ਪਟਿਆਲਾ :- "ਵਰਲਡ ਟਾਇਲਟ ਡੇਅ" ਮੌਕੇ ਅੱਜ ਹਾਰਪਿਕ ਇੰਡੀਆ ਵੱਲੋਂ ਨਗਰ ਨਿਗਮ ਪਟਿਆਲਾ ਨਾਲ ਮਿਲ ਕੇ ਸਿਵਲ ਲਾਈਨਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ "ਸਵੱਛਤਾ ਚੈਂਪੀਅਨ" ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਧੀਆ ਕੰਮ ਕਰ ਰਹੇ ਸਫ਼ਾਈ ਸੇਵਕਾਂ ਦਾ ਸਨਮਾਨ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਹਾਰਪਿਕ ਇੰਡੀਆ ਦੇ ਮੁੱਖ ਕੋਆਰਡੀਨੇਟਰ ਸ੍ਰੀ ਰਾਸ਼ਿਦ ਅੰਸਾਰੀ ਵੱਲੋਂ ਜਿੱਥੇ ਸਫ਼ਾਈ ਸੇਵਕਾਂ ਨੂੰ ਸਮਰੱਥਾ ਵਧਾਊ ਟ੍ਰੇਨਿੰਗ ਦਿੱਤੀ ਗਈ, ਉੱਥੇ ਹੀ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਨਵੀਂਆਂ ਤਕਨੀਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਸ੍ਰੀ ਜਗਤਾਰ ਸਿੰਘ, ਸੈਨੇਟਰੀ ਇੰਸਪੈਕਟਰ ਨੇ ਸਮੂਹ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਦੇ ਸਫ਼ਾਈ ਵਿੱਚ ਬਿਹਤਰੀਨ ਯੋਗਦਾਨ ਲਈ ਵਧਾਈ ਦਿੱਤੀ।

ਸ੍ਰੀ ਜਵਾਲਾ ਸਿੰਘ (ਕਮਿਊਨਿਟੀ ਫੈਸੀਲੀਟੇਟਰ) ਅਤੇ ਸ੍ਰੀ ਮਨਦੀਪ ਸਿੰਘ (ਕਮਿਊਨਿਟੀ ਫੈਸੀਲੀਟੇਟਰ) ਵੱਲੋਂ ਦੱਸਿਆ ਗਿਆ ਕਿ ਸਫ਼ਾਈ ਸੇਵਕਾਂ ਦਾ ਸ਼ਹਿਰ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ ਕਿਉਂਕਿ ਬਿਨਾਂ ਸਫ਼ਾਈ ਦੇ ਕਿਸੇ ਸ਼ਹਿਰ ਦਾ ਸੁਚੱਜਾ ਕੰਮਕਾਜ ਸੰਭਵ ਨਹੀਂ ਹੈ। ਇਸ ਮੌਕੇ ਸ੍ਰੀ ਅਮਨਦੀਪ ਸੇਖੋਂ (ਆਈ.ਈ.ਸੀ ਐਕਸਪਰਟ) ਨੇ ਕਿਹਾ ਕਿ ਹਰੇਕ ਦੇਸ਼ ਨੂੰ ਸਾਫ਼ ਰੱਖਣਾ ਹਰੇਕ ਨਾਗਰਿਕ ਦਾ ਫ਼ਰਜ਼ ਹੈ ਅਤੇ ਇਸ ਲਈ ਘਰ ਦੇ ਕੂੜੇ ਨੂੰ ਦੋ ਭਾਗਾਂ (ਗਿੱਲਾ ਅਤੇ ਸੁੱਕਾ) ਵਿੱਚ ਵੰਡ ਕੇ ਦੇਣਾ ਬੇਹੱਦ ਜ਼ਰੂਰੀ ਹੈ। ਸਨਮਾਨ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ ਚਰਨਜੀਤ ਸਿੰਘ, ਸੰਜੂ ਕੁਮਾਰੀ, ਮੀਨੂ ਪੰਮਾਂ, ਕੁਲਵਿੰਦਰ ਸਿੰਘ, ਗੁਰਤੇਜ ਸਿੰਘ, ਜਸਵੀਰ ਸਿੰਘ, ਰਬਿੰਦਰ ਸਿੰਘ, ਮਨਿੰਦਰ ਸਿੰਘ ਅਤੇ ਜਰਨੈਲ ਸਿੰਘ ਸ਼ਾਮਲ ਸਨ।
ਸ੍ਰੀ ਮਨਦੀਪ ਸਿੰਘ ਵੱਲੋਂ ਪ੍ਰੋਗਰਾਮ ਵਿੱਚ ਮੌਜੂਦ ਸਮੁੱਚੇ ਲੋਕਾਂ ਨੂੰ ਸਫ਼ਾਈ ਰੱਖਣ ਲਈ ਸਹੁੰ ਚੁਕਾਈ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀਮਤੀ ਵਰਿੰਦਰ ਬਾਤਿਸ਼, ਪ੍ਰਿੰਸੀਪਲ ਸਿਵਲ ਲਾਈਨਜ਼ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਫ਼ਾਈ ਕਰਮਚਾਰੀਆਂ, ਨਗਰ ਨਿਗਮ ਪਟਿਆਲਾ ਟੀਮ, ਸਕੂਲ ਸਟਾਫ਼ ਅਤੇ ਖ਼ਾਸ ਤੌਰ ਦੇ ਰਾਸ਼ਿਦ ਅੰਸਾਰੀ ਦਾ ਧੰਨਵਾਦ ਕੀਤਾ ਗਿਆ।