ਪਿਊਸ਼ ਗੋਇਲ ਨੇ ਰਾਜ ਸਭਾ ’ਚ ਭਾਰਤ ਦੇ ਗਗਨਯਾਨ ਮਿਸ਼ਨ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਚੰਦਰਯਾਨ ਮਿਸ਼ਨ ਤੋਂ ਬਾਅਦ ਹੁਣ ਭਾਰਤ ਗਗਨਯਾਨ ਮਿਸ਼ਨ ਦੀ ਤਿਆਰੀ ਕਰ ਰਿਹਾ ਹੈ। ਪਿਊਸ਼ ਗੋਇਲ ਨੇ ਕਿਹਾ ਕਿ ਗਗਨਯਾਨ ਮਿਸ਼ਨ ਆਉਣ ਵਾਲੇ ਸਾਲ 2024 ਲਈ ਪਲਾਨ ਕੀਤਾ ਗਿਆ ਹੈ। ਇਸ ਦੌਰਾਨ ਪਿਊਸ਼ ਗੋਇਲ ਨੇ ਰਾਜ ਸਭਾ ’ਚ ਚੰਦਰਯਾਨ-3, ਆਦਿਤਿਆ ਐੱਲ-1 ਮਿਸ਼ਨ, ਪੁਲਾੜ ਮਿਸ਼ਨ ’ਚ ਵਰਤੀ ਜਾ ਰਹੀ ਸਵਦੇਸ਼ੀ ਤਕਨੀਕ ਅਤੇ ਇਸਰੋ ਦੇ ਵਿਗਿਆਨੀਆਂ ਅਤੇ ਗਤੀਵਿਧੀਆਂ ਦਾ ਜ਼ਿਕਰ ਕੀਤਾ।
ਇਸ ’ਤੇ ਜਵਾਬ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਦਿੱਤਾ। ਜੈਰਾਮ ਨੇ ਸਭ ਤੋਂ ਪਹਿਲਾਂ ਚੰਦਰਯਾਨ-3 ਦੀ ਸਾਫਟ ਲੈਂਡਿੰਗ ਲਈ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਪ੍ਰਚਾਰ ਕਰ ਰਹੀ ਹੈ ਜਿਵੇਂ ਇਹ ਪ੍ਰਾਪਤੀਆਂ 2014 ਤੋਂ ਬਾਅਦ ਹੀ ਸ਼ੁਰੂ ਹੋਈਆਂ ਹੋਣ ਅਤੇ ਇਸ ਦੇ ਸੂਤਰਧਾਰ ਸਿਰਫ ਪ੍ਰਧਾਨ ਮੰਤਰੀ ਮੋਦੀ ਹਨ।
ਜੈਰਾਮ ਨੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਵਿਕਰਮ ਸਾਰਾਭਾਈ ਨਾਲ ਸਹਿਯੋਗ ਦੀ ਗੱਲ ਕਹੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਪੁਲਾੜ ਖੋਜ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ। ਉਨ੍ਹਾਂ 1963 ’ਚ ਕਰਵਾਏ ਗਏ ਪਹਿਲੇ ਟੈਸਟ ਦਾ ਵੀ ਜ਼ਿਕਰ ਕੀਤਾ। ਜੈਰਾਮ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਪੂਰੀ ਤਰ੍ਹਾਂ ਇਸਰੋ ਅਤੇ ਵਿਗਿਆਨੀਆਂ ਦੇ ਨਾਲ ਖੜ੍ਹੀਆਂ ਰਹੀਆਂ ਹਨ।