ਸਿੰਗਾਪੁਰ ਦੇ ਇਕ ਸਪੋਰਟਸ ਸਕੂਲ ਵਿਚ ਪਿਛਲੇ ਹਫ਼ਤੇ ਫਿਟਨੈਸ ਟੈਸਟ ਤੋਂ ਬਾਅਦ ਬੀਮਾਰ ਪੈ ਗਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਸਕੂਲ ਨੇ ਕਿਹਾ ਕਿ ਉਸ ਨੇ 14 ਸਾਲਾ ਵਿਦਿਆਰਥੀ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਪ੍ਰਣਬ ਮਧਾਈਕ 5 ਅਕਤੂਬਰ ਨੂੰ 400 ਮੀਟਰ ਫਿਟਨੈੱਸ ਟੈਸਟ ਤੋਂ ਬਾਅਦ ਬੀਮਾਰ ਹੋ ਗਿਆ ਸੀ। ਖ਼ਬਰਾਂ ਮੁਤਾਬਕ ਪ੍ਰਣਵ ਸਿੰਗਾਪੁਰ ਬੈਡਮਿੰਟਨ ਐਸੋਸੀਏਸ਼ਨ (SBA) ਦੇ ਰਾਸ਼ਟਰੀ ਇੰਟਰਮੀਡੀਏਟ ਗਰੁੱਪ ਦਾ ਹਿੱਸਾ ਸੀ।
ਪ੍ਰਣਵ ਨੂੰ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਵਿਦਿਆਰਥੀ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ ਨੂੰ ਕੀਤਾ ਗਿਆ। ਸੀਐਨਏ ਨੇ ਸਿੰਗਾਪੁਰ ਸਪੋਰਟਸ ਸਕੂਲ ਦੇ ਹਵਾਲੇ ਨਾਲ ਬੁੱਧਵਾਰ ਨੂੰ ਕਿਹਾ,"ਅਸੀਂ ਪੂਰੀ ਜਾਂਚ ਕਰਾਂਗੇ ਅਤੇ ਆਪਣੇ ਸੁਰੱਖਿਆ ਉਪਾਵਾਂ ਦੀ ਸਮੀਖਿਆ ਕਰਾਂਗੇ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਹਰ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ।'' ਰਿਪੋਰਟ ਅਨੁਸਾਰ ਸਕੂਲ ਨੇ ਕਿਹਾ, ''ਕਿਉਂਕਿ ਜਾਂਚ ਚੱਲ ਰਹੀ ਹੈ, ਅਸੀਂ ਇਸ ਸਮੇਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਾਂਗੇ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਦੇ ਹੋਏ ਜਨਤਕ ਸਮਰਥਨ ਦੀ ਮੰਗ ਕਰਦੇ ਹਾਂ।''