰਥੀ ਖੁੱਲੇ ਮਾਹੌਲ ਦਾ ਅਨੁਭਵ ਕਰਦੇ ਹਨ , ਜਿਸ ਨਾਲ ਅਧਿਆਪਕ ਨੂੰ ਉਹਨਾਂ ਨੂੰ ਸਮਝਣ ਲਈ ਨਵਾਂ ਮੌਕਾ ਵੀ ਮਿਲਦਾ ਹੈ। ਸੱਚਮੁੱਚ ਬਾਲ - ਸਭਾ ਵਿਦਿਆਰਥੀਆਂ ਅੰਦਰ ਚੰਗੀਆਂ ਆਦਤਾਂ ਦੇ ਨਾਲ - ਨਾਲ ਨੈਤਿਕਤਾ ਦਾ ਵਿਕਾਸ ਤਾਂ ਕਰਦੀ ਹੈ , ਇਸਦੇ ਨਾਲ ਹੀ ਇਹ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵੀ ਮੂਲ ਆਧਾਰ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਹਫਤਾਵਾਰੀ ਬਾਲ - ਸਭਾ ਦੇ ਸੰਬੰਧ ਵਿੱਚ ਸਕੂਲ ਦੇ ਵਿਦਿਆਰਥੀਆਂ ਅੰਦਰ ਇੱਕ ਵੱਖਰਾ ਚਾਅ - ਮਲਾਰ , ਉਮੰਗ , ਉਤਸਾਹ , ਦਿਲਚਸਪੀ ਤੇ ਰੁਚੀ ਦੇਖਣ ਨੂੰ ਮਿਲਦੀ ਹੈ ਅਤੇ ਵਿਦਿਆਰਥੀ ਹਫਤਾਵਾਰੀ ਬਾਲ - ਸਭਾ ਦੀ ਉਡੀਕ ਬਹੁਤ ਬੇਸਬਰੀ ਨਾਲ ਕਰਦੇ ਹਨ। ਮੈਨੂੰ ਖੁਦ ਦੇ ਵਿਦਿਆਰਥੀ - ਜੀਵਨ ਦੇ ਉਹ ਦਿਨ ਵੀ ਯਾਦ ਹਨ ਜਦੋਂ ਸਾਡੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਸਕੂਲਾਂ ਵਿੱਚ ਬਾਲ - ਸਭਾ ਕਰਵਾਉਂਦੇ ਹੁੰਦੇ ਸੀ ਤੇ ਅਸੀਂ ਵੀ ਬਾਲ - ਸਭਾ ਦੀ ਬਹੁਤ ਬੇਸਬਰੀ ਨਾਲ ਉਡੀਕ ਕਰਦੇ ਸੀ ਤੇ ਖੁਸ਼ੀ - ਖੁਸ਼ੀ ਸਾਰੇ ਬੱਚੇ ਬਾਲ - ਸਭਾ ਵਿੱਚ ਭਾਗ ਲੈਂਦੇ ਸਨ ਅਤੇ ਸਾਡੇ ਅਧਿਆਪਕ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲ਼ੇ ਅਤੇ ਸਵਰਗਵਾਸੀ ਸ੍ਰੀ ਧਨਵੰਤ ਸਿੰਘ  ਰਾਣਾ ਜੀ ਮੀਆਂਪੁਰ ਵਾਲ਼ੇ ਸਾਨੂੰ ਬਾਲ - ਕਹਾਣੀਆਂ , ਰਾਜਾ - ਰਾਣੀ ਦੀਆਂ ਕਹਾਣੀਆਂ , ਪੰਛੀਆਂ ਤੇ ਜਨੌਰਾਂ ਦੀਆਂ ਕਹਾਣੀਆਂ , ਪਰੀ ਕਹਾਣੀਆਂ ਤੇ ਨਾਨਾ - ਨਾਨੀ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤੇ ਅਸੀਂ ਵੀ ਕਿਤੇ ਨਾ ਕਿਤੇ ਬਾਲ - ਸਭਾ ਦੇ ਦੌਰਾਨ ਕਲਪਨਾ ਦੀ ਉਡਾਰੀ ਦੇ ਖੰਭ ਲਾ ਕੇ ਉੱਡ ਜਾਂਦੇ ਹੁੰਦੇ ਸੀ। ਸੱਚਮੁੱਚ ! ਅੱਜ ਵੀ ਬਾਲ - ਸਭਾ ਦੀ ਸਾਰਥਕਤਾ ਤੇ ਮਹੱਤਤਾ ਕਿਸੇ ਪੱਖੋਂ ਵੀ ਘੱਟ ਨਹੀਂ ਹੋਈ ਹੈ।
 
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 
 
 
 

Have something to say? Post your comment